-10.4 C
Toronto
Saturday, January 31, 2026
spot_img
Homeਪੰਜਾਬਅਮਰੀਕਾ ਦੀ ਦੀਵਾਰ ਤੋਂ ਦੋ ਗੁਣਾ ਮਹਿੰਗਾ ਪਿਆ ਸ਼ਟਡਾਊਨ

ਅਮਰੀਕਾ ਦੀ ਦੀਵਾਰ ਤੋਂ ਦੋ ਗੁਣਾ ਮਹਿੰਗਾ ਪਿਆ ਸ਼ਟਡਾਊਨ

ਵਾਸ਼ਿੰਗਟਨ : ਅਮਰੀਕਾ ਵਿਚ ਕਰੀਬ ਪੰਜ ਹਫ਼ਤੇ ਤਕ ਚੱਲੇ ਸ਼ਟਡਾਊਨ ਕਾਰਨ ਅਰਥਚਾਰੇ ਨੂੰ 11 ਅਰਬ ਡਾਲਰ (ਕਰੀਬ 78 ਹਜ਼ਾਰ ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਇਸ ਵਿਚੋਂ ਇਕ ਚੌਥਾਈ ਦੀ ਭਰਪਾਈ ਵੀ ਨਹੀਂ ਹੋ ਸਕਦੀ। ਦੇਸ਼ ਦੇ ਸਭ ਤੋਂ ਲੰਬੇ ਸ਼ਟਡਾਊਨ ਤੋਂ ਬਾਅਦ ਅਰਥਚਾਰੇ ਨੂੰ ਹੋਏ ਨੁਕਸਾਨ ਨੂੰ ਲੈ ਕੇ ਸੰਸਦ ਦੇ ਬਜਟੀ ਦਫ਼ਤਰ (ਸੀਬੀਓ) ਨੇ ਪਹਿਲਾ ਅਧਿਕਾਰਕ ਡਾਟਾ ਜਾਰੀ ਕੀਤਾ ਹੈ। ਉਨ੍ਹਾਂ ਮੁਤਾਬਕ ਅਮਰੀਕਾ ਨੂੰ ਇਹ ਸ਼ਟਡਾਊਨ ਮੈਕਸੀਕੋ ਦੀ ਦੀਵਾਰ ਦੇ ਬਜਟ ਤੋਂ ਦੋ ਗੁਣਾ ਮਹਿੰਗਾ ਪਿਆ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ਼ੈਰ ਕਾਨੂੰਨੀ ਅਪਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ਨੂੰ ਲੈ ਕੇ 5.7 ਅਰਬ ਡਾਲਰ (ਕਰੀਬ 40 ਹਜ਼ਾਰ ਕਰੋੜ ਰੁਪਏ) ਦਾ ਬਜਟ ਮੰਗਿਆ ਸੀ। ਇਸ ‘ਤੇ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਨਾਲ ਸਹਿਮਤੀ ਨਾ ਬਣਨ ਕਾਰਨ ਦੇਸ਼ ਵਿਚ ਇਕ ਮਹੀਨੇ ਤੋਂ ਵੀ ਲੰਬੇ ਸਮੇਂ ਤਕ ਅੰਸ਼ਿਕ ਸ਼ਟਡਾਊਨ ਚੱਲਿਆ ਜਿਸ ਨਾਲ ਅੱਠ ਲੱਖ ਸਰਕਾਰੀ ਮੁਲਾਜ਼ਮ ਪ੍ਰਭਾਵਿਤ ਹੋਏ। ਆਪਣੇ ਉੱਪਰ ਦਬਾਅ ਵਧਣ ਕਾਰਨ ਟਰੰਪ ਨੇ ਤਿੰਨ ਹਫ਼ਤੇ ਲਈ ਆਰਜ਼ੀ ਤੌਰ ‘ਤੇ ਸ਼ਟਡਾਊਨ ਖ਼ਤਮ ਕਰ ਦਿੱਤਾ। ਟਰੰਪ ਹਾਲੇ ਵੀ ਦੀਵਾਰ ਦੀ ਮੰਗ ‘ਤੇ ਅੜੇ ਹੋਏ ਹਨ ਤੇ ਉਨ੍ਹਾਂ ਦੁਬਾਰਾ ਸ਼ਟਡਾਊਨ ਕਰਨ ਦੀ ਧਮਕੀ ਵੀ ਦਿੱਤੀ ਹੈ।
ਜੀਡੀਪੀ ਨੂੰ ਵੀ ਹੋਇਆ ਨੁਕਸਾਨ : ਸੀਬੀਓ ਮੁਤਾਬਕ ਦਸੰਬਰ ਤੋਂ ਸ਼ੁਰੁ ਹੋਏ ਸ਼ਟਡਾਊਨ ਕਾਰਨ 2018 ਦੀ ਆਖ਼ਰੀ ਤਿਮਾਹੀ ਵਿਚ ਦੇਸ਼ ਦਾ ਜੀਡੀਪੀ ਤਿੰਨ ਅਰਬ ਡਾਲਰ ਤਕ ਘਟ ਗਿਆ ਸੀ। ਇਸ ਨਾਲ 2019 ਦੀ ਪਹਿਲੀ ਤਿਮਾਹੀ ਵਿਚ ਵੀ ਜੀਡੀਪੀ ਅੱਠ ਅਰਬ ਡਾਲਰ ਤਕ ਘਟਣ ਦੀ ਸ਼ੰਕਾ ਪ੍ਰਗਟਾਈ ਗਈ ਹੈ। ਇਸ ਸਾਲ ਅਮਰੀਕਾ ਦੀ ਵਿਕਾਸ ਦਰ ਪਹਿਲਾਂ ਹੀ 3.1 ਫ਼ੀਸਦੀ ਤੋਂ ਘਟ ਕੇ 2.3 ਫ਼ੀਸਦੀ ਹੋਣ ਦਾ ਅਨੁਮਾਨ ਸੀ। ਸ਼ਟਡਾਊਨ ਨਾਲ ਇਹ ਹੋਰ ਪ੍ਰਭਾਵਿਤ ਹੋ ਸਕਦੀ ਹੈ। ਸੀਬੀਓ ਦੀ ਰਿਪੋਰਟ ‘ਤੇ ਡੈਮੋਕ੍ਰੇਟਿਕ ਪਾਰਟੀ ਨੇ ਕਿਹਾ ਹੈ ਕਿ ਇਸ ਨਾਲ ਟਰੰਪ ਨੂੰ ਦੁਬਾਰਾ ਸ਼ਟਡਾਊਨ ਨਾ ਕਰਨ ਲਈ ਰਾਜ਼ੀ ਕੀਤਾ ਜਾ ਸਕੇਗਾ।

RELATED ARTICLES
POPULAR POSTS