Breaking News
Home / ਕੈਨੇਡਾ / ਸੀਨੀਅਰ ਸਿਟੀਜ਼ਨਾਂ ਦੀਆਂ ਮੰਗਾਂ ਪ੍ਰਤੀ ਮੰਤਰੀ ਕਮਲ ਖਹਿਰਾ ਦਾ ਹਾਂ-ਪੱਖੀ ਹੁੰਗਾਰਾ

ਸੀਨੀਅਰ ਸਿਟੀਜ਼ਨਾਂ ਦੀਆਂ ਮੰਗਾਂ ਪ੍ਰਤੀ ਮੰਤਰੀ ਕਮਲ ਖਹਿਰਾ ਦਾ ਹਾਂ-ਪੱਖੀ ਹੁੰਗਾਰਾ

ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੇ ਵਫ਼ਦ ਨੇ ਕਮਲ ਖਹਿਰਾ ਨਾਲ ਕੀਤੀ ਮੁਲਾਕਾਤ
ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਬੀਤੇ ਦਿਨੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦਾ ਵਫ਼ਦ ਪ੍ਰਧਾਨ ਹਰਦਿਆਲ ਸਿੰਘ ਸੰਧੂ ਅਤੇ ਕਾਰਜਕਾਰਨੀ ਦੇ ਮੈਂਬਰਾਂ ਜੰਗੀਰ ਸਿੰਘ ਸੈਂਹਬੀ ਤੇ ਕਰਤਾਰ ਸਿੰਘ ਚਾਹਲ ਸਮੇਤ ਫ਼ੈੱਡਰਲ ਸਰਕਾਰ ਦੇ ਸੀਨੀਅਰਜ਼ ਲਈ ਮੰਤਰੀ ਕਮਲ ਖਹਿਰਾ ਨੂੰ ਉਨ੍ਹਾਂ ਦੇ ਬਰੈਂਪਟਨ ਵਿਚਲੇ ਦਫ਼ਤਰ ਵਿਚ ਮਿਲਿਆ। ਮੀਟਿੰਗ ਸਦਭਾਵਨਾ ਭਰੇ ਪਰਿਵਾਰਿਕ ਮਾਹੌਲ ਵਿਚ ਹੋਈ। ਇਸ ਵਿਚ ਵਫ਼ਦ ਵੱਲੋਂ ਉਠਾਈਆਂ ਗਈਆਂ ਸੀਨੀਅਰਜ਼ ਦੀਆਂ ਮੰਗਾਂ ਨੂੰ ਕਮਲ ਖਹਿਰਾ ਨੇ ਬੜੇ ਧਿਆਨ ਨਾਲ ਸੁਣਿਆ ਅਤੇ ਮੰਗਾਂ ਦੀ ਪੂਰਤੀ ਲਈ ਉਨ੍ਹਾਂ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ।
ਮੀਟਿੰਗ ਦੀ ਸ਼ੁਰੂਆਤ ਕਲੱਬ ਦੇ ਵਫ਼ਦ ਵੱਲੋਂ ਬੀਬੀ ਕਮਲ ਖਹਿਰਾ ਨੂੰ ਮੰਤਰੀ ਬਣਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਨੂੰ ਮੰਤਰੀ ਬਨਾਉਣ ਲਈ ਵਧਾਈ ਨਾਲ ਹੋਈ। ਉਪਰੰਤ, ਵਫ਼ਦ ਵੱਲੋਂ ਉਨ੍ਹਾਂ ਨਾਲ ਵਿਚਾਰੀਆਂ ਗਈਆਂ ਮੰਗਾਂ ਵਿਚ ਸ਼ਾਮਲ ਇਮੀਗ੍ਰੇਸ਼ਨ ਲਈ ਲਾਟਰੀ ਸਿਸਟਮ ਵਿਚ ਕਮੀਆਂ-ਪੇਸ਼ੀਆਂ ਦੂਰ ਕਰਨ, ਬਜ਼ੁਰਗਾਂ ਦੀ ਪੈੱਨਸ਼ਨ ਵਧਾਉਣ, ਸਸਤੇ ਘਰਾਂ ਦੀ ਲੋੜ, ਆਦਿ ਮੰਨਣ ਲਈ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ ਗਿਆ। ਕਮਲ ਖਹਿਰਾ ਨੇ ਦੱਸਿਆ ਕਿ ਸਸਤੇ ਘਰਾਂ ਦੀ ਘਾਟ ਦੂਰ ਕਰਨ ਲਈ ਅਮਲ ਆਰੰਭ ਹੋ ਗਿਆ ਹੈ ਅਤੇ ਇਨ੍ਹਾਂ ਦੀ ਅਲਾਟਮੈਂਟ ਦਾ ਕੰਮ ਵੀ ਜਲਦੀ ਆਰੰਭ ਹੋ ਜਾਏਗਾ। 75 ਸਾਲ ਤੋਂ ਉੱਪਰਲੇ ਸੀਨੀਅਰਾਂ ਦੀ ਵਧੀ ਹੋਈ ਪੈੱਨਸ਼ਨ ਵਾਂਗ 65 ਸਾਲ ਤੋਂ ਉੱਪਰਲੇ ਸੀਨੀਅਰਾਂ ਲਈ ਸਿੰਗਲਜ਼ ਅਤੇ ਦੰਪਤੀ ਲਈ ਇਹ ਰਕਮ 500 ਤੇ 750 ਡਾਲਰ ਕਰਨ ਲਈ ਅਗਲੇ ਸਾਲ ਦੇ ਬੱਜਟ ਵਿਚ ਲੋੜੀਂਦੀ ਰਾਸ਼ੀ ਰੱਖੀ ਜਾਏਗੀ ਅਤੇ ਜੂਨ 2022 ਤੋਂ ਇਹ ਵਾਧਾ ਹੋ ਜਾਏਗਾ।
ਮੁਲਾਕਾਤ ਦੌਰਾਨ ਵਫ਼ਦ ਨੇ ਮੰਤਰੀ ਜੀ ਨੂੰ ਦੱਸਿਆ ਗਿਆ ਕਿ ਲਾਟਰੀ ਸਿਸਟਮ ਰਾਹੀਂ ਮਾਪਿਆਂ ਨੂੰ ਪੀ.ਆਰ. ਦੇਣ ਦੀ ਪ੍ਰਕਿਰਿਆ ਸਹੀ ਨਹੀਂ ਹੈ। ਇਸ ਨਾਲ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਟੈਕਸ ਬਾਕਾਇਦਾ ਭਰਨ ਵਾਲਿਆਂ ਦੇ ਮਾਪਿਆਂ ਦੇ ਕੇਸ ਰਹਿ ਜਾਂਦੇ ਹਨ ਅਤੇ ਲਾਟਰੀ ਵਿਚ ਆਉਣ ਵਾਲੇ ਸਫ਼ਲ ਹੋ ਜਾਂਦੇ ਹਨ। ਮੰਤਰੀ ਨੇ ਪਾਰਲੀਮੈਂਟ ਦੇ ਅਗਲੇ ਸੈਸ਼ਨ ਵਿਚ ਇਹ ਮਾਮਲਾ ਲਿਆਉਣ ਦੀ ਗੱਲ ਕਹੀ। ਏਸੇ ਤਰ੍ਹਾਂ ਓ.ਏ.ਐੱਸ. ਅਤੇ ਜੀ.ਆਈ.ਐੱਸ. ਵਿਚ ਵਾਧੇ ਬਾਰੇ ਵੀ ਮੰਤਰੀ ਨਾਲ ਲੰਮਾ ਵਿਚਾਰ-ਵਟਾਂਦਰਾ ਹੋਇਆ। ਜਦੋਂ ਉਨ੍ਹਾਂ ਨਾਲ ਸਿਟੀਜ਼ਨਸ਼ਿਪ ਲਈ ਦਿੱਤੀ ਜਾਣ ਵਾਲੀ 630 ਡਾਲਰ ਦੀ ਫ਼ੀਸ ਘੱਟ ਕਰਨ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਖ਼ਤਮ ਹੀ ਕਰ ਦਿੱਤੀ ਜਾਏਗੀ। 2014 ਤੋਂ ਪਹਿਲਾਂ ਵਾਂਗ ਸਪਾਂਸਰਸ਼ਿਪ ਦਾ ਸਮਾਂ 10 ਸਾਲ ਰੱਖਣ, ਸੀਨੀਅਰਜ਼ ਲਈ ਵਰਕਿੰਗ ਇਨਕਮ ਦੀ ਹੱਦ 5,000 ਡਾਲਰ ਤੋਂ ਵਧਾ ਕੇ 10,000 ਡਾਲਰ ਕਰਨ ਅਤੇ ਪੈੱਨਸ਼ਨ ਨੂੰ ਪ੍ਰਾਈਸ ਇੰਡੈਕਸ ਨਾਲ ਜੋੜਨ ਬਾਰੇ ਬੀਬੀ ਕਮਲ ਖਹਿਰਾ ਦਾ ਕਹਿਣਾ ਸੀ ਕਿ ਇਨ੍ਹਾਂ ਉੱਪਰ ਹਮਦਰਦੀ ਵਿਚਾਰ ਕੀਤਾ ਜਾਏਗਾ।
ਉਨ੍ਹਾਂ ਇਸ ਸਾਰੇ ਮਸਲੇ ਉਂਨ੍ਹਾਂ ਦੇ ਧਿਆਨ ਵਿਚ ਲਿਆਉਣ ਲਈ ਵਫ਼ਦ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …