ਮੁੱਖ ਮੰਤਰੀ ਭਗਵੰਤ ਮਾਨ ਨੇ ਥਰਮਲ ਪਲਾਂਟ ਖਰੀਦ ਮਾਮਲੇ ’ਚ ਵਿਰੋਧੀਆਂ ਨੂੰ ਦਿੱਤਾ ਕਰਾਰ ਜਵਾਬ
ਕਿਹਾ : ਬਾਕੀ ਦੋ ਥਰਮਲ ਪਲਾਂਟਾਂ ਨੂੰ ਵੀ ਖਰੀਦਣ ਦੀ ਤਿਆਰੀ ’ਚ ਹੈ ਪੰਜਾਬ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼ :
ਮੁੱਖ ਮੰਤਰੀ ਭਗਵੰਤ ਮਾਨ ਨੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਮਾਮਲੇ ’ਚ ਵਿਰੋਧੀ ਨੂੰ ਅੱਜ ਕਰਾਰ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਤਾਂ ਪੰਜਾਬ ਦੇ ਬਾਕੀ ਦੋ ਥਰਮਲ ਪਲਾਂਟਾਂ ਨੂੰ ਵੀ ਖਰੀਦਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਜਿਸ ਥਰਮਲ ਪਲਾਂਟ ਤੋਂ ਉਨ੍ਹਾਂ ਨੂੰ 7 ਰੁਪਏ ਪੰਜ ਪੈਸੇ ’ਚ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਸੀ ਹੁਣ ਉਸੇ ਥਰਮਲ ਪਲਾਂਟ ’ਚ 4 ਰੁਪਏ ਪੰਜ ਪੈਸੇ ਪ੍ਰਤੀ ਯੂਨਿਟ ਬਿਜਲੀ ਬਣ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ਵਿਚ ਕੀਤਾ, ਜਿੱਥੇ ਉਹ ਸਹਿਕਾਰਤਾ ਵਿਭਾਗ ’ਚ ਨਿਯੁਕਤ 520 ਨਵੇਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਲਈ ਪਹੁੰਚੇ ਸਨ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਨੁਕਸਾਨ ਵਾਲੇ ਵਿਭਾਗਾਂ ਨੂੰ ਵੇਚਦਾ ਆਇਆ ਹੈ ਪ੍ਰੰਤੂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦ ਕੇ ਉਲਟੀ ਗੰਗਾ ਵਹਾਅ ਦਿੱਤੀ ਹੈ। ਧਿਆਨ ਰਹੇ ਕਿ ਪੰਜਾਬ ਸਰਕਾਰ ਨੇ ਲੰਘੇ ਦਿਨੀਂ ਘਾਟੇ ’ਚ ਚੱਲ ਰਹੇ ਥਰਮਲ ਪਲਾਂਟ ਨੂੰ ਖਰੀਦਿਆ ਹੈ, ਜਿਸ ਦਾ ਵਿਰੋਧੀ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ।