Breaking News
Home / ਭਾਰਤ / ਸਕੂਲੀ ਸਿੱਖਿਆ ਦੀ ਗੁਣਵੱਤਾ ‘ਚ ਪੰਜਾਬ ਬਿਹਾਰ ਤੋਂ ਵੀ ਮਾੜਾ, ਕੇਰਲ ਨੇ ਮੁੜ ਮਾਰੀ ਬਾਜ਼ੀ

ਸਕੂਲੀ ਸਿੱਖਿਆ ਦੀ ਗੁਣਵੱਤਾ ‘ਚ ਪੰਜਾਬ ਬਿਹਾਰ ਤੋਂ ਵੀ ਮਾੜਾ, ਕੇਰਲ ਨੇ ਮੁੜ ਮਾਰੀ ਬਾਜ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਸਕੂਲੀ ਸਿੱਖਿਆ ਦੀ ਗੁਣਵੱਤਾ ਦੇ ਮਾਮਲੇ ‘ਚ ਪੰਜਾਬ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਹੈ। ਇਸ ਮਾਮਲੇ ‘ਚ ਇਹ ਬਿਹਾਰ ਤੋਂ ਵੀ ਪੱਛੜ ਗਿਆ ਹੈ। ਨੀਤੀ ਆਯੋਗ ਦੇ ਸਕੂਲ ਐਜੂਕੇਸ਼ਨ ਕੁਆਲਿਟੀ ਇੰਡੈਕਸ ‘ਚ ਸ਼ਾਮਲ 20 ਸੂਬਿਆਂ ‘ਚ ਇਹ 18ਵੇਂ ਸਥਾਨ ‘ਤੇ ਆਇਆ ਹੈ। ਇਸ ਤੋਂ ਬਾਅਦ ਸਿਰਫ਼ ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਹਨ। ਕੇਰਲ ਪਹਿਲੇ, ਰਾਜਸਥਾਨ ਦੂਜੇ ਤੇ ਕਰਨਾਟਕ ਤੀਜੇ ਸਥਾਨ ‘ਤੇ ਹਨ। ਖ਼ਾਸ ਗੱਲ ਇਹ ਹੈ ਕਿ ਵੱਡੇ ਸੂਬਿਆਂ ‘ਚ ਝਾਰਖੰਡ 16ਵੇਂ ਤੇ ਬਿਹਾਰ 17ਵੇਂ ਥਾਂ ‘ਤੇ ਹੈ। ਪੰਜਾਬ ਤੇ ਜੰਮੂ ਕਸ਼ਮੀਰ ਦਾ ਪ੍ਰਦਰਸ਼ਨ ਇਨ੍ਹਾਂ ਦੋਵਾਂ ਸੂਬਿਆਂ ਤੋਂ ਵੀ ਖਰਾਬ ਹੈ।
ਸੂਤਰਾਂ ਮੁਤਾਬਕ, ਆਯੋਗ ਨੇ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਤੇ ਸੂਬਿਆਂ ਨਾਲ ਵਿਆਪਕ ਵਿਚਾਰ ਵਟਾਂਦਰੇ ਦੇ ਆਧਾਰ ‘ਤੇ ਇਹ ਰੈਂਕਿੰਗ ਤਿਆਰ ਕੀਤੀ ਹੈ। ਇਸ ਇੰਡੈਕਸ ਦੀ ਰਿਪੋਰਟ ‘ਤੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫਤਰ ‘ਚ ਵਿਚਾਰ ਵਟਾਂਦਰਾ ਕੀਤਾ ਗਿਆ। ਛੇਤੀ ਹੀ ਇਸਨੂੰ ਜਨਤਕ ਕਰ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਸਕੂਲ ਐਜੂਕੇਸ਼ਨ ਕੁਆਲਿਟੀ ਇੰਡੈਕਸ ‘ਚ 30 ਇੰਡੀਕੇਟਰ ਦੇ ਆਧਾਰ ‘ਤੇ 20 ਵੱਡੇ ਸੂਬਿਆਂ ਤੇ ਅੱਠ ਛੋਟੇ ਸੂਬਿਆਂ ਦੀ ਰੈਂਕਿੰਗ ਕੀਤੀ ਗਈ ਹੈ। ਸਭ ਤੋਂ ਮਾੜਾ ਪ੍ਰਦਰਸ਼ਨ ਕਰਨ ਵਾਲੇ ਪੰਜ ਸੂਬਿਆਂ ‘ਚ ਪੰਜਾਬ, ਬਿਹਾਰ, ਝਾਰਖੰਡ, ਜੰਮੂ ਕਸ਼ਮੀਰ ਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਹਾਲਾਂਕਿ ਬੰਗਾਲ ਨੇ ਇਸ ਇੰਡੈਕਸ ‘ਚ ਹਿੱਸਾ ਨਹੀਂ ਲਿਆ। ਇਹ ਇੰਡੈਕਸ 2016-17 ਦੇ ਅੰਕੜਿਆਂ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ ਤੇ ਇਸ ਵਿਚ ਸਕੂਲੀ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਵਧਾਉਣ ਦੀਆਂ ਕੋਸ਼ਿਸਾਂ (ਲਰਨਿੰਗ ਆਊਟਕਮ) ਦੇ ਮੁਲਾਂਕਣ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਨੂੰ ਤਿਆਰ ਕਰਨ ‘ਚ ਵਿਸ਼ਵ ਬੈਂਕ ਤੇ ਹੋਰ ਤਕਨੀਕੀ ਮਾਹਿਰਾਂ ਦੀ ਮਦਦ ਵੀ ਲਈ ਗਈ ਹੈ।
ਸੂਤਰਾਂ ਨੇ ਕਿਹਾ, ਜਿਨ੍ਹਾਂ ਅੱਠ ਛੋਟੇ ਸੂਬਿਆਂ ਦੀ ਰੈਂਕਿੰਗ ਅਲੱਗ ਨਾਲ ਕੀਤੀ ਗਈ ਹੈ, ਉਨ੍ਹਾਂ ‘ਚ ਮਣੀਪੁਰ, ਤ੍ਰਿਪੁਰਾ, ਗੋਆ, ਮਿਜ਼ੋਰਮ, ਨਗਾਲੈਂਡ, ਸਿੱਕਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ। ਜਿਨ੍ਹਾਂ ਛੇ ਨਿਯਮਾਂ ‘ਤੇ ਸੂਬਿਆਂ ਦੀ ਰੈਂਕਿੰਗ ਕੀਤੀ ਗਈ ਹੈ, ਉਨ੍ਹਾਂ ‘ਚ ਸਿੱਖਿਆ ਦੀ ਗੁਣਵੱਤਾ, ਸਿੱਖਿਆ ਤੱਕ ਪਹੁੰਚ, ਸਿੱਖਿਆ ਲਈ ਢਾਂਚਾਗਤ ਸਹੂਲਤਾਂ ਤੇ ਪ੍ਰਸ਼ਾਸਨ ਵਰਗੇ ਇੰਡੀਕੇਟਰ ਸ਼ਾਮਲ ਹਨ। ਸੂਬਿਆਂ ਦੀ ਰੈਂਕਿੰਗ ਕਰਦੇ ਸਮੇਂ ਇਸ ਗੱਲ ‘ਤੇ ਖਾਸ ਜ਼ੋਰ ਦਿੱਤਾ ਗਿਆ ਹੈ ਕਿ ਸਕੂਲਾਂ ‘ਚ ਜਿਸ ਤਰ੍ਹਾਂ ਨਾਲ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਉਸ ਨਾਲ ਉਹ ਕਿੰਨਾ ਸਿੱਖ ਰਹੇ ਹਨ। ਪਤਾ ਹੋਵੇ ਕਿ ਇਸ ਤੋਂ ਪਹਿਲਾਂ ਨੀਤੀ ਆਯੋਗ ਵਾਟਰ ਇੰਡੈਕਸ ਤੇ ਹੈਲਥ ਇੰਡੈਕਸ ‘ਤੇ ਵੀ ਸੂਬਿਆਂ ਦੀ ਰੈਂਕਿੰਗ ਜਾਰੀ ਕਰ ਚੁੱਕਾ ਹੈ।
1. ਕੇਰਲ
2. ਰਾਜਸਥਾਨ
3. ਕਰਨਾਟਕ
4. ਆਂਧਰ ਪ੍ਰਦੇਸ਼
5. ਗੁਜਰਾਤ
6. ਅਸਾਮ
7. ਮਹਾਰਾਸ਼ਟਰ
8. ਤਾਮਿਲਨਾਡੂ
9. ਹਿਮਾਚਲ ਪ੍ਰਦੇਸ਼
10. ਉੱਤਰਾਖੰਡ
11. ਹਰਿਆਣਾ
12. ਓਡੀਸ਼ਾ
13. ਛੱਤੀਸਗੜ੍ਹ
14. ਤੇਲੰਗਾਨਾ
15. ਮੱਧ ਪ੍ਰਦੇਸ਼
16. ਝਾਰਖੰਡ
17. ਬਿਹਾਰ
18. ਪੰਜਾਬ
19. ਜੰਮੂ ਕਸ਼ਮੀਰ
20. ਉੱਤਰ ਪ੍ਰਦੇਸ਼

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …