Breaking News
Home / ਦੁਨੀਆ / ਮਹਾਰਾਣੀ ਐਲਿਜ਼ਾਬੈੱਥ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖਾਕ

ਮਹਾਰਾਣੀ ਐਲਿਜ਼ਾਬੈੱਥ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖਾਕ

ਅੰਤਿਮ ਰਸਮਾਂ ‘ਚ 500 ਦੇ ਕਰੀਬ ਆਲਮੀ ਆਗੂ ਹੋਏ ਸ਼ਾਮਲ
ਲੰਡਨ/ਬਿਊਰੋ ਨਿਊਜ਼ : ਮਹਾਰਾਣੀ ਐਲਿਜ਼ਾਬੈੱਥ ਦੋਇਮ ਨੂੰ ਸੋਮਵਾਰ ਨੂੰ ਲੰਡਨ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਵੈਸਟਮਿਨਸਟਰ ਐਬੇ ਵਿੱਚ ਨਿਭਾਈਆਂ ਅੰਤਿਮ ਰਸਮਾਂ ਮਗਰੋਂ ਕਿੰਗ ਜੌਰਜ 6 ਮੈਮੋਰੀਅਲ ਚੈਪਲ ਵਿੱਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਮਹਾਰਾਣੀ ਨੂੰ ਉਨ੍ਹਾਂ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੇ ਤਾਬੂਤ ਨੇੜੇ ਹੀ ਦਫਨਾਇਆ ਗਿਆ। ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ। ਮਹਾਰਾਣੀ ਦੀਆਂ ਅੰਤਿਮ ਰਸਮਾਂ ਵਿੱਚ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੋਅ ਬਾਇਡਨ ਸਣੇ ਪੰਜ ਸੌ ਦੇ ਕਰੀਬ ਆਲਮੀ ਆਗੂਆਂ ਅਤੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ‘ਚ ਵਸੇ ਸ਼ਾਹੀ ਪਰਿਵਾਰਾਂ ਨੇ ਸ਼ਿਰਕਤ ਕੀਤੀ। ਮਹਾਰਾਣੀ ਦਾ 8 ਸਤੰਬਰ ਨੂੰ 96 ਸਾਲ ਦੀ ਉਮਰ ਵਿੱਚ ਸਕਾਟਲੈਂਡ ‘ਚ ਬਾਲਮੋਰਲ ਕੈਸਲ ਵਿਚਲੀ ਰਿਹਾਇਸ਼ ‘ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ 70 ਸਾਲ ਬਰਤਾਨੀਆ ਦੇ ਤਖਤ ‘ਤੇ ਰਾਜ ਕੀਤਾ। ਇਸ ਦੌਰਾਨ ਮਰਹੂਮ ਮਹਾਰਾਣੀ ਦੇ ਸਤਿਕਾਰ ਵਜੋਂ ਪੂਰੇ ਯੂਕ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਵੈਸਟਮਿਨਸਟਰ ਹਾਲ ਵਿੱਚ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖੇ ਮਹਾਰਾਣੀ ਦੀ ਦੇਹ ਵਾਲੇ ਤਾਬੂਤ ਨੂੰ ਮੁਕਾਮੀ ਸਮੇਂ ਮੁਤਾਬਕ ਸਵੇਰੇ 11 ਵਜੇ ਵੈਸਟਮਿਨਸਟਰ ਐਬੇ ਲਿਜਾਇਆ ਗਿਆ। ਯੂਕੇ ਦੀ ਸੰਸਦ ਵਿਚਲੇ ਵੈਸਟਮਿਨਸਟਰ ਹਾਲ ਵਿੱਚ ਮਹਾਰਾਣੀ ਦੀ ਦੇਹ ਨੂੰ ਪੰਜ ਦਿਨ ਰੱਖਿਆ ਗਿਆ ਸੀ। ਰੌਇਲ ਏਅਰ ਫੋਰਸ ਦੀ ਸਿਵਲ ਮੈਂਬਰ ਕ੍ਰਿਸਟੀਨਾ ਹੀਰੇ ਮਹਾਰਾਣੀ ਦੇ ਤਾਬੂਤ ਦੀ ਦਰਸ਼ਨ ਕਰਨ ਵਾਲੀ ਆਖਰੀ ਮੈਂਬਰ ਸੀ। ਵੈਸਟਮਿਨਸਟਰ ਐਬੇ ਤੋਂ ਮਹਾਰਾਣੀ ਦੇ ਤਾਬੂਤ ਨੂੰ ਵਿੰਡਸਰ ਕੈਸਲ ਲਿਆਂਦਾ ਗਿਆ। ਐਬੇ ‘ਚ ਰੱਖੀਆਂ ਅੰਤਿਮ ਰਸਮਾਂ ਵਿੱਚ 2000 ਦੇ ਕਰੀਬ ਲੋਕ ਜੁੜੇ। ਅੰਤਿਮ ਰਸਮਾਂ ਦਾ ਸਵਾ ਸੌ ਦੇ ਕਰੀਬ ਸਿਨੇਮਾਘਰਾਂ ਤੇ ਯੂਕੇ ਦੇ ਕਈ ਵੱਡੇ ਗਿਰਜਾਘਰਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ। ਐਡਿਨਬਰਗ ਵਿਚ ਹੋਲੀਰੁੱਡਹਾਊਸ ਦੇ ਪੈਲੇਸ ਦੇ ਸਾਹਮਣੇ ਹੋਲੀਰੁੱਡ ਪਾਰਕ ਵਿੱਚ ਵੱਡੀ ਸਕਰੀਨ ‘ਤੇ ਵੀ ਲੋਕਾਂ ਨੇ ਅੰਤਿਮ ਰਸਮਾਂ ਵੇਖੀਆਂ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੇ ਮਹਾਰਾਣੀ ਐਲਿਜ਼ਾਬੈੱਥ ਦੀਆਂ ਅੰਤਿਮ ਰਸਮਾਂ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਆਖਰੀ ਤਸਵੀਰ ਰਿਲੀਜ਼ ਕਰ ਦਿੱਤੀ ਸੀ। ਅੰਤਿਮ ਰਸਮਾਂ ਮੌਕੇ ਬਰਤਾਨਵੀ ਪ੍ਰਧਾਨ ਮੰਤਰੀ ਲਿਜ਼ ਟਰੱਸ ਤੇ ਰਾਸ਼ਟਰਮੰਡਲ ਸਕੱਤਰ ਜਨਰਲ ਬਾਰੋਨੈੱਸ ਪੈਟਰੀਸ਼ੀਆ ਸਕੌਟਲੈਂਡ ਨੇ ਬਾਈਬਲ ‘ਚੋਂ ਕੁਝ ਸਤਰਾਂ ਪੜ੍ਹੀਆਂ।
ਐਲਿਜ਼ਾਬੈੱਥ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਰਤਾਨੀਆ ਦੀ ਮਹਾਰਾਣੀ ਮਰਹੂਮ ਐਲਿਜ਼ਾਬੈੱਥ ਦੋਇਮ ਦੀ ਆਤਮਿਕ ਸ਼ਾਂਤੀ ਸਬੰਧੀ ਅਰਦਾਸ ਕੀਤੀ ਗਈ। ਇਸ ਸਬੰਧ ਵਿੱਚ ਅਰਦਾਸ ਕਰਦਿਆਂ ਪਾਰਟੀ ਦੇ ਆਗੂ ਹਰਬੀਰ ਸਿੰਘ ਸੰਧੂ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਵੇਲੇ ਬਰਤਾਨੀਆ ਦੀਆਂ ਫੌਜਾਂ ਨੇ ਵੀ ਮਦਦ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ 1997 ਵਿੱਚ ਜਦੋਂ ਮਹਾਰਾਣੀ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਆਈ ਸੀ ਤਾਂ ਉਨ੍ਹਾਂ ਉਸ ਵੇਲੇ ਸਮੂਹ ਸੰਗਤ ਤੋਂ ਇਸ ਸਬੰਧ ਵਿੱਚ ਮੁਆਫੀ ਮੰਗੀ ਸੀ। ਇਸੇ ਲਈ ਪਾਰਟੀ ਵੱਲੋਂ ਉਨ੍ਹਾਂ ਦੀ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕੀਤੀ ਗਈ ਹੈ।

 

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …