ਅੰਮ੍ਰਿਤਸਰ : ਪਾਕਿਸਤਾਨੀ ਫੌਜ, ਰੇਂਜਰਜ਼, ਟ੍ਰੈਫਿਕ ਪੁਲਿਸ, ਰੇਸਕਿਊ ਪੁਲਿਸ, ਨੇਵੀ ਆਦਿ ਸੁਰੱਖਿਆ ਖੇਤਰ ਨਾਲ ਜੁੜੇ ਖੇਤਰਾਂ ਵਿਚ ਪਹਿਲਾਂ ਹੀ ਪਾਕਿਸਤਾਨੀ ਸਿੱਖ ਸੇਵਾਵਾਂ ਦੇ ਰਹੇ ਹਨ, ਜਦਕਿ ਹੁਣ ਸੂਬਾ ਬਲੋਚਿਸਤਾਨ ਦੇ ਡੇਰਾ ਬੁਗਤੀ ‘ਚ ਜਨਮੇ ਆਕਾਸ਼ ਸਿੰਘ ਖਾਲਸਾ ਦੀ ਨਿਯੁਕਤੀ ਕਸਟਮ ਇੰਟੈਲੀਜੈਂਸ ਇੰਸਪੈਕਟਰ (ਗ੍ਰੇਡ ਬੀ. ਐਸ. 16) ਵਜੋਂ ਕੀਤੀ ਗਈ ਹੈ। ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਪਾਕਿਸਤਾਨੀ ਸਿੱਖ ਹਨ। ਆਕਾਸ਼ ਸਿੰਘ ਨੇ ਦੱਸਿਆ ਕਿ ਸਾਲ 2004 ‘ਚ ਉਨ੍ਹਾਂ ਦਾ ਪਰਿਵਾਰ ਡੇਰਾ ਬੁਗਤੀ ‘ਚ ਹਾਲਾਤ ਖ਼ਰਾਬ ਹੋਣ ‘ਤੇ ਸੂਬਾ ਸਿੰਧ ਦੇ ਕਸ਼ਮੋਰ ‘ਚ ਆਬਾਦ ਹੋ ਗਿਆ। ਉੱਥੇ ਸਕੂਲੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਗੌਰਮਿੰਟ ਕਾਲਜ ਲਾਹੌਰ ਤੋਂ ਗ੍ਰੈਜੂਏਸ਼ਨ ਤੇ ਫਿਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਆਕਾਸ਼ ਸਿੰਘ ਐੱਲ.ਐੱਲ.ਬੀ. ਕੀਤੀ। ਕਸਟਮ ਇੰਟੈਲੀਜੈਂਸ ਇੰਸਪੈਕਟਰ ਦੇ ਅਹੁਦੇ ‘ਤੇ ਨਿਯੁਕਤ ਹੋਣ ਤੋਂ ਪਹਿਲਾਂ ਤਕ ਉਹ ਲਾਹੌਰ ਅਤੇ ਕਰਾਚੀ ‘ਚ ਹਾਈ ਕੋਰਟ ਦੇ ਵਕੀਲ ਵਜੋਂ ਸੇਵਾਵਾਂ ਦੇ ਰਿਹਾ ਸੀ।