Breaking News
Home / ਪੰਜਾਬ / ਸਾਹਿਤ ਸਭਾ ਤਲਵੰਡੀ ਭਾਈ ਵੱਲੋਂ ਹਰਜੀਤ ਬੇਦੀ ਨਾਲ ਰੂਬਰੂ

ਸਾਹਿਤ ਸਭਾ ਤਲਵੰਡੀ ਭਾਈ ਵੱਲੋਂ ਹਰਜੀਤ ਬੇਦੀ ਨਾਲ ਰੂਬਰੂ

ਤਲਵੰਡੀ ਭਾਈ/ਬਿਉਰੋ ਨਿਉਜ਼
ਸਾਹਿਤ ਸਭਾ ਤਲਵੰਡੀ ਭਾਈ ਦੀ ਮਹੀਨਾਵਾਰ ਮੀਟਿੰਗ ਪਰਕਾਸ਼ ਸਿੰਘ ਪਰਵਾਸੀ ਦੀ ਪਰਧਾਨਗੀ ਹੇਠ ਮਿਉਂਸਿਪਲ ਪਾਰਕ ਤਲਵੰਡੀ ਭਾਈ ਵਿਖੇ ਹੋਈ। ਜਿਸ ਵਿੱਚ ਇਸ ਵਾਰ ਕੈਨੇਡਾ ਤੋਂ ਆਏ ਲੇਖਕ ਹਰਜੀਤ ਬੇਦੀ ਨਾਲ ਰੂਬਰੂ ਕੀਤਾ ਗਿਆ। ਸਭ ਤੋਂ ਪਹਿਲਾਂ ਨਾਇਬ ਸਿੰਘ ਬਰਾੜ ਨੇ ਹਰਜੀਤ ਬੇਦੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਤੋਂ ਬਾਦ ਹਰਜੀਤ ਬੇਦੀ ਨੇ ਸੰਖੇਪ ਸ਼ਬਦਾਂ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਹ ਸਾਧਾਰਨ ਅਤੇ ਅਨਪੜ੍ਹ ਮਾਂ ਬਾਪ ਦੇ ਘਰ ਪਛੜੇ ਇਲਾਕੇ ਦੇ ਛੋਟੇ ਜਿਹੇ ਅਤੇ ਪਿੰਡ ਕਾਹਨੇਕੇ ਵਿੱਚ ਜਨਮ ਲੈ ਕੇ ਪੋਸਟ ਗਰੈਜੂਏਟ ਤੱਕ ਵਿੱਦਿਆ ਪ੍ਰਾਪਤ ਕਰ ਸਕਿਆ। ਸੰਵੇਦਨਸ਼ੀਲ ਹੋਣ ਕਰ ਕੇ ਉਹ ਬੇਇਨਸਾਫੀ ਅਤੇ ਸਮਾਜਿਕ ਬੁਰਾਈਆਂ ਖਿਲਾਫ ਆਵਾਜ਼ ਉਠਾਉਂਦਾ ਰਿਹਾ ਹੈ। ਬਹੁਤ ਸਾਰੀਆਂ ਜਥੇਬੰਦੀਆਂ ਜਿੰਨ੍ਹਾਂ ਵਿੱਚ ਬੇਰੁਜਗਾਰ ਟੀਚਰਜ਼ ਯੁਨੀਅਨ, ਗੌ: ਟੀਚਰਜ਼ ਯੁਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ, ਪੰਜਾਬ ਲੋਕ ਸੱਭਿਆਚਾਰਕ ਮੰਚ,ਜਮਹੂਰੀ ਅਧਿਕਾਰ ਸਭਾਂ, ਤਰਕਸ਼ੀਲ ਸੁਸਾਇਟੀ ਅਤੇ ਸਰਵ ਸਿੱਖਿਆ ਅਭਿਆਨ ਆਦਿ ਵਿੱਚ ਕੰਮ ਕੀਤਾ। ਉਸ ਨੇ ਕਿਹਾ ਕਿ ਮੂਲ ਰੂਪ ਵਿੱਚ ਉਹ ਜਥੇਬੰਦੀਆਂ ਦਾ ਇੱਕ ਨਿਗੂਣਾ ਜਿਹਾ ਵਰਕਰ ਹੈ ਤੇ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਸ਼ਬਦਾਂ ਵਿੱਚ ਬਦਲ ਕੇ ਥੋੜਾ ਬਹੁਤ ਲਿਖ ਵੀ ਲੈਂਦਾ ਹੈ। ਉਸ ਨੇ ਸਭਾ ਦੇ ਕੁੱਝ ਮੈਂਬਰਾਂ ਨੂੰ ਆਪਣੀ ਕਵਿਤਾਵਾਂ ਦੀ ਕਿਤਾਬ ”ਹਕੀਕਤ” ਭੇਂਟ ਕੀਤੀ। ਇਸ ਉਪਰੰਤ ਉਸ ਨੇ ਪਰਵਾਸੀ ਜੀਵਨ ਨਾਲ ਸਬੰਧਤ ਕਵਿਤਾਵਾਂ ਸਾਂਝੀਆਂ ਕੀਤੀਆ ਜੋ ਸਰੋਤਿਆਂ ਵਲੋਂ ਪਸੰਦ ਕੀਤੀਆਂ ਗਈਆਂ। ਖਾਸ ਤੌਰ ਤੇ ਪਰਵਾਸੀ ਬਜ਼ੁਰਗਾਂ ਵਲੋਂ ਬਦੇਸ਼ਾਂ ਵਿੱਚ ਵਿਚਰਣ ਦੇ ਢੰਗ ਸਬੰਧੀ ਕਵਿਤਾ ਸਲਾਹੀ ਗਈ। ਮੀਟਿੰਗ ਦੇ ਦੂਜੇ ਦੌਰ ਵਿੱਚ ਨੌਜਵਾਨ ਕਵੀ ਕਮਲਜੀਤ ਖੁੱਲ੍ਹਰ ਨੇ ਮਨੁੱਖੀ ਪਿਆਰ ਸਬੰਧੀ ਕਵਿਤਾ,”ਮੁਹੱਬਤ” ਪੇਸ਼ ਕੀਤੀ। ਪਰਕਾਸ਼ ਸਿੰਘ ਪਰਦੇਸੀ ਨੇ ਨਸ਼ਿਆਂ ਅਤੇ ਨਾਇਬ ਬਰਾੜ ਨੇ ਪਰਵਾਸੀਆਂ ਬਾਰੇ ਗੀਤ ਪੇਸ਼ ਕੀਤੇ। ਜਸਪਾਲ ਹਰਾਜ ਨੇ ਮਨ ਨੂੰ ਟੁੰਬਣ ਵਾਲੀ ਇਕ ਖੂਬਸੂਰਤ ਵਿਅੰਗਮਈ ਕਵਿਤਾ ਪੇਸ਼ ਕੀਤੀ। ਨਵੇਂ ਪੁੰਗਰਦੇ ਕਵੀ ਨਵੀਨ ਮੰਗਲਾ ਨੇ ਉਰਦੂ ਰੰਗ ਵਿੱਚ ਦਿਲ ਨੂੰ ਛੋਹ ਲੈਣ ਵਾਲੀਆਂ ਨਜ਼ਮਾਂ ਪੇਸ ਕਰ ਕੇ ਵਾਹ ਵਾਹ ਖੱਟੀ। ਲੇਖਕਾਂ ਦੀ ਇਸ ਮਹਫਿਲ ਵਿੱਚ ਮਾਸਟਰ ਮਲਕੀਤ ਅਤੇ ਸੱਤਪਾਲ ਖੁੱਲਰ ਦੇ ਖੂਬਸੁਰਤ ਸ਼ੇਅਰ ਪੇਸ਼ ਹੋਏ। ਅੰਤ ਵਿੱਚ ਇਹਨਾਂ ਰਚਨਾਵਾਂ ਤੇ ਭਰਪੂਰ ਚਰਚਾ ਹੋਈ ਤੇ ਸਿਰਜਣਾਤਮਕ ਸੁਝਾਅ ਦਿੱਤੇ ਗਏ। ਅਗਲੇ ਮਹੀਨੇ ਦੂਸਰੇ ਐਤਵਾਰ ਨੂੰ ਇਸੇ ਤਰ੍ਹਾਂ ਸਾਹਿਤਕ ਮਹਿਫਲ ਸਜਾ ਕੇ ਮਿਲਣ ਦੇ ਵਾਅਦੇ ਨਾਲ ਇਹ ਮੀਟਿੰਗ ਸਮਾਪਤ ਹੋਈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …