Breaking News
Home / ਹਫ਼ਤਾਵਾਰੀ ਫੇਰੀ / ਐਨ.ਆਰ.ਆਈਜ਼ ਨੇ ਫੁਗਲਾਣਾ ਪਿੰਡ ‘ਚ ਬਣਵਾਈ ਮੌਰਚਰੀ

ਐਨ.ਆਰ.ਆਈਜ਼ ਨੇ ਫੁਗਲਾਣਾ ਪਿੰਡ ‘ਚ ਬਣਵਾਈ ਮੌਰਚਰੀ

ਦੋਸਤ ਦੀ ਮੌਤ ‘ਤੇ ਵਿਦੇਸ਼ ਵਿਚੋਂ ਸਸਕਾਰ ‘ਤੇ ਨਾ ਪਹੁੰਚ ਸਕਣ ਕਰਕੇ ਲਿਆ ਫੈਸਲਾ
ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫੁਗਲਾਣਾ ਦੇ ਐਨ.ਆਰ.ਆਈਜ਼ ਨੇ ਪਿੰਡ ਵਿਚ 40 ਲੱਖ ਰੁਪਏ ਖਰਚ ਕੇ ਮੌਰਚਰੀ ਬਣਵਾਈ ਹੈ। ਪਿੰਡ ਦੇ ਕਰੀਬ 135 ਪਰਿਵਾਰ ਵਿਦੇਸ਼ਾਂ ਵਿਚ ਵਸੇ ਹੋਏ ਹਨ। ਉਹ ਪਿੰਡ ਦੇ ਵਿਕਾਸ ਲਈ ਹਰ ਸਾਲ ਲੱਖਾਂ ਰੁਪਏ ਖਰਚ ਕਰਦੇ ਹਨ। ਪਿੰਡ ਦੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਫੁਗਲਾਣਾ ਨੇ ਦੱਸਿਆ ਕਿ ਇੰਗਲੈਂਡ ਨਿਵਾਸੀ ਗੁਰਮੇਲ ਸਿੰਘ ਸਹੋਤਾ ਦੇ ਯਤਨਾਂ ਨਾਲ ਮੌਰਚਰੀ ਬਣਾਈ ਗਈ ਹੈ। ਮੇਹਟੀਆਣਾ ਖੇਤਰ ਦੇ ਜ਼ਿਆਦਾਤਰ ਪਿੰਡਾਂ ਦੇ ਪਰਿਵਾਰ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਵਿਚ ਰਹਿੰਦੇ ਹਨ। ਐਨਆਰਆਈ ਪਰਿਵਾਰ ਦੇ ਕਿਸੇ ਮੈਂਬਰ ਦੀ ਪਿੰਡ ਵਿਚ ਮੌਤ ਹੁੰਦੀ ਤਾਂ ਜਲਦੀ ਹੀ ਅੰਤਿਮ ਸਸਕਾਰ ਕਰ ਦਿੱਤਾ ਜਾਂਦਾ ਸੀ। ਵਿਦੇਸ਼ ਤੋਂ ਸਸਕਾਰ ‘ਤੇ ਮੌਕੇ ‘ਤੇ ਪਹੁੰਚਣਾ ਮੁਸ਼ਕਲ ਹੁੰਦਾ ਸੀ, ਜਿਸ ਕਰਕੇ ਉਹ ਆਖਰੀ ਦਰਸ਼ਨ ਕਰਨ ਤੋਂ ਵੰਚਿਤ ਰਹਿ ਜਾਂਦੇ ਸਨ। ਇਸ ਦੇ ਚੱਲਦਿਆਂ ਫੁਗਲਾਣਾ ਦੇ ਐਨਆਰਆਈ ਪਰਿਵਾਰਾਂ ਨੇ ਮੌਰਚਰੀ ਬਣਾਉਣ ਦਾ ਫੈਸਲਾ ਲਿਆ ਸੀ। ਐਨਆਰਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਇੰਗਲੈਂਡ ਵਿਚ ਸੈਂਟਲ ਹੈ। ਪਿੰਡ ਤੋਂ ਕਿਸੇ ਐਨਆਰਆਈ ਪਰਿਵਾਰ ਦੇ ਮੈਂਬਰ ਦੀ ਮੌਤ ਹੁੰਦੀ ਤਾਂ ਮ੍ਰਿਤਕ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸੀ। ਚਾਰ ਸਾਲ ਪਹਿਲਾਂ ਪਿੰਡ ਵਿਚ ਦੋਸਤ ਦੀ ਮੌਤ ਹੋਈ ਤਾਂ ਪਹੁੰਚ ਨਹੀਂ ਸਕੇ। ਉਸੇ ਦਿਨ ਪਿੰਡ ਵਿਚ ਮੌਰਚਰੀ ਬਣਾਉਣ ਦੀ ਸੋਚੀ। ਇਸ ਦੀ ਜ਼ਿੰਮੇਵਾਰੀ ਪ੍ਰਧਾਨ ਗੁਰਮੀਤ ਸਿੰਘ ਨੂੰ ਸੌਂਪੀ ਗਈ ਸੀ।
ਫੁਗਲਾਣਾ ਨੇੜਲੇ 50 ਪਿੰਡਾਂ ਨੂੰ ਮਿਲੇਗਾ ਫਾਇਦਾ
ਗੁਰਮੀਤ ਸਿੰਘ ਨੇ ਦੱਸਿਆ ਕਿ ਚਾਰ ਏਕੜ ਵਿਚ ਬਣਾਈ ਮੌਰਚਰੀ ਵਿਚ ਇਕ ਹੀ ਸਮੇਂ ਦੋ ਮ੍ਰਿਤਕ ਸਰੀਰ ਰੱਖੇ ਜਾ ਸਕਦੇ ਹਨ। ਦੇਖ-ਰੇਖ ਕਲੱਬ ਅਤੇ ਪੰਚਾਇਤ ਨੂੰ ਦਿੱਤੀ ਗਈ ਹੈ। ਦੋ ਸੇਵਾਦਾਰ ਪੱਕੇ ਤੌਰ ‘ਤੇ 24 ਘੰਟੇ ਵੇਤਨ ‘ਤੇ ਰੱਖੇ ਹੋਏ ਹਨ। ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ, ਪਰ ਦਾਨ ਦੇ ਰੂਪ ਵਿਚ ਜੋ ਆਰਥਿਕ ਮੱਦਦ ਕਰਦਾ ਹੈ, ਉਸ ਕੋਲੋਂ ਪੈਸੇ ਲਏ ਜਾਂਦੇ ਹਨ। ਮੌਰਚਰੀ ਦਾ 50 ਪਿੰਡਾਂ ਨੂੰ ਫਾਇਦਾ ਹੋਵੇਗਾ। ਗੁਰਮੇਲ ਸਿੰਘ ਸਹੋਤਾ ਸਣੇ ਪਿੰਡ ਦੇ ਵਿਦੇਸ਼ ਵਿਚ ਰਹਿਣ ਵਾਲੇ ਕੁਲਦੀਪ ਸਿੰਘ ਸਹੋਤਾ, ਕੁਲਬੀਰ ਸਿੰਘ ਪਰਮਾਰ, ਸ਼ਮਸ਼ੇਰ ਸਿੰਘ ਪਰਮਾਰ, ਆਸਾ ਸਿੰਘ ਸਹੋਤਾ ਅਤੇ ਹੋਰ ਦਰਜਨਾਂ ਪਿੰਡ ਵਾਸੀਆਂ ਨੇ ਇਸ ਮੌਰਚਰੀ ਬਣਾਉਣ ਲਈ ਆਰਥਿਕ ਸਹਾਇਤਾ ਕੀਤੀ ਹੈ। ਫੁਗਲਾਣਾ ਦੀ ਪੂਰੇ ਪੰਜਾਬ ਵਿਚ ਇਹ ਵੀ ਪਹਿਚਾਣ ਹੈ ਕਿ ਇੱਥੇ ਹਰ ਸਾਲ ਕਰਵਾਏ ਜਾਣ ਵਾਲੇ ਕਬੱਡੀ ਕੱਪ ਅਤੇ ਫੁੱਟਬਾਲ ਟੂਰਨਾਮੈਂਟ ਵਿਚ ਐਨਆਰਆਈਜ਼ ਲੱਖਾਂ ਰੁਪਏ ਦੇ ਇਨਾਮ ਜੇਤੂ ਟੀਮਾਂ ਨੂੰ ਦਿੰਦੇ ਹਨ। ਇਨ੍ਹਾਂ ਟੂਰਨਾਮੈਂਟਾਂ ਵਿਚ ਪੂਰੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਤੋਂ ਖਿਡਾਰੀ ਭਾਗ ਲੈਂਦੇ ਹਨ। ਸਾਰਾ ਪ੍ਰਬੰਧ ਕਲੱਬ ਪ੍ਰਧਾਨ ਗੁਰਮੀਤ ਸਿੰਘ ਦੀ ਦੇਖ ਰੇਖ ਵਿਚ ਹੁੰਦਾ ਹੈ।

 

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …