Breaking News
Home / ਹਫ਼ਤਾਵਾਰੀ ਫੇਰੀ / ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦਾ ਕਾਰਾ

ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦਾ ਕਾਰਾ

ਇਤਿਹਾਸਕ ‘ਲਾਲ ਕਿਲਾ’ ਵੀ ਦੇ ਦਿੱਤਾ ਠੇਕੇ ‘ਤੇ
ਡਾਲਮੀਆ ਗਰੁੱਪ ਨੂੰ ਲਾਲ ਕਿਲਾ ਗੋਦ ਦੇਣ ‘ਤੇ ਵਿਵਾਦ, ਕਾਂਗਰਸ ਦੀ ਟਿੱਪਣੀ ਸਰਕਾਰ ਦਾ ਨਿਊ ਇੰਡੀਆ ਆਈਡੀਆ, ਕੇਂਦਰ ਨੇ ਕਿਹਾ ਕਿਸੇ ਨੂੰ ਮੁਨਾਫ਼ਾ ਕਮਾਉਣ ਦੀ ਆਗਿਆ ਨਹੀਂ ਦਿੱਤੀ
ਨਵੀਂ ਦਿੱਲੀ : ਦਿੱਲੀ ਦੇ ਇਤਿਹਾਸਕ ਲਾਲ ਕਿਲੇ ਨੂੰ ਸਰਕਾਰ ਨੇ ‘ਐਡਾਪਟ ਏ ਹੈਰੀਟੇਜ’ ਸਕੀਮ ਦੇ ਤਹਿਤ ਡਾਲਮੀਆ ਗਰੁੱਪ ਨੂੰ ਗੋਦ ਦਿੱਤਾ ਹੈ। ਗਰੁੱਪ ਨੇ ਲਾਲ ਕਿਲੇ ਨੂੰ 25 ਕਰੋੜ ਰੁਪਏ ‘ਚ ਪੰਜ ਸਾਲ ਦੇ ਲਈ ਗੋਦ ਲਿਆ ਹੈ। ਇਸ ਦਾ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਨਾਲ ਹੀ ਸ਼ਿਵਸੈਨਾ ਨੇ ਵੀ ਵਿਰੋਧ ਕੀਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਤਿਹਾਸਕ ਵਿਰਾਸਤ ਦਾ ਨਿੱਜੀਕਰਨ ਕਰ ਰਹੀ ਹੈ। ਕਾਂਗਰਸ ਨੇ ਪੁੱਛਿਆ ਹੈ ਕਿ ਕੀ ਮੋਦੀ ਸਰਕਾਰ ਦਾ ਇਹੀ ਨਿਊ ਇੰਡੀਆ ਦਾ ਆਈਡੀਆ ਹੈ। ਕੀ ਵਿਰਾਸਤ ਦੀ ਦੇਖਭਾਲ ਦੇ ਲਈ ਸਰਕਾਰ ਦੇ ਕੋਲ ਪੈਸੇ ਨਹੀਂ ਹਨ। ਵਿਰੋਧੀਆਂ ਦੇ ਆਰੋਪਾਂ ‘ਤੇ ਸਰਕਾਰ ਨੇ ਕਿਹਾ, ਵਿਰਾਸਤ ਤੋਂ ਨਿੱਜੀ ਕੰਪਨੀਆਂ ਨੂੰ ਮੁਨਾਫਾ ਕਮਾਉਣ ਦੀ ਆਗਿਆ ਨਹੀਂ ਦਿੱਤੀ ਗਈ।
ਟੂਰਿਸਟਾਂ ਤੋਂ ਵਸੂਲੀ ਕਰੇਗਾ ਗਰੁੱਪ, ਇਸ ਦਾ ਇਸਤੇਮਾਲ ਕਿਲੇ ਦੇ ਵਿਕਾਸ ਲਈ : ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਸਮਝੌਤਾ ਹੋਇਆ ਹੈ। ਡਾਲਮੀਆ ਗਰੁੱਪ, ਟੂਰਿਜ਼ਮ ਵਿਭਾਗ ਅਤੇ ਏਐਸਆਈ ਨੇ 9 ਅਪ੍ਰੈਲ ਨੂੰ ਇਹ ਸਮਝੌਤਾ ਕੀਤਾ ਸੀ। ਕੇਂਦਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਗਰੁੱਪ ਟੂਰਿਸਟਾਂ ਤੋਂ ਫੀਸ ਵਸੂਲੇਗਾ, ਇਸ ਦਾ ਇਸਤੇਮਾਲ ਕਿਲੇ ਦੀ ਦੇਖਭਾਲ ਅਤੇ ਵਿਕਾਸ ਲਈ ਹੋਵੇਗਾ। ਗਰੁੱਪ ਇਸ ‘ਤੇ ਹਰ ਸਾਲ 5 ਕਰੋੜ ਰੁਪਏ ਖਰਚ ਕਰੇਗਾ। ਸਮਝੌਤੇ ਦੇ ਤਹਿਤ ਗਰੁੱਪ ਲਾਲ ਕਿਲੇ ‘ਚ ਸਹੂਲਤਾਂ ਵਧਾਉਣ ਦਾ ਕੰਮ ਕਰੇਗਾ। ਸੀਸੀਟੀਵੀ ਕੈਮਰੇ ਲਗਵਾਉਣ ਦੇ ਨਾਲ ਹੀ ਨਿਯਮਿਤ ਲਾਈਟ ਐਂਡ ਸਾਊਂਡ ਸ਼ੋਅ , ਰੋਜ਼ ਸੰਸਕ੍ਰਿਤੀ ਆਯੋਜਨ ਅਤੇ ਰਾਤ ਸਮੇਂ ਟੂਰਿਜ਼ਮ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
‘ਐਡਾਪਟ ਏ ਹੈਰੀਟੇਜ਼’ ਸਕੀਮ ਦੇ ਤਹਿਤ ਇਤਿਹਾਸਕ ਵਿਰਾਸਤਾਂ ਨੂੰ ਨਿੱਜੀ ਕੰਪਨੀਆਂ ਨੂੰ ਗੋਦ ਦੇ ਰਹੀ ਹੈ ਸਰਕਾਰ
ਕਾਂਗਰਸ ਦਾ ਸਵਾਲ-ਕੀ ਪੈਸੇ ਦੀ ਘਾਟ ਹੈ ਤੁਹਾਡੇ ਕੋਲ
ਮੋਦੀ ਸਰਕਾਰ ਭਾਰਤੀ ਵਿਰਾਸਤ ਨੂੰ ਇਕ ਨਿੱਜੀ ਸਮੂਹ ਨੂੰ ਸੌਂਪ ਰਹੀ ਹੈ। ਭਾਰਤ ਦੇ ਇਤਿਹਾਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਤੇ ਇਸ ਪ੍ਰਤੀ ਤੁਹਾਡੀ ਕੀ ਪ੍ਰਤੀਬੱਧਤਾ ਹੈ? ਅਸੀਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਹਾਂ। ਕੀ ਤੁਹਾਡੇ ਕੋਲ ਪੈਸੇ ਦੀ ਘਾਟ ਹੈ।
-ਪਵਨ ਖੇੜਾ, ਕਾਂਗਰਸ
ਤੇਜਸਵੀ ਦੀ ਟਿੱਪਣੀ-ਠੇਕੇ ਵਾਲੇ ਮੰਚ ਤੋਂ ਭਾਸ਼ਣ ਦੇਣਗੇ ਪ੍ਰਧਾਨ ਮੰਤਰੀ
ਮੋਦੀ ਸਰਕਾਰ ਵੱਲੋਂ ਇਸ ਨੂੰ ਲਾਲ ਕਿਲੇ ਦਾ ਨਿੱਜੀਕਰਨ ਕਹੋਗੇ ਜਾਂ ਵੇਚਣਾ। ਹੁਣ ਪ੍ਰਧਾਨ ਮੰਤਰੀ ਦਾ ਅਜ਼ਾਦੀ ਦਿਵਸ ਦਾ ਭਾਸ਼ਣ ਵੀ ਨਿੱਜੀ ਕੰਪਨੀ ਦੇ ਅਧੀਨਤਾ ਵਾਲੇ ਮੰਚ ਤੋਂ ਹੋਵੇਗਾ। ਵਜਾਓ ਤਾੜੀ। ਜੈਕਾਰਾ ਭਾਰਤ ਮਾਤਾ ਕਾ।
-ਤੇਜਸਵੀ ਯਾਦਵ, ਰਾਜਦ
ਡਾਲਮੀਆ ਗਰੁੱਪ ਨੇ ਕਿਹਾ : ਇਸ ਨੂੰ ਯੂਰਪੀ ਕਿਲੇ ਦੀ ਤਰਜ ‘ਤੇ ਵਿਕਸਤ ਕਰਾਂਗੇ, ਟੂਰਿਸਟ ਸਾਡੇ ਲਈ ਗ੍ਰਾਹਕ ਹੋਣਗੇ
ਡਾਲਮੀਆ ਗਰੁੱਪ ਦੇ ਸੀਈਓ ਮਹਿੰਦਰ ਸਿੰਧੀ ਨੇ ਕਿਹਾ ਕਿ ਲਾਲ ਕਿਲੇ ‘ਚ 30 ਦਿਨਾਂ ਦੇ ਅੰਦਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਲਾਲ ਕਿਲਾ’ ਸਾਨੂੰ ਪੰਜ ਸਾਲ ਦੇ ਲਈ ਮਿਲਿਆ ਹੈ। ਕੰਟਰੈਕਟ ਬਾਅਦ ‘ਚ ਵਧਾਇਆ ਜਾ ਸਕਦਾ ਹੈ। ਹਰ ਟੂਰਿਸਟ ਸਾਡੇ ਲਈ ਗ੍ਰਾਹਕ ਹੋਵੇਗਾ।
ਸਰਕਾਰ ਦੀ ਸਫਾਈ-ਟੂਰਿਸਟਾਂ ਨੂੰ ਸਹੂਲਤਦੇਣ ਲਈ ਕੀਤੇ ਕਰਾਰ
ਲਾਲ ਕਿਲੇ ਸਮੇਤ ਕਈ ਇਤਿਹਾਸਕ ਭਵਨਾਂ ਦੀ ਦੇਖਭਾਲ ਤੇ ਟੂਰਿਸਟਾਂ ਨੂੰ ਸਹੂਲਤਾਂ ਦੇਣ ਦੇ ਲਈ ਨਿੱਜੀ ਕੰਪਨੀਆਂ ਨਾਲ ਕਰਾਰ ਕੀਤਾ ਹੈ। ਇਨ੍ਹਾਂ ਨੂੰ ਮੁਨਾਫ਼ਾ ਕਮਾਉਣ ਦੀ ਆਗਿਆ ਨਹੀਂ। ਇਮਾਰਤਾਂ ‘ਚ ਹੋਣ ਵਾਲੀਆਂ ਗਤੀਵਿਧੀਆਂ ਤੋਂ ਇਕੱਠੇ ਹੋਏ ਪੈਸੇ ਵਿਰਾਸਤ ਦੀ ਦੇਖਭਾਲ ਲਈ ਖਰਚੇ ਜਾਣਗੇ।
-ਮਹੇਸ਼ ਸ਼ਰਮਾ, ਟੂਰਿਜ਼ਮ ਰਾਜ ਮੰਤਰੀ

Check Also

ਲਖੀਮਪੁਰ ਖੀਰੀ ‘ਚ ਮਨਾਇਆ ‘ਸ਼ਹੀਦ ਕਿਸਾਨ ਦਿਵਸ’

ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ: ਕਿਸਾਨ ਮੋਰਚਾ ਲਖੀਮਪੁਰ ਖੀਰੀ (ਯੂਪੀ)/ਬਿਊਰੋ ਨਿਊਜ਼ : ਯੂਪੀ ਦੇ …