ਨਿਯੁਕਤੀ ਤੋਂ ਕੁੱਝ ਘੰਟੇ ਬਾਅਦ ਹੀ ਮੈਗਡਾਲੇਨਾ ਐਂਡਰਸਨ ਨੇ ਦਿੱਤਾ ਅਸਤੀਫਾ
ਸਟਾਕਹੋਮ : ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੈਗਡਾਲੇਨਾ ਐਂਡਰਸਨ ਨੇ ਚੁਣੇ ਜਾਣ ਤੋਂ 12 ਘੰਟਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ। ਐਂਡਰਸਨ ਨੇ ਤਿੰਨ ਪਾਰਟੀਆਂ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਸੀ। ਇਸ ਵਿਚ ਗਰੀਨ ਪਾਰਟੀ ਅਤੇ ਸੈਂਟਰ ਪਾਰਟੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਹੈ।
ਐਂਡਰਸਨ ਨੂੰ ਉਮੀਦ ਹੈ ਕਿ ਸਰਕਾਰ ਵਿਚ ਇਕੱਲੀ ਬਚੀ ਪਾਰਟੀ ਹੋਣ ਦੇ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ। ਦੇਸ਼ ਦੀ ਵਿੱਤ ਮੰਤਰੀ ਰਹਿ ਚੁੱਕੀ ਐਂਡਰਸਨ ਇਸ ਮਹੀਨੇ ਦੀ ਸ਼ੁਰੂਆਤ ਵਿਚ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਲੀਡਰ ਚੁਣੀ ਗਈ ਸੀ। ਸਵੀਡਨ ਦੀ ਸੰਸਦ ਨੇ ਬੁੱਧਵਾਰ ਨੂੰ ਮੈਗਡਾਲੇਨਾ ਐਂਡਰਸਨ ਨੂੰ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੇ ਤੌਰ ‘ਤੇ ਮਨਜੂਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਗਰੀਨ ਪਾਰਟੀ ਨੇ ਕਿਹਾ ਹੈ ਕਿ ਉਹ ਸੰਸਦ ਵਿਚ ਅਗਲੇ ਸਮਰਥਨ ਵੋਟ ਦੇ ਲਈ ਐਂਡਰਸਨ ਦਾ ਸਾਥ ਦੇਵੇਗੀ। ਇਸੇ ਦੌਰਾਨ ਸੈਂਟਰ ਪਾਰਟੀ ਨੇ ਵੋਟਿੰਗ ਵਿਚ ਮੌਜੂਦ ਨਾ ਰਹਿਣ ਦਾ ਫੈਸਲਾ ਲਿਆ ਹੈ। ਸੈਂਟਰ ਪਾਰਟੀ ਦੇ ਵਾਕ ਆਊਟ ਕਰਨ ਨਾਲ ਐਂਡਰਸਨ ਨੂੰ ਫਾਇਦਾ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਲੈਫਟ ਪਾਰਟੀ ਪਹਿਲਾਂ ਹੀ ਐਂਡਰਸਨ ਦੇ ਨਾਲ ਹੈ।