Breaking News
Home / ਹਫ਼ਤਾਵਾਰੀ ਫੇਰੀ / ਵਿਧਾਇਕ ਕੁਲਬੀਰ ਜ਼ੀਰਾ ਕਾਂਗਰਸ ‘ਚੋਂ ਮੁਅੱਤਲ

ਵਿਧਾਇਕ ਕੁਲਬੀਰ ਜ਼ੀਰਾ ਕਾਂਗਰਸ ‘ਚੋਂ ਮੁਅੱਤਲ

ਸਟੇਜ ਤੋਂ ਨਸ਼ਿਆਂ ਖਿਲਾਫ਼ ਅਵਾਜ਼ ਉਠਾਉਣ ਦਾ ਮਿਲਿਆ ਫਲ
ਚੰਡੀਗੜ੍ਹ : ਆਈਜੀ ‘ਤੇ ਸ਼ਰਾਬ ਮਾਫ਼ੀਆ ਨਾਲ ਗੰਢ-ਤੁੱਪ ਦੇ ਦੋਸ਼ ਲਾਉਣ ਵਾਲੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਨੇ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ। ਜ਼ੀਰਾ ਹਲਕੇ ਦੇ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਜਵਾਬ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਨੇ ਅਸਹਿਮਤੀ ਜਤਾਈ ਅਤੇ ਉਸ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ। ਕਾਂਗਰਸ ਦੇ ਇਸ ਫ਼ੈਸਲੇ ਨਾਲ ਅਜੇ ਸਵਾਲ ਜਿਉਂ ਦਾ ਤਿਉਂ ਕਾਇਮ ਹੈ ਕਿ ਵਿਧਾਇਕ ਵੱਲੋਂ ਸੀਨੀਅਰ ਪੁਲਿਸ ਅਧਿਕਾਰੀ ਖ਼ਿਲਾਫ਼ ਲਾਏ ਗਏ ਦੋਸ਼ਾਂ ਦੀ ਸਥਿਤੀ ਕੌਣ ਸਪੱਸ਼ਟ ਕਰੇਗਾ? ਜ਼ਿਕਰਯੋਗ ਹੈ ਕਿ ਕਾਂਗਰਸ ਵਿਧਾਇਕ ਨੇ ਪਿਛਲੇ ਦਿਨੀਂ ਪੰਚਾਂ ਅਤੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਫਿਰੋਜ਼ਪੁਰ ਰੇਂਜ ਦੇ ਆਈਜੀ ‘ਤੇ ਦੋਸ਼ ਲਾਉਂਦਿਆਂ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਬਾਬਤ ਵਿਚਾਰ ਵਟਾਂਦਰਾ ਕੀਤਾ ਜਿਸ ਮਗਰੋਂ ਜ਼ੀਰਾ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਸੁਣਾਇਆ ਗਿਆ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਜ਼ੀਰਾ ਨੂੰ ਇਹ ਮਾਮਲਾ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਕੋਲ ਉਠਾਉਣਾ ਚਾਹੀਦਾ ਸੀ। ਜਨਤਕ ਸਮਾਗਮ ਵਿਚ ਮੁੱਦਾ ਉਠਾ ਕੇ ਉਸ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਮੁਤਾਬਕ ਇਸ ਨਾਲ ਪਾਰਟੀ ਅਤੇ ਸਰਕਾਰ ਦੇ ਅਕਸ ‘ਤੇ ਮਾੜਾ ਅਸਰ ਪਿਆ ਹੈ। ਪਿਛਲੇ ਸਾਲ ਸੀਨੀਅਰ ਕਾਂਗਰਸ ਵਿਧਾਇਕ ਸੁਰਜੀਤ ਧੀਮਾਨ ਅਤੇ ਕੈਬਨਿਟ ਮੰਤਰੀ ਵਿਰੁੱਧ ਵੀ ਅਨੁਸ਼ਾਸਨਹੀਣਤਾ ਦੇ ਦੋਸ਼ ਲੱਗੇ ਸਨ ਪਰ ਪਾਰਟੀ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ। ਇਹ ਪਤਾ ਲੱਗਾ ਹੈ ਕਿ ਜ਼ੀਰਾ ਦੀ ਮੁਅੱਤਲੀ ਤੋਂ ਬਾਅਦ ਵਿਧਾਇਕ ਦੀ ਸਹਿਮਤੀ ਤੋਂ ਬਿਨਾ ਜ਼ੀਰਾ ਹਲਕੇ ਵਿਚ ਬਲਾਕ ਸਮਿਤੀਆਂ ਦੇ ਕੰਮਕਾਜ ਨੂੰ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਕੁਲਬੀਰ ਜ਼ੀਰਾ ਵਿਰੁੱਧ ਕਾਰਵਾਈ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਕੀਤੀ ਗਈ ਹੈ ਅਤੇ ਪਾਰਟੀ ਨੂੰ ਖ਼ਦਸ਼ਾ ਸੀ ਕਿ ਹੋਰ ਆਗੂ ਵੀ ਜਨਤਕ ਤੌਰ ‘ਤੇ ਆਪਣੇ ਗਿਲੇ-ਸ਼ਿਕਵਿਆਂ ਨੂੰ ਉਠਾ ਸਕਦੇ ਹਨ।
ਪੁਲਿਸ ਦੇ ਦਬਾਅ ਹੇਠ ਮੁਅੱਤਲ ਕੀਤਾ: ਜ਼ੀਰਾ
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਾਰਟੀ ‘ਚੋਂ ਮੁਅੱਤਲੀ ਮਗਰੋਂ ਕਿਹਾ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਹਨ ਅਤੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਥਿਤ ਤੌਰ ‘ਤੇ ਪੁਲਿਸ ਦੇ ਦਬਾਅ ਹੇਠ ਅਜਿਹਾ ਕਦਮ ਚੁੱਕਿਆ ਹੈ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …