ਟਰੰਪ ਖਿਲਾਫ ਚੋਣਾਂ ਲੜਨ ‘ਚ ਮਾਂ ਦੀ ਸਲਾਹ
ਕੰਮ ਆਵੇਗੀ : ਕਮਲਾ ਹੈਰਿਸ
ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਕਿਹਾ – ਅਮਰੀਕੀ ਹਿੰਦੂ ਹੋਣ ‘ਤੇ ਮਾਣ, ਆਲੋਚਨਾ ਦਾ ਡਰ ਨਹੀਂ
ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਚੋਣਾਂ ਲਈ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਜਦਕਿ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਦੋ ਫਰਵਰੀ ਤੋਂ ਰੈਲੀਆਂ ਸ਼ੁਰੂ ਕਰਨਗੇ। ਕਮਲਾ ਕੈਲੀਫੋਰਨੀਆ ਅਤੇ ਤੁਲਸੀ ਹੁਵਾਈ ਵਿਚ ਡੈਮੋਕਰੇਟਿਕ ਪਾਰਟੀ ਦੀ ਸੰਸਦ ਮੈਂਬਰ ਹੈ। ਦੋਵਾਂ ਨੇ ਆਪਣੀ ਪਾਰਟੀ ਵਿਚ ਉਮੀਦਵਾਰੀ ਦਾ ਦਾਅਵਾ ਕੀਤਾ ਹੈ। ਕਮਲਾ ਨੇ ਐਤਵਾਰ ਨੂੰ ਹੋਮਟਾਊਨ ਅੋਕਲੈਂਡ ਵਿਚ ਕਰੀਬ 30 ਮਿੰਟ ਭਾਸ਼ਣ ਦਿੱਤਾ। ਰੈਲੀ ਵਿਚ ਕਰੀਬ 20 ਹਜ਼ਾਰ ਵਿਅਕਤੀ ਹਾਜ਼ਰ ਸਨ। ਕਮਲਾ ਨੇ ਕਿਹਾ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਚੋਣ ਲੜਨਾ ਅਸਾਨ ਨਹੀਂ ਹੋਵੇਗਾ। ਮੇਰੀ ਮਾਂ ਸ਼ਿਆਮਲਾ ਗੋਪਾਲਨ ਕਹਿੰਦੀ ਸੀ ਕਿ ਹੱਥ ‘ਤੇ ਹੱਥ ਰੱਖ ਕੇ ਬੈਠਣ ਨਾਲ ਕੰਮ ਨਹੀਂ ਚੱਲੇਗਾ। ਮੈਂ ਮਾਂ ਤੋਂ ਮਿਲੀ ਸਿੱਖਿਆ ਦੇ ਨਾਲ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਰੱਖਦੀ ਹਾਂ। ਮੈਂ ਇਹ ਚੋਣ ਇਸ ਲਈ ਲੜਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਅਮਰੀਕਾ ਨਾਲ ਪਿਆਰ ਹੈ। ਕਮਲਾ ਨੇ ਟਰੰਪ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਮੈਕਸੀਕੋ ਸਰਹੱਦ ‘ਤੇ ਦੀਵਾਰ ਬਣਾਉਣ ਦੀ ਜਿੱਦ ਲੋਕਤੰਤਰ ‘ਤੇ ਹਮਲਾ ਹੈ। ਅਜਿਹਾ ਹਮਲਾ ਪਹਿਲਾਂ ਨਹੀਂ ਹੋਇਆ। ਉਧਰ, ਤੁਲਸੀ ਗਬਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਹਿੰਦੂ ਹੋਣ ‘ਤੇ ਹੈ। ਆਲੋਚਨਾ ਦਾ ਡਰ ਨਹੀਂ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਅਗਲੇ ਸਾਲ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।
30 ਮਿੰਟ ਦਾ ਭਾਸ਼ਣ : ਹੈਰਿਸ ਨੇ ਅੋਕਲੈਂਡ ਵਿਚ ਪਹਿਲੀ ਰੈਲੀ ਕੀਤੀ
ਕਮਲਾ – ਲੋਕ ਲੇਡੀ ਓਬਾਮਾ ਕਹਿੰਦੇ ਹਨ, ਮਾਂ ਚੇਨਈ ਤੋਂ ਸੀ
ਕਮਲਾ ਹੈਰਿਸ ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਛਵੀ ਦੇ ਕਾਰਨ ਲੋਕ ਉਨ੍ਹਾਂ ਨੂੰ ਲੇਡੀ ਓਬਾਮਾ ਕਹਿੰਦੇ ਹਨ। ਹੈਰਿਸ ਦੀ ਮਾਂ ਸ਼ਿਆਮਲਾ ਗੋਪਾਲਨ 1960 ਵਿਚ ਚੇਨਈ ਤੋਂ ਅਮਰੀਕੀ ਆਈ ਸੀ। ਬ੍ਰੈਸਟ ਕੈਂਸਰ ਸਾਂਈਟਿਸਟ ਬਣਨ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ ਸੀ। ਹੈਰਿਸ ਦੇ ਪਿਤਾ ਡੋਨਾਲਡ ਜੇ ਹੈਰਿਸ ਜਮੈਕਾ ਦੇ ਰਹਿਣ ਵਾਲੇ ਸਨ।
ਨਰਿੰਦਰ ਮੋਦੀ ਨੂੰ ਗੈਰ ਹਿੰਦੂ ਮਿਲੇ, ਪਰ ਸਵਾਲ ਨਹੀਂ ਉਠੇ : ਤੁਲਸੀ ਗਬਾਰਡ
ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਰਿਲੀਜੀਅਸ ਨਿਊਜ਼ ਸਰਵਿਸਿਜ਼ ਦੇ ਲੇਖ ਵਿਚ ਕਿਹਾ ਕਿ ਕੁਝ ਲੋਕ ਮੈਨੂੰ ਹਿੰਦੂ ਰਾਸ਼ਟਰਵਾਦੀ ਕਹਿੰਦੇ ਹਨ। ਇਨ੍ਹਾਂ ਨੂੰ ਮੇਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਾ ਪਸੰਦ ਨਹੀਂ ਆਇਆ। ਇਨ੍ਹਾਂ ਵਿਅਕਤੀਆਂ ਨੇ ਮੋਦੀ ਨੂੰ ਮਿਲਣ ਵਾਲੇ ਗੈਰ ਹਿੰਦੂ ਆਗੂਆਂ ‘ਤੇ ਕਦੀ ਸਵਾਲ ਨਹੀਂ ਉਠਾਇਆ। ਜ਼ਿਕਰਯੋਗ ਹੈ ਕਿ ਮੋਦੀ ਨਾਲ ਤਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਹਿਲੇਰੀ ਕਲਿੰਟਨ, ਡੋਨਾਲਡ ਟਰੰਪ ਅਤੇ ਕਈ ਸੰਸਦ ਮੈਂਬਰ ਮੁਲਾਕਾਤ ਕਰ ਚੁੱਕੇ ਹਨ।
ਤੁਲਸੀ – ਹਿੰਦੂ ਹੋਣ ਕਰਕੇ ਭਾਰਤੀ ਨਾਲ, ਪਰ ਭਾਰਤ ਨਾਲ ਰਿਸ਼ਤਾ ਨਹੀਂ
ਤੁਲਸੀ ਗਬਾਰਡ ਹੁਵਾਈ ਤੋਂ ਡੈਮੋਕਰੇਟਿਕ ਸੰਸਦ ਮੈਂਬਰ ਹੈ। ਤੁਲਸੀ ਦੇ ਪਿਤਾ ਮਾਈਕ ਗਬਾਰਡ ਵੀ ਇਥੋਂ ਹੀ ਸੰਸਦ ਮੈਂਬਰ ਰਹੇ ਹਨ। ਮਾਂ ਕੈਰੋਲ ਪੋਰਟਰ ਨੇ ਹਿੰਦੂ ਧਰਮ ਧਾਰਨ ਕੀਤਾ ਸੀ। ਤੁਲਸੀ ਨੇ ਵੀ ਇਸ ਨੂੰ ਸਵੀਕਾਰਿਆ। ਤੁਲਸੀ ਭਾਰਤਵੰਸ਼ੀ ਨਹੀਂ ਹੈ। ਹਿੰਦੂ ਹੋਣ ਦੇ ਕਾਰਨ ਉਨ੍ਹਾਂ ਨੂੰ ਭਾਰਤੀਆਂ ਦਾ ਸਮਰਥਨ ਮਿਲਿਆ। ਇਸ ਪਹਿਲੀ ਅਮਰੀਕੀ ਹਿੰਦੂ ਸੰਸਦ ਮੈਂਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਮਰਥਕ ਮੰਨਿਆ ਜਾਂਦਾ ਹੈ।
ਅਮਰੀਕੀ ਸੰਸਦ ‘ਚ ਵਧਿਆ ਭਾਰਤਵੰਸ਼ੀ ਐਮਪੀਜ਼ ਦਾ ਕੱਦ
ਰੋ ਖੰਨਾ ਅਤੇ ਰਾਜਾ ਕ੍ਰਿਸ਼ਨਮੂਰਤੀ ਨੂੰ ਸੰਸਦੀ ਕਮੇਟੀਆਂ ‘ਚ ਮਿਲੀ ਥਾਂ
ਵਾਸ਼ਿੰਗਟਨ : ਅਮਰੀਕਾ ਦੀ ਸੰਸਦ ਵਿਚ ਭਾਰਤੀ ਮੂਲ ਦੇ ਐਮਪੀਜ਼ ਦਾ ਕੱਦ ਹੋਰ ਵਧ ਗਿਆ ਹੈ। ਭਾਰਤਵੰਸ਼ੀ ਐਮਪੀ ਰੋ ਖੰਨਾ ਅਤੇ ਰਾਜਾ ਕ੍ਰਿਸ਼ਨਮੂਰਤੀ ਨੂੰ ਕਈ ਅਹਿਮ ਸੰਸਦੀ ਕਮੇਟੀਆਂ ਵਿਚ ਥਾਂ ਦਿੱਤੀ ਗਈ ਹੈ। ਕ੍ਰਿਸ਼ਨਮੂਰਤੀ ਨੂੰ ਇਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਖੰਨਾ ਕਈ ਕਮੇਟੀਆਂ ਵਿਚ ਸ਼ਾਮਲ ਕੀਤੇ ਗਏ ਹਨ।
ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਸਿਲੀਕਾਨ ਵੈਲੀ ਦਾ ਪ੍ਰਤੀਨਿਧਤਵ ਕਰਨ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਖੰਨਾ ਨੂੰ ਨਿਗਰਾਨੀ ਅਤੇ ਸੁਧਾਰ, ਹਥਿਆਰਬੰਦ ਸੇਵਾਵਾਂ ਅਤੇ ਬਜਟ ‘ਤੇ ਬਣੀਆਂ ਸੰਸਦੀ ਕਮੇਟੀਆਂ ਵਿਚ ਨਿਯੁਕਤ ਕੀਤਾ ਗਿਆ ਹੈ। 42 ਸਾਲਾ ਖੰਨਾ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਲਈ ਸਪੀਕਰ ਪੇਲੋਸੀ ਵਲੋਂ ਭਰੋਸਾ ਪ੍ਰਗਟਾਏ ਜਾਣ ਤੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਭਾਰਤੀ ਮੂਲ ਦੇ ਡੈਮੋਕ੍ਰੇਟਿਕ ਐਮਪੀ ਰਾਜਾ ਕ੍ਰਿਸ਼ਨਮੂਰਤੀ ਨੂੰ ਆਰਥਿਕ ਅਤੇ ਉਪਯੋਗਤਾ ਨੀਤੀ ‘ਤੇ ਬਣੀ ਸੰਸਦੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਕਿਸੇ ਅਮਰੀਕੀ ਸੰਸਦੀ ਕਮੇਟੀ ਜਾਂ ਉਪ ਕਮੇਟੀ ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਦੱਖਣੀ ਏਸ਼ੀਆਈ ਹਨ। 45 ਸਾਲਾ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਕਿਸੇ ਸੰਸਦੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ‘ਤੇ ਸੇਵਾ ਦੇਣ ਵਾਲਾ ਪਹਿਲਾ ਦੱਖਣੀ ਏਸ਼ੀਆਈ ਅਮਰੀਕੀ ਬਣਨ ‘ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।

