ਲੰਡਨ/ਬਿਊਰੋ ਨਿਊਜ਼
ਪੱਛਮੀ ਲੰਡਨ ਵਿੱਚ 24 ਮੰਜ਼ਿਲਾ ਰਿਹਾਇਸ਼ੀ ਟਾਵਰ ਨੂੰ ਅੱਗ ਲੱਗਣ ਕਾਰਨ 12 ਵਿਅਕਤੀ ਮਾਰੇ ਗਏ ਅਤੇ 74 ਹੋਰ ਜ਼ਖ਼ਮੀ ਹੋ ਗਏ। ਬਰਤਾਨੀਆ ਵਿੱਚ ਤਕਰੀਬਨ ਪਿਛਲੇ ਤਿੰਨ ਦਹਾਕਿਆਂ ਵਿੱਚ ਵਾਪਰਿਆ ਇਹ ਸਭ ਤੋਂ ਭਿਆਨਕ ਅਗਨੀ ਕਾਂਡ ਹੈ। ਲਾਟੀਮੇਰ ਰੋਡ ਉਤੇ ਲੈਂਕਾਸਟਰ ਵੈਸਟ ਐਸਟੇਟ ਦੇ ਗ੍ਰੈੱਨਫੈੱਲ ਟਾਵਰ ਵਿੱਚ ਸਥਾਨਕ ਸਮੇਂ ਅਨੁਸਾਰ ਤੜਕੇ 1:16 ਵਜੇ ਅੱਗ ਲੱਗੀ। ਮੰਨਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਟਾਵਰ ਦੇ 120 ਫਲੈਟਾਂ ਵਿੱਚ ਤਕਰੀਬਨ 600 ਵਿਅਕਤੀ ਸਨ। ਘਟਨਾ ਸਥਾਨ ਉਤੇ ਫਾਇਰ ਬ੍ਰਿਗੇਡ ਦੇ 200 ਕਰਮੀ, 40 ਫਾਇਰ ਟਰੱਕ ਅਤੇ 20 ਐਂਬੂਲੈਂਸਾਂ ਦੇਖੀਆਂ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਇਸ ਬਲਾਕ ਦੀ ਮੁਰੰਮਤ ਉਤੇ ਕੁਝ ਸਮਾਂ ਪਹਿਲਾਂ ਹੀ 103 ਕਰੋੜ ਪੌਂਡ ਖਰਚੇ ਗਏ ਸਨ। ਪੁਲਿਸ ਕਮਾਂਡਰ ਸਟੂਅਰਟ ਕੰਡੀ ਨੇ ਕਿਹਾ ਕਿ ਨੇੜਲੀਆਂ ਇਮਾਰਤਾਂ ਨੂੰ ਇਹਤਿਆਤ ਵਜੋਂ ਖ਼ਾਲੀ ਕਰਵਾ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਗ ਅੱਧੀ ਰਾਤ ਤੋਂ ਬਾਅਦ ਤੀਜੀ ਜਾਂ ਚੌਥੀ ਮੰਜ਼ਿਲ ਦੇ ਨੁਕਸਦਾਰ ਰੈਫਰੀਜਰੇਟਰ ਕਾਰਨ ਲੱਗੀ। ਗ੍ਰੈੱਨਫੈੱਲ ਟਾਵਰ ਨੇੜਲੇ ਇਲਾਕੇ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਹੈ। ਜਦੋਂ ਅੱਗ ਲੱਗੀ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਜਾਗ ਰਹੇ ਸਨ ਕਿਉਂਕਿ ਉਨ੍ਹਾਂ ਰਮਜ਼ਾਨ ਦਾ ਰੋਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਤੜਕੇ ਰੋਟੀ ਖਾਣੀ ਸੀ। ઠ ઠ ઠ
ਦਸਵੀਂ ਮੰਜ਼ਿਲ ਤੋਂ ਸੁੱਟੇ ਬੱਚੇ ਨੂੰ ਬੋਚਿਆ
ਲੰਡਨ: ਅੱਗ ਲੱਗਣ ਦੀ ਘਟਨਾ ਦੌਰਾਨ ਟਾਵਰ ਨੇੜੇ ਖੜ੍ਹੇ ਇਕ ਸ਼ਖ਼ਸ ਦੀ ਫੁਰਤੀ ਨਾਲ ਬੱਚੇ ਦੀ ਜਾਨ ਬਚ ਗਈ। ਗ੍ਰੈੱਨਫੈੱਲ ਟਾਵਰ ਵਿੱਚ ਅੱਗ ਵਿੱਚ ਘਿਰੀ ਔਰਤ ਨੇ ਆਪਣੇ ਬੱਚੇ ਨੂੰ ਬਚਾਉਣ ਲਈ ਉਸ ਨੂੰ ਨੌਂਵੀ ਜਾਂ ਦਸਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨੂੰ ਹੇਠ ਖੜ੍ਹੇ ਇਕ ਵਿਅਕਤੀ ਨੇ ਬੋਚ ਲਿਆ। ਲੰਡਨ ਫਾਇਰ ਬ੍ਰਿਗੇਡ ਦੇ ਮੁਖੀ ਡੈਨੀ ਕੌਟਨ ਨੇ ਕਿਹਾ ਕਿ ਇਹ ਬੇਮਿਸਾਲ ਘਟਨਾ ਹੈ। ਉਸ ਨੇ ਆਪਣੇ 29 ਸਾਲ ਦੇ ਕਾਰਜਕਾਲ ਵਿੱਚ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਦੇਖੀ।
ਪੀੜਤਾਂ ਦੀ ਮਦਦ ਲਈ ਗੁਰਦੁਆਰਿਆਂ, ਮਸਜਿਦਾਂ ਤੇ ਗਿਰਜਾਘਰਾਂ ਨੇ ਖੋਲ੍ਹੇ ਬੂਹੇ
ਲੰਡਨ : ਬਰਤਾਨੀਆ ਵਿੱਚ ਰਿਹਾਇਸ਼ੀ ਟਾਵਰ ਨੂੰ ਅੱਗ ਲੱਗਣ ਤੋਂ ਬਾਅਦ ਪੱਛਮੀ ਲੰਡਨ ਦੇ ਗੁਰਦੁਆਰਿਆਂ, ਮਸਜਿਦਾਂ ਤੇ ਗਿਰਜਾਘਰਾਂ ਨੇ ਲੋੜਵੰਦਾਂ ਦੀ ਮਦਦ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਟਾਵਰ ਨੂੰ ਅੱਗ ਲੱਗਣ ਕਾਰਨ 12 ਵਿਅਕਤੀ ਮਾਰੇ ਗਏ ਅਤੇ 50 ਹੋਰ ਜ਼ਖ਼ਮੀ ਹੋ ਗਏ। ਸਿੱਖ ਦਾਨੀ ਹਰਜਿੰਦਰ ਕੁਕਰੇਜਾ ਨੇ ਕਿਹਾ, ”ਲੰਡਨ ਵਿੱਚ ਗੁਰਦੁਆਰਿਆਂ ਨੇ ਗ੍ਰੈੱਨਫੈੱਲ ਟਾਵਰ ਤੋਂ ਬਚੇ ਲੋਕਾਂ ਦੀ ਮਦਦ ਲਈ ਕੱਪੜੇ, ਖਿਡੌਣੇ ਅਤੇ ਹੋਰ ਨਿੱਕ-ਸੁੱਕ ਇਕੱਤਰ ਕਰਨਾ ਤੇ ਵੰਡਣਾ ਸ਼ੁਰੂ ਕਰ ਦਿੱਤਾ ਹੈ।” ‘ਮੈਟਰੋ.ਕੋ.ਯੂਕੇ’ ਨੇ ਕੁਕਰੇਜਾ ਦੇ ਹਵਾਲੇ ਨਾਲ ਕਿਹਾ ਕਿ ”ਇਮਾਰਤ ਵਿੱਚੋਂ ਨਿਕਲੇ ਵਿਅਕਤੀਆਂ ਕੋਲ ਹੁਣ ਬੱਸ ਉਹੀ ਕੁਝ ਬਚਿਆ ਹੈ, ਜੋ ਉਨ੍ਹਾਂ ਪਹਿਨਿਆ ਹੋਇਆ ਹੈ। ਅਸੀਂ ਆਪਣੇ ਵਾਧੂ ਸਾਮਾਨ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।” ਚੇਤੇ ਰਹੇ ਕਿ ਬਰਤਾਨੀਆ ਵਿੱਚ ਅੱਤਵਾਦੀ ਹਮਲੇ ਮਗਰੋਂ ਲੋਕਾਂ ਦੀ ਮਦਦ ਕਰਨ ਉਤੇ ਵੀ ਲੰਡਨ ਦੇ ਸਿੱਖ ਭਾਈਚਾਰੇ ਦੀ ਕਾਫ਼ੀ ਸ਼ਲਾਘਾ ਹੋਈ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …