Breaking News
Home / ਹਫ਼ਤਾਵਾਰੀ ਫੇਰੀ / ਵਰਦੀ ਵਾਲਾ ਡਰੱਗ ਤਸਕਰ

ਵਰਦੀ ਵਾਲਾ ਡਰੱਗ ਤਸਕਰ

ਨਸ਼ਾ ਫੜਨ ‘ਤੇ ਗੈਲੇਂਟਰੀ ਐਵਾਰਡ ਹਾਸਲ ਕਰਨ ਵਾਲਾ ਪੰਜਾਬ ਦਾ ਬਹਾਦਰ ਇੰਸਪੈਕਟਰ ਹੀ ਨਿਕਲਿਆ ਡਰੱਗ ਮਾਫ਼ੀਆ, ਹੈਰੋਇਨ, ਸਮੈਕ ਤੇ ਏਕੇ-47 ਸਮੇਤ ਗ੍ਰਿਫ਼ਤਾਰ
ਜਲੰਧਰ/ਬਿਊਰੋ ਨਿਊਜ਼ : ਨਸ਼ਿਆਂ ਖ਼ਿਲਾਫ਼ ਕਾਇਮ ਕੀਤੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਪੰਜਾਬ ਪੁਲਿਸ ਦੀਆਂ ਅੱਖਾਂ ਦਾ ਤਾਰਾ ਮੰਨੇ ਜਾਂਦੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਰਿਹਾਇਸ਼ ਤੋਂ ਵੱਡੀ ਮਾਤਰਾ ਵਿਚ ਨਸ਼ਾ ਅਤੇ ਅਸਲਾ ਬਰਾਮਦ ਕੀਤਾ ਹੈ। ਐਸਟੀਐਫ ਨੇ ਸੋਮਵਾਰ ਸਵੇਰੇ 5 ਵਜੇ ਜਲੰਧਰ ਰਿਹਾਇਸ਼ ‘ਤੇ ਛਾਪਾ ਮਾਰਿਆ। ਇਸ ਇੰਸਪੈਕਟਰ ਦੇ ਦੋ ਸਰਕਾਰੀ ਮਕਾਨਾਂ ਵਿਚੋਂ 4 ਕਿਲੋ ਹੈਰੋਇਨ ਮਿਲੀ। ਇਸ ਤੋਂ ਇਲਾਵਾ ਇੰਸਪੈਕਟਰ ਇੰਦਰਜੀਤ ਕੋਲੋਂ 3 ਕਿਲੋ ਸਮੈਕ, ਇਕ ਏਕੇ 47 ਰਾਈਫਲ, ਇਕ ਇਟਲੀ ਦਾ ਬਣਿਆ 9 ਐਮਐਮ ਪਿਸਤੌਲ, ਇਕ .38 ਬੋਰ ਰਿਵਾਲਵਰ, ਵੱਖ-ਵੱਖ ਬੋਰਾਂ ਦੇ 383 ਕਾਰਤੂਸ, 16.50 ਲੱਖ ਦੀ ਭਾਰਤੀ ਕਰੰਸੀ ਅਤੇ 3550 ਪੌਂਡ ਅਤੇ ਇਕ ਇਨੋਵਾ ਗੱਡੀ ਬਰਾਮਦ ਕੀਤੀ ਗਈ ਹੈ। ਇਸੇ ਦੌਰਾਨ ਦੇਰ ਸ਼ਾਮ ਮੁਲਜ਼ਮ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 19 ਜੂਨ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਇੰਦਰਜੀਤ ਸਿੰਘ ਦੀ ਬਦਲੀ ਕੁਝ ਦਿਨ ਪਹਿਲਾਂ ਹੀ ਫਿਰੋਜ਼ਪੁਰ ਰੇਂਜ ਵਿਚ ਹੋਈ ਸੀ ਅਤੇ 28 ਅਪਰੈਲ ਤੋਂ 8 ਜੂਨ ਤਕ ਉਹ ਸੀਆਈਏ ਸਟਾਫ ਕਪੂਰਥਲਾ ਦਾ ਇੰਚਾਰਜ ਰਿਹਾ। ਐਸਟੀਐਫ ਦੇ ਏਆਈਜੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਐਸਟੀਐਫ ਦੀ ਟੀਮ ਨੇ ਸਵੇਰੇ 5 ਵਜੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਜਲੰਧਰ ਵਾਲੀ ਰਿਹਾਇਸ਼ ਦੀ ਤਲਾਸ਼ੀ ਲਈ ਤਾਂ ਇਸ ਦੌਰਾਨ ਇਕ ਏ.ਕੇ 47 ਰਾਈਫਲ, ਇਕ ਇਟਾਲੀਅਨ 9 ਐਮ.ਐਮ ਰਿਵਾਲਵਰ, ਇਕ 38 ਬੋਰ ਪਿਸਤੌਲ, ਏਕੇ 47 ਦੇ 125 ਕਾਰਤੂਸ, .12 ਬੋਰ ਦੇ 41 ਕਾਰਤੂਸ, 315 ਬੋਰ ਦੇ 43 ਕਾਰਤੂਸ, 32 ਬੋਰ ਦੇ 60 ਕਾਰਤੂਸ, 9 ਐਮਐਮ ਦੇ 66 ਕਾਰਤੂਸ ਅਤੇ 7.62 ਦੇ 125 ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਭਾਰਤੀ ਤੇ ਵਿਦੇਸ਼ੀ ਕਰੰਸੀ ਦੇ ਨਾਲ ਇਕ ਇਨੋਵਾ ਗੱਡੀ ਬਰਾਮਦ ਕੀਤੀ ਹੈ।
ਨਾਮ    :     ਇੰਦਰਜੀਤ ਸਿੰਘ
ਕੰਮ     :     ਨਸ਼ਾ ਫੜਨ ਵਾਲੀ
ਸੀਆਈਏ ਟੀਮ ਦਾ     ਮੁਖੀ
ਧੰਦਾ    :     ਫੜੇ ਨਸ਼ੇ ‘ਚੋਂ
ਬਹੁਤਾ ਵੇਚਣਾ
ਡੀਲਿੰਗ    :     ਚਿੱਟੇ ਅਤੇ ਪੈਸੇ ਦਾ
ਲੈਣ-ਦੇਣ ਹਮੇਸ਼ਾ ਚੰਡੀਗੜ੍ਹ ‘ਚ
ਸਪਲਾਈ    :     ਪੰਜਾਬ ਤੋਂ ਮੁੰਬਈ ਤੱਕ
ਅੰਦਾਜ਼    :    ਗਿਰੋਹਾਂ ਤੋਂ ਫੜਨਾ ਤੇ ਆਪਣੇ ਗਿਰੋਹ ਰਾਹੀਂ ਸਪਲਾਈ
ਬਰਾਮਦ    :    4 ਕਿਲੋ ਹੈਰੋਇਨ, 3     ਕਿਲੋ ਸਮੈਕ, ਏਕੇ-47, ਇਟਲੀ ਦੀ
ਬਣੀ ਪਿਸਟਲ, 38     ਬੋਰ ਦਾ ਰਿਵਾਲਵਰ
16.50 ਲੱਖ ਰੁਪਏ
ਜਨਾਬ ਦਾ ਵੀ ਖਾਸ ਸੀ
ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਚਰਚਾ ਜ਼ੋਰਾਂ ‘ਤੇ ਹੈ ਕਿ ਇੰਸਪੈਕਟਰ ਇੰਦਰਜੀਤ ਸਿੰਘ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਚਹੇਤੇ ਪੁਲਿਸ ਅਫ਼ਸਰਾਂ ਵਿਚੋਂ ਸੀ। ਇਸੇ ਕਰਕੇ ਉਸ ਦੀ ਤਾਇਨਾਤੀ ਵੀ ਚੰਗੇ ਟਿਕਾਣਿਆਂ ‘ਤੇ ਹੁੰਦੀ ਰਹੀ ਹੈ। ਇਹ ਵੀ ਚਰਚਾ ਹੈ ਕਿ ਇੰਦਰਜੀਤ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਵੀ ਖ਼ਾਸ ਸੀ। ਜਿੱਥੇ ਵੀ ਸੀਨੀਅਰ ਅਫ਼ਸਰ ਦੀ ਬਦਲੀ ਹੁੰਦੀ ਸੀ, ਉਹ ਇੰਦਰਜੀਤ ਨੂੰ ਵੀ ਆਪਣੇ ਨਾਲ ਹੀ ਲੈ ਜਾਂਦਾ ਸੀ। ਇਸ ਅਧਿਕਾਰੀ ਦੀ ਕਥਿਤ ਸ਼ੱਕੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇੰਸਪੈਕਟਰ ਦੇ ਅੰਮ੍ਰਿਤਸਰ ਸਥਿਤ ਆਲੀਸ਼ਾਨ ਮਕਾਨ ‘ਚੋਂ ਵੀ ਇਕ ਏਕੇ-47 ਹੋਰ ਬਰਾਮਦ
ਅੰਮ੍ਰਿਤਸਰ : ਐਸਟੀਐਫ ਨੇ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਦੇ ਇਥੇ ਚਾਟੀਵਿੰਡ ਗੇਟ ਨੇੜੇ ਕਿਸ਼ਨਗੜ੍ਹ ਇਲਾਕੇ ਵਿਚ ਸਥਿਤ ਮਕਾਨ ‘ਤੇ ਛਾਪਾ ਮਾਰਿਆ। ਛਾਪੇ ਤੋਂ ਕੁਝ ਸਮਾਂ ਪਹਿਲਾਂ ਇੰਸਪੈਕਟਰ ਦਾ ਗੰਨਮੈਨ ਮਕਾਨ ਛੱਡ ਕੇ ਚਲਾ ਗਿਆ ਸੀ। ਟੀਮ ਨੇ ਮਕਾਨ ਸੀਲ ਕਰ ਦਿੱਤਾ ਸੀ ਅਤੇ ਕੁਝ ਮੁਲਾਜ਼ਮ ਵੀ ਤਾਇਨਾਤ ਕਰ ਦਿੱਤੇ ਹਨ। ਇੰਦਰਜੀਤ ਸਿੰਘ ਕਈ ਸਾਲ ਇਥੇ ਸੀਆਈਏ ਸਟਾਫ ਵਿੱਚ ਤਾਇਨਾਤ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਇੰਸਪੈਕਟਰ ਆਪਣੇ ਹੀ ਇਸ ਆਲੀਸ਼ਾਨ ਮਕਾਨ ਵਿਚ ਹੁਣ ਪੁਲਿਸ ਦੀ ਗ੍ਰਿਫ਼ਤ ਦੌਰਾਨ ਮੂੰਹ ਢਕ ਕੇ ਵੜਿਆ ਤੇ ਉਸਦੀ ਮੌਜੂਦਗੀ ਵਿਚ ਜਦੋਂ ਪੁਲਿਸ ਨੇ ਮਕਾਨ ਦੀ ਜਾਂਚ ਕੀਤੀ ਤਾਂ ਇਥੋਂ ਵੀ ਇਕ ਏਕੇ-47 ਹੋਰ ਬਰਾਮਦ ਹੋਈ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਇੰਸਪੈਕਟਰ ਇੰਦਰਜੀਤ ਪੁਲਿਸ ਰਿਮਾਂਡ ‘ਤੇ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …