Breaking News
Home / ਭਾਰਤ / ਡੇਰਾ ਮੁਖੀ ਬਾਰੇ ਫੈਸਲਾ : ਸੁਰੱਖਿਆ ਦਸਤਿਆਂ ਨੇ ਫਲੈਗ ਮਾਰਚ ਕੱਢ ਕੇ ਲਿਆ ਸੁਰੱਖਿਆ ਦਾ ਜਾਇਜ਼ਾ

ਡੇਰਾ ਮੁਖੀ ਬਾਰੇ ਫੈਸਲਾ : ਸੁਰੱਖਿਆ ਦਸਤਿਆਂ ਨੇ ਫਲੈਗ ਮਾਰਚ ਕੱਢ ਕੇ ਲਿਆ ਸੁਰੱਖਿਆ ਦਾ ਜਾਇਜ਼ਾ

ਪੰਜਾਬ ਤੇ ਹਰਿਆਣਾ ਦੇ ਚੱਪੇ-ਚੱਪੇ ਉਤੇ ‘ਡਰੋਨ ਅੱਖ’
ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਵਿਸ਼ੇਸ਼ ਸੀਬੀਆਈ ਅਦਾਲਤ ਪੰਚਕੂਲਾ ਵਿਚ 25 ਅਗਸਤ ਨੂੰ ਹੋ ਰਹੀ ਪੇਸ਼ੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਹਰ ਤਰ੍ਹਾਂ ਦੇ ਹਾਲਾਤ ਨਾਲ ਨਿਪਟਣ ਲਈ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨੀਮ ਫੌਜੀ ਦਸਤੇ ਪਹੁੰਚ ਗਏ ਹਨ। ਕਈ ਜ਼ਿਲ੍ਹਿਆਂ ਵਿਚ ਜਵਾਨਾਂ ਨੇ ਫਲੈਗ ਮਾਰਚ ਕਰਕੇ ਸੁਰੱਖਿਆ ਦਾ ਜਾਇਜ਼ਾ ਲਿਆ। ਦੂਜੇ ਪਾਸੇ ਇਹਤਿਆਤੀ ਤੌਰ ‘ਤੇ ਪੰਜਾਬ ਦੇ ਨਾਲ ਲੱਗਦੇ ਸਾਰੇ ਸੂਬਿਆਂ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਮੋਹਾਲੀ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਐਸਐਸਪੀ ਦਫਤਰ ਵਲੋਂ ਸਾਰੇ ਹੋਰ ਅਧਿਕਾਰੀਆਂ ਨੂੰ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਦੇ ਰੀਡਰ ਤੇ ਹੋਰ ਅਫਸਰਾਂ, ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਲਗਾ ਰਹੇ ਹਨ। ਮੋਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਮੋਹਾਲੀ ਜ਼ਿਲ੍ਹੇ ਦੇ ਚੰਡੀਗੜ੍ਹ, ਪੰਚਕੂਲਾ ਅਤੇ ਹੋਰ ਜ਼ਿਲ੍ਹਿਆਂ ਦੇ ਨਾਲ ਲੱਗਦੇ ਰਸਤਿਆਂ ਨੂੰ ਸੀਲ ਕੀਤਾ ਗਿਆ ਹੈ। ਹਰ ਰਸਤੇ ‘ਤੇ ਇਕ ਟੁਕੜੀ ਤਾਇਨਾਤ ਕੀਤੀ ਗਈ ਹੈ। ਇਸ ਰਸਤੇ ‘ਤੇ ਵੀਡੀਓਗ੍ਰਾਫੀ ਲਈ ਫੋਟੋਗ੍ਰਾਫਰ ਵੀ ਤਾਇਨਾਤ ਕੀਤੇ ਗਏ ਹਨ। ਡਰੋਨ ਮੰਗਵਾਏ ਗਏ ਹਨ ਅਤੇ ਸਪੈਸ਼ਲ ਵੀਡੀਓਗ੍ਰਾਫਰ ਲਾਏ ਗਏ ਹਨ। ਹਰਿਆਣਾ ‘ਚ 150 ਕੰਪਨੀਆਂ ਦੀ ਮੰਗ ਕੀਤੀ ਸੀ। 35 ਟੁਕੜੀਆਂ ਨੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿਚ ਮੋਰਚਾ ਸੰਭਾਲ ਲਿਆ ਹੈ। ਸਾੜ ਫੂਕ ਵਰਗੀਆਂ ਘਟਨਾਵਾਂ ਰੋਕਣ ਲਈ ਫਾਇਰ ਕੰਟਰੋਲ ਯੰਤਰ ਦਿੱਤੇ ਗਏ ਹਨ। ਚੰਡੀਗੜ੍ਹ ‘ਚ ਸਾਰੇ ਗੈਸਟ ਅਤੇ ਰੈਸਟ ਹਾਊਸਾਂ ਦੇ ਮੈਨੇਜਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਨਵੀਂ ਬੁਕਿੰਗ ਬਿਨਾ ਪੁਲਿਸ ਵੈਰੀਫਿਕੇਸ਼ਨ ਨਾ ਕੀਤੀ ਜਾਵੇ।
ਪੰਜਾਬ ‘ਚ ਸਾਰੇ ਗਜ਼ਟਿਡ ਅਫਸਰਾਂ ਨੂੰ ਕਾਰਜਕਾਰੀ ਮੈਜਿਸਟ੍ਰੇਟ ਦੀ ਸ਼ਕਤੀ
ਪੰਜਾਬ ਸਰਕਾਰ ਨੇ ਸਾਰੇ ਗਜ਼ਟਿਡ ਅਧਿਕਾਰੀਆਂ ਨੂੰ 30 ਸਤੰਬਰ ਤੱਕ ਕਾਰਜਕਾਰੀ ਮੈਜਿਸਟ੍ਰੇਟ ਦੀ ਸ਼ਕਤੀ ਦਿੱਤੀ ਹੈ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਗਏ ਹੁਕਮ ਦੇ ਮੁਤਾਬਕ, ਪੰਜਾਬ ਦੇ ਚੀਫ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਰਾਜਪਾਲ ਪੰਜਾਬ ਨੇ ਸੂਬੇ ਦੇ ਸਾਰੇ ਗਜ਼ਟਿਡ ਅਧਿਕਾਰੀਆਂ ਨੂੰ ਕਾਰਜਕਾਰੀ ਮੈਜਿਸਟ੍ਰੇਟ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਇਹ ਵਿਵਸਥਾ ਤਤਕਾਲ ਪ੍ਰਭਾਵ ਨਾਲ 30 ਸਤੰਬਰ ਤੱਕ ਲਈ ਅਮਲ ਵਿਚ ਰਹਿਣਗੀਆਂ।
ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਦੇ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵਲੋਂ ਰੇਲ ਰੋਕਣ ਅਤੇ ਰੇਲ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਤੋਂ ਜਾਣੂ ਕਰਵਾਇਆ ਹੈ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਪੁਲਿਸ, ਜੀਆਰਪੀ, ਆਈਬੀ ਅਤੇ ਸੂਬੇ ਦੀਆਂ ਖੁਫੀਆ ਏਜੰਸੀਆਂ ਨਾਲ ਸੰਪਰਕ ਕਰਕੇ ਇਹਤਿਆਤੀ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ।

 

Check Also

ਸੂਰਤ ਲੋਕ ਸਭਾ ਸੀਟ ਭਾਜਪਾ ਨੇ ਬਿਨਾ ਮੁਕਾਬਲਾ ਜਿੱਤੀ

ਕਾਂਗਰਸੀ ਉਮੀਦਵਾਰ ਦੇ ਕਾਗਜ਼ ਹੋਏ ਰੱਦ, ਬਾਕੀਆਂ ਨੇ ਨਾਮ ਵਾਪਸ ਲਏ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ …