Breaking News
Home / ਦੁਨੀਆ / ਅਮਰੀਕਾ ਮੁੜ ਵਧੇਰੇ ਸਨਮਾਨਿਤ ਢੰਗ ਨਾਲ ਅੱਗੇ ਵਧ ਰਿਹੈ

ਅਮਰੀਕਾ ਮੁੜ ਵਧੇਰੇ ਸਨਮਾਨਿਤ ਢੰਗ ਨਾਲ ਅੱਗੇ ਵਧ ਰਿਹੈ

ਹੁਣ ਅਸੀਂ ਪਿੱਛੇ ਪਰਤਣ ਵਾਲੇ ਨਹੀਂ ਹਾਂ : ਡੋਨਾਲਡ ਟਰੰਪ
ਵਾਸ਼ਿੰਗਟਨ : ਮਹਾਦੋਸ਼ ਦੇ ਮਾਮਲੇ ਵਿਚ ਘਿਰੇ ਹੋਣ ਦੇ ਬਾਵਜੂਦ ਮੁੜ ਰਾਸ਼ਟਰਪਤੀ ਚੁਣੇ ਜਾਣ ਦੀ ਸੰਭਾਵਨਾ ਕਾਰਨ ਆਤਮਵਿਸ਼ਵਾਸ਼ ਨਾਲ ਭਰੇ ਡੋਨਲਡ ਟਰੰਪ ਨੇ ਕਾਂਗਰਸ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਇਕ ਵਾਰ ਫਿਰ ਵਧੇਰੇ ਸਨਮਾਨਿਤ ਢੰਗ ਨਾਲ ਅੱਗੇ ਵਧ ਰਿਹਾ ਹੈ। ਤੀਜੀ ਵਾਰ ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਆਪਣੇ ਤਿੰਨ ਸਾਲ ਦੇ ਕਾਰਜਕਾਲ ਵਿਚ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਮਰੀਕੀਆਂ ਦੀ ਮਾਨਸਿਕਤਾ ਬਦਲ ਦਿੱਤੀ ਹੈ। ਆਪਣੇ ਕਰੀਬ ਇਕ ਘੰਟੇ ਦੇ ਭਾਸ਼ਣ ਵਿਚ ਉਨ੍ਹਾਂ ਕਿਹਾ, ”ਅਸੀਂ ਉਸ ਰਫ਼ਤਾਰ ਨਾਲ ਅੱਗੇ ਵਧ ਰਹੇ ਹਾਂ, ਜਿਸ ਬਾਰੇ ਕੁਝ ਸਮਾਂ ਪਹਿਲਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ ਅਤੇ ਹੁਣ ਅਸੀਂ ਪਿੱਛੇ ਨਹੀਂ ਪਰਤਣ ਵਾਲੇ ਹਾਂ।” ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ, ਆਮਦਨ ਵਧ ਰਹੀ ਹੈ, ਗਰੀਬੀ ਘੱਟ ਹੋਈ ਹੈ ਅਤੇ ਮੁਲਕ ਵਧੇਰੇ ਸਨਮਾਨਿਤ ਢੰਗ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ‘ਗ੍ਰੇਟ ਅਮੈਰਿਕਨ ਕਮਬੈਕ’ ਦੀ ਸ਼ੁਰੂਆਤ ਕੀਤੀ ਸੀ। ‘ਅਮਰੀਕਾ ਦੇ ਦੁਸ਼ਮਨ ਭੱਜ ਰਹੇ ਹਨ, ਅਮਰੀਕਾ ਦੀ ਕਿਸਮਤ ਬੁਲੰਦ ਅਤੇ ਭਵਿੱਖ ਰੌਸ਼ਨ ਹੈ।’ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਜਾਰੀ ਰਹਿਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਅਹਿਦ ਲਿਆ ਕਿ ਉਹ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਨੂੰ ਮੁਲਕ ਵਾਪਸ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਅਮਰੀਕੀ ਫ਼ੌਜ ਦੂਜੇ ਮੁਲਕਾਂ ਵਿਚ ਅਮਨ ਕਾਨੂੰਨ ਬਹਾਲ ਕਰਨ ਵਾਲੀ ਏਜੰਸੀ ਵਜੋਂ ਨਹੀਂ ਵਿਚਰ ਸਕਦੀ ਹੈ। ਉਨ੍ਹਾਂ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਸ਼ਾਂਤੀ ਦੀ ਬਣਾਈ ਗਈ ਯੋਜਨਾ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਇਰਾਨ ਦੇ ਮਰਹੂਮ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ‘ਜ਼ਾਲਿਮ ਕਸਾਈ’ ਦੱਸਦਿਆਂ ਸਟੀਕ ਹਮਲਾ ਕਰਨ ਲਈ ਅਮਰੀਕੀ ਫ਼ੌਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੁਲੇਮਾਨੀ ਦੇ ਮਾਰੇ ਜਾਣ ਨਾਲ ਅੱਤਵਾਦ ਦਾ ਘਿਣਾਉਣਾ ਯੁੱਗ ਹਮੇਸ਼ਾ ਲਈ ਖ਼ਤਮ ਹੋ ਗਿਆ ਹੈ। ਉਨ੍ਹਾਂ ਕਰੋਨਾਵਾਇਰਸ ਨਾਲ ਨਜਿੱਠਣ ਲਈ ਚੀਨ ਨੂੰ ਸਹਿਯੋਗ ਦੇਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਲੋੜੀਂਦੇ ਕਦਮ ਉਠਾਏ ਜਾਣਗੇ।

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …