Breaking News
Home / ਹਫ਼ਤਾਵਾਰੀ ਫੇਰੀ / ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਨਾਟਕਕਾਰ ਅਜਮੇਰ ਔਲਖ

ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਨਾਟਕਕਾਰ ਅਜਮੇਰ ਔਲਖ

ਅਜਮੇਰ ਔਲਖ ਦੇ ਜੀਵਨ ਨਾਟਕ ਦਾ ਡਿੱਗਿਆ ਪਰਦਾ
ਮਾਨਸਾ/ਬਿਊਰੋ ਨਿਊਜ਼
ਪੰਜਾਬੀ ਦੇ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਔਲਖ ਦਾ ਮਾਨਸਾ ਵਿਖੇ ਆਪਣੇ ਘਰ ਵਿਚ  ਵੱਡੇ ਤੜਕੇ ਦੇਹਾਂਤ ਹੋ ਗਿਆ ਹੈ। ਉਹ 75 ਸਾਲ ਦੇ ਸਨ ਤੇ ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਤੇ ਤਿੰਨ ਧੀਆਂ ਹਨ। ਅਜਮੇਰ ਔਲਖ ਕੈਂਸਰ ਤੋਂ ਪੀੜਤ ਸਨ ਤੇ ਪੰਜ ਦਿਨ ਪਹਿਲਾਂ ਮੁਹਾਲੀ ਦੇ ਫੋਰਿਟਸ ਹਸਪਤਾਲ ‘ਚੋਂ ਆਪਣਾ ਇਲਾਜ ਕਰਵਾ ਕੇ ਮਾਨਸਾ ਆਏ ਸਨ। ਉਨ੍ਹਾਂ ਦੀ ਵੱਡੀ ਧੀ ਪ੍ਰੋ. ਸੁਪਨਦੀਪ ਕੌਰ ਨੇ ਦੱਸਿਆ ਕਿ ਪ੍ਰੋ. ਔਲਖ ਇਕ ਸ਼ਾਮ ਪਹਿਲਾਂ ਪਰਿਵਾਰ ਅਤੇ ਮਿਲਣ ਆਏ ਲੋਕਾਂ ਨਾਲ ਹੱਸਦੇ-ਖੇਡਦੇ ਰਹੇ। ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਸਵੇਰੇ ਤਿੰਨ ਵਜੇ ਉਨ੍ਹਾਂ ਨੂੰ ਪਾਸਾ ਦਿਵਾਇਆ ਗਿਆ ਪਰ ਜਦੋਂ ਪੰਜ ਕੁ ਵਜੇ ਉਹ ਉਨ੍ਹਾਂ ਨੂੰ ਵੇਖਣ ਗਏ ਤਾਂ ਉਦੋਂ ਸ੍ਰੀ ਔਲਖ ਇਸ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਸਨ। ਪ੍ਰੋ. ਔਲਖ ਦੀ ਮੌਤ ਨਾਲ ਇਨਕਲਾਬ ਪੱਖੀ, ਸਾਹਿਤ ਜਗਤ ਤੇ ਰੰਗਮੰਚ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਪਿਛਲੀ ਅੱਧੀ ਸਦੀ ਤੋਂ ਨਾਟਕਾਂ ਰਾਹੀਂ ਦੱਬੇ-ਕੁਚਲੇ ਲੋਕਾਂ ‘ਤੇ ਆਧਾਰਤ ਨਾਟਕ ਖੇਡ ਕੇ ਕਿਸਾਨਾਂ-ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਇਨਕਲਾਬੀ ਲਹਿਰ ਦੇ ਅੰਗ-ਸੰਗ ਹੋ ਕੇ ਜੂਝਦੇ ਰਹੇ। ਉਨ੍ਹਾਂ ਦਾ ਪਿੰਡ ਕਿਸ਼ਨਗੜ੍ਹ ਫਰਵਾਹੀ (ਮਾਨਸਾ) ਹੈ ਅਤੇ 28 ਅਗਸਤ 1965 ਤੋਂ ਸਾਲ 2000 ਤੱਕ ਉਨ੍ਹਾਂ ਨੇ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿੱਚ ਪੰਜਾਬੀ ਦੇ ਲੈਕਚਰਾਰ ਵਜੋਂ ਨੌਕਰੀ ਕੀਤੀ। ਉਨ੍ਹਾਂ ਨੂੰ ਭਾਰਤੀ ਸੰਗੀਤ ਨਾਟਕ ਪੁਰਸਕਾਰ 2005 ਵਿੱਚ ਦਿੱਤਾ ਗਿਆ। ਇਸ ਤੋਂ ਇਲਾਵਾ ਭਾਰਤੀ ਸਾਹਿਤ ਸੰਗੀਤ ਅਕਾਦਮੀ ਐਵਾਰਡ (2006) ਤੇ ਸ਼੍ਰੋਮਣੀ ਪੰਜਾਬੀ ਨਾਟਕਕਾਰ (2006) ਵਰਗੇ ਅਨੇਕਾਂ ਮਾਣ-ਸਨਮਾਨ ਉਨ੍ਹਾਂ ਦੀ ਝੋਲੀ ਪਏ। ਉਨ੍ਹਾਂ ਨੇ ਕਲਾਕਾਰਾਂ ਅਤੇ ਲੇਖਕਾਂ ਦੇ ਹੱਕ ਵਿੱਚ ਖੜ੍ਹਦਿਆਂ ਸਰਕਾਰ ਵਿਰੁੱਧ ਰੋਸ ਵਜੋਂ ਸੰਗੀਤ ਨਾਟਕ ਪੁਰਸਕਾਰ ਵਾਪਸ ਵੀ ਕਰ ਦਿੱਤਾ ਸੀ। ਔਲਖ ਦਾ ਜਨਮ ਪਿੰਡ ਕੁੰਭੜਵਾਲ (ਸੰਗਰੂਰ) ਵਿੱਚ ਸੰਨ 1944-45 ਦੇ ਨੇੜੇ-ਤੇੜੇ ਹੋਇਆ ਅਤੇ ਉਸ ਤੋਂ ਪਿੱਛੋਂ ਉਨ੍ਹਾਂ ਦਾ ਪਰਿਵਾਰ ਪਿੰਡ ਛੱਡ ਕੇ ਭੀਖੀ ਨੇੜੇ ਕਿਸ਼ਨਗੜ੍ਹ ਫਰਵਾਹੀ (ਮਾਨਸਾ) ਆ ਵਸਿਆ। 1952 ਵਿੱਚ ਇਸੇ ਪਿੰਡ ਦੇ ਸਕੂਲ ਤੋਂ ਉਨ੍ਹਾਂ ਨੇ ਪ੍ਰਾਇਮਰੀ ਪਾਸ ਕੀਤੀ ਅਤੇ ਦਸਵੀਂ 1958 ਵਿੱਚ ਭੀਖੀ ਤੋਂ ਕੀਤੀ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ 1965 ਵਿੱਚ ਐਮ.ਏ ਕੀਤੀ। ਉਨ੍ਹਾਂ ਦਾ ਸਮੁੱਚਾ ਪਰਿਵਾਰ ਨਾਟਕ ਕਲਾ ਨਾਲ ਹੀ ਜੁੜਿਆ ਹੋਇਆ ਹੈ। ਉਨ੍ਹਾਂ ਦਾ ਜਵਾਈ ਗੁਰਵਿੰਦਰ ਬਰਾੜ ਜਾਣਿਆ-ਪਛਾਣਿਆ ਲੋਕ ਗਾਇਕ ਹੈ। ‘ਬੇਗਾਨੇ ਬੋਹੜ ਦੀ ਛਾਂ’, ‘ਅਰਬਦ ਨਰਬਦ ਧੰਦੂਕਾਰਾ’, ‘ਅੰਨੇ ਨਿਸ਼ਾਨਚੀ’, ‘ਇਕ ਰਮਾਇਣ ਹੋਰ’, ਅਤੇ ‘ਤੂੜੀ ਵਾਲਾ ਕੋਠਾ’ ਵਰਗੇ ਦਰਜਨਾਂ ਨਾਟਕ ਜਦੋਂ-ਜਦੋਂ ਮੰਚ ਤੋਂ ਖੇਡੇ ਜਾਣਗੇ ਤਦ-ਤਦ ਰਹਿ-ਰਹਿ ਕੇ ਔਲਖ ਯਾਦ ਆਉਣਗੇ।
ਵਿਧਾਨ ਸਭਾ ਵੱਲੋਂ ਸ਼ਰਧਾਂਜਲੀ : ਪੰਜਾਬ ਵਿਧਾਨ ਸਭਾ ਵਿੱਚ ਨਾਟਕਕਾਰ ਪ੍ਰੋ. ਅਜਮੇਰ ਔਲਖ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰੋ.ਔਲਖ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਮੂਹ ਮੈਂਬਰਾਂ ਵੱਲੋਂ ਸਦਨ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਪ੍ਰੋ.ਔਲਖ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਮੰਤਰੀ ਮੰਡਲ ਦੇ ਸਮੂਹ ਮੰਤਰੀਆਂ, ਸਾਹਿਤਕ ਸਭਾਵਾਂ, ਰੰਗਮੰਚ ਸੰਗਠਨਾਂ, ਕਲਾਕਾਰਾਂ, ਲੇਖਕਾਂ, ਬੁੱਧਜੀਵੀਆਂ ਅਤੇ ਵੱਖੋ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਵੱਲੋਂ ਪੰਜਾਬੀ ਦੇ ਨਾਮਵਾਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਅੰਤਿਮ ਇੱਛਾ : ਧੀਆਂ ਦੇਣ ਚਿਖਾ ਨੂੰ ਅੱਗ, ਸਿਆਸੀ ਲੀਡਰ ਨੂੰ ਰੱਖਿਓ ਦੂਰ
ਪ੍ਰੋ. ਅਜਮੇਰ ਸਿੰਘ ਔਲਖ ਨੇ 29 ਨਵੰਬਰ 2013 ਨੂੰ ਆਪਣੀ ਅੰਤਿਮ ਇੱਛਾ ਲਿਖ ਕੇ ਰੱਖੀ ਸੀ। ਉਨ੍ਹਾਂ ਲਿਖਿਆ ਕਿਹਾ ਕਿ ਚਿਤਾ ਨੂੰ ਅਗਨੀ ਵਿਖਾਉਣ ਦੀ ਰਸਮ ਪਹਿਲਾਂ ਉਨ੍ਹਾਂ ਦੀਆਂ ਧੀਆਂ, ਜੋ ਉਸ ਸਮੇਂ ਹਾਜ਼ਰ ਹੋਣ ਕਰਨ। ਭੋਗ ਆਦਿ ਦੀ ਕੋਈ ਧਾਰਮਿਕ ਰਸਮ ਨਹੀਂ ਹੋਣੀ ਚਾਹੀਦੀ, ਸਿਰਫ਼ ਸਰਧਾਂਜਲੀ ਸਮਾਗਮ ਰੱਖਿਆ ਜਾਵੇ ਤੇ ਕੋਈ ਸਿਆਸੀ ਬੁਲਾਰਾ ਨਾ ਸੱਦਿਆ ਜਾਵੇ। ਸਮਾਗਮ ਬੇਲੋੜਾ ਤੇ ਲੰਬਾ ਵੀ ਨਾ ਹੋਵੇ।ਬਲਕਿ ਸਾਦਗੀ ਭਰਪੂਰ ਹੋਵੇ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …