ਕਿਹਾ, ਖਿਡਾਰੀ ਹਾਂ ਮੁਕਾਬਲੇ ਤੋਂ ਪਿੱਛੇ ਨਹੀਂ ਹਟਾਂਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਨੂੰ ਜਲੰਧਰ ਕੈਂਟ ਤੋਂ ਚੋਣ ਲੜਨ ਦੀ ਚੁਣੌਤੀ ਦੇ ਦਿੱਤੀ ਹੈ। ਪਰਗਟ ਸਿੰਘ ਨੇ ਕਿਹਾ ਕਿ ਮੈਂ ਖਿਡਾਰੀ ਹਾਂ ਅਤੇ ਮੁਕਾਬਲੇ ਤੋਂ ਪਿੱਛੇ ਨਹੀਂ ਹਟਾਂਗਾ। ਧਿਆਨ ਰਹੇ ਕਿ ਪੰਜਾਬ ਵਿਚ 2022 ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਹਨ, ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਇਸ ਦੌਰਾਨ ਸਿਆਸੀ ਆਗੂ ਇਕ-ਦੂਜੇ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲ ਹੀ ਵਿਚ ਖੇਡ ਮੰਤਰੀ ਬਣੇ ਪਰਗਟ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ ਨਵੀਂ ਪਾਰਟੀ ਬਣਾਉਣਾ ਕੋਈ ਸਿਆਣਪ ਦੀ ਗੱਲ ਨਹੀਂ ਹੈ। ਜੇ ਫਿਰ ਵੀ ਕੈਪਟਨ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਉਨ੍ਹਾਂ ਦੇ ਹਲਕੇ ਭਾਵ ਜਲੰਧਰ ਕੈਂਟ ਤੋਂ ਚੋਣ ਲੜਨ। ਪਰਗਟ ਸਿੰਘ ਨੇ ਕਿਹਾ ਕਿ ਮੈਂ ਖਿਡਾਰੀ ਹਾਂ ਤੇ ਖੇਡਣਾ ਚੰਗੀ ਤਰ੍ਹਾਂ ਜਾਣਦਾ ਹਾਂ, ਫਿਰ ਚਾਹੇ ਉਹ ਖੇਡ ਦਾ ਮੈਦਾਨ ਹੋਵੇ ਜਾਂ ਸਿਆਸਤ ਦਾ।