ਸੰਸਦ ਵਿਚ ਦੂਸਰੀ ਰੀਡਿੰਗ ਦੌਰਾਨ ਸਰਬਸੰਮਤੀ ਨਾਲ ਹੋਇਆ ਬਿੱਲ ਪਾਸ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਸੰਸਦ ਵਿਚ ਪੇਸ਼ ਕੀਤੇ ਬਿੱਲ ਸੀ-237 ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਹ ਬਿੱਲ ਹਾਊਸ ਆਫ ਕਾਮਨਜ਼ ‘ਚ ਦੂਸਰੀ ਰੀਡਿੰਗ ਦੌਰਾਨ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਹੁਣ, ਅੱਗੇ ਇਹ ਬਿੱਲ ਸਟੈਂਡਿੰਗ ਕਮੇਟੀ ਆਫ ਹੈਲਥ ਨੂੰ ਰੈਫਰ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਕਿ ਐੱਮ.ਪੀ ਸਿੱਧੂ ਵੱਲੋਂ ਇਸ ਬਿੱਲ ‘ਤੇ ਪਿਛਲੇ ਸਾਲ ਤੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਤਹਿਤ ਕੈਨੇਡਾ ਵਿਚ ਡਾਇਬਟੀਜ਼ ਉਤੇ ਨੈਸ਼ਨਲ ਫਰੇਮਵਰਕ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਸ਼ੂਗਰ ਦੇ ਰੋਗੀਆਂ ਨੂੰ ਵਧੀਆ ਦੇਖਭਾਲ, ਰੋਕਥਾਮ ਅਤੇ ਇਲਾਜ ਯਕੀਨੀ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੋਨੀਆ ਸਿੱਧੂ ਡਾਇਬਟੀਜ਼ ਨੂੰ ਲੈ ਕੇ ਲਗਾਤਾਰ ਕੰਮ ਕਰਦੇ ਹਨ ਅਤੇ ਹੈੱਲਥਕੇਅਰ ਦੇ ਖੇਤਰ ਵਿਚ ਉਹ 18 ਸਾਲ ਤੋਂ ਵੱਧ ਦਾ ਤਜਰਬਾ ਰੱਖਦੇ ਹਨ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਮੋਸ਼ਨ ਐੱਮ-173 ਕੈਨੇਡਾ ਦੀ ਸੰਸਦ ‘ਚ ਬਹੁਮਤ ਨਾਲ ਪਾਸ ਹੋਇਆ ਸੀ, ਜਿਸਦੇ ਸਦਕਾ ਕੈਨੇਡਾ ਵਿਚ ਨਵੰਬਰ ਦਾ ਮਹੀਨਾ ‘ਡਾਇਬਟੀਜ਼ ਜਾਗਰੂਕਤਾ ਮਹੀਨਾ’ ਵਜੋਂ ਮਨਾਇਆ ਜਾਣ ਲੱਗਿਆ ਹੈ। 2017 ਵਿਚ ਸੋਨੀਆ ਸਿੱਧੂ ਨੇ ਕੈਨੇਡਾ ਭਰ ‘ਚ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਸੀ, ਜਿਸ ਵਿਚ ਉਹਨਾਂ ਨੇ ਸਿਹਤਮੰਦ ਜੀਵਨ-ਜਾਚ ਨੂੰ ਲੈ ਕੇ ਸਟੱਡੀ ਕੀਤੀ ਗਈ ਸੀ, ਅਤੇ ਨਤੀਜੇ ਵਜੋਂ ਕੈਨੇਡਾ ਫੂਡ ਗਾਈਡ ਵਿਚ ਲੋੜੀਂਦੇ ਬਦਲਾਅ ਕੀਤੇ ਗਏ ਸਨ। ਇਹ ਫੂਡ-ਗਾਈਡ ਪੰਜਾਬੀ ਸਮੇਤ ਕਈ ਹੋਰ ਭਾਸ਼ਾਵਾਂ ‘ਚ ਬਰੈਂਪਟਨ ਵਿਚ ਰਿਲੀਜ਼ ਕੀਤੀ ਗਈ ਸੀ।
ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਵਿੱਚ ਹਰ ਤਿੰਨ ਮਿੰਟ ਵਿੱਚ ਸ਼ੂਗਰ ਦਾ ਇੱਕ ਨਵਾਂ ਕੇਸ ਸਾਹਮਣੇ ਆਉਂਦਾ ਹੈ। ਕੈਨੇਡਾ ਵਿਚ ਹੋਈ ਇਨਸੁਲਿਨ ਦੀ ਖੋਜ ਦੀ ਇਸ ਸਾਲ 100ਵੀਂ ਵਰ੍ਹੇਗੰਢ ਹੈ ਅਤੇ ਮੈਂ ਪੂਰੀ ਤਰ੍ਹਾਂ ਆਸਵੰਦ ਹਾਂ ਕਿ ਹੁਣ ਕੈਨੇਡਾ ਡਾਇਬਟੀਜ਼ ਦਾ ਇਲਾਜ ਲੱਭਣ ‘ਚ ਵੀ ਮੋਹਰੀ ਹੋਵੇਗਾ। ਮੇਰਾ ਪ੍ਰਾਈਵੇਟ ਮੈਂਬਰ ਬਿੱਲ ਸੀ-237 ਡਾਇਬਟੀਜ਼ ਸਬੰਧੀ ਆਉਂਦੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਜਿਹੇ ਮਹੱਤਵਪੂਰਨ ਮੁੱਦਿਆਂ ਨੂੰ ਸੰਬੋਧਤ ਕਰੇਗਾ।
ਉਹਨਾਂ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਬਿਲ ਸੀ-237 ਹਾਊਸ ਆਫ ਕਾਮਨਜ਼ ਵਿੱਚ ਦੂਜੇ ਪੜਾਅ ਸਮੇਂ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਸ਼ੂਗਰ ਦੀ ਸਿੱਖਿਆ, ਖੋਜ, ਅਤੇ ਇਲਾਜ ਸਬੰਧੀ ਜੇਕਰ ਅਸੀਂ ਸਾਰੇ ਮਿਲ ਕੇ ਕੰਮ ਕਰਦੇ ਹਾਂ ਤਾਂ ਅਸੀਂ ਇਸ ਬਿਮਾਰੀ ਨੂੰ ਹਰਾ ਸਕਦੇ ਹਾਂ। ਇਸ ਬਿਲ ਨੂੰ ਲੈਕੇ ਸੰਸਦ ਮੈਂਬਰ ਸੋਨੀਆ ਸਿੱਧੂ ਨੂੰ ਕਈ ਸੰਸਥਾਵਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਜਿਵੇਂ ਕਿ ਡਾਇਬਟੀਜ਼ ਕੈਨੇਡਾ, ਜੇਡੀਆਰਐਫ ਕੈਨੇਡਾ, ਸੀ ਐਨ ਆਈ ਬੀ ਫਾਉਂਡੇਸ਼ਨ, ਪੀਲ ਦੇ ਮੈਡੀਕਲ ਅਫਸਰ ਆਫ਼ ਹੈਲਥ ਸਮੇਤ ਹੋਰ ਕਈਆਂ ਅਹਿਮ ਵਿਅਕਤੀਆਂ ਦਾ ਸਮਰਥਨ ਮਿਲ਼ਿਆ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …