Breaking News
Home / ਕੈਨੇਡਾ / ਮਨੀਪੁਰ ਹਿੰਸਾ, ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਨਤੀਜਾ : ਤਰਕਸ਼ੀਲ ਸੁਸਾਇਟੀ

ਮਨੀਪੁਰ ਹਿੰਸਾ, ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਨਤੀਜਾ : ਤਰਕਸ਼ੀਲ ਸੁਸਾਇਟੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਭਾਰਤ ਦੇ ਉਤਰ ਪੂਰਬੀ ਸੂਬੇ ਮਨੀਪੁਰ ਵਿੱਚ 3 ਮਹੀਨਿਆਂ ਤੋਂ ਹੋ ਰਹੀ ਸਾੜਫੂਕ, ਲੁੱਟ ਖੋਹ, ਕਤਲੋਗਾਰਤ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਸਬੰਧੀ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਜ਼ੂਮ ਮੀਟਿੰਗ ਕੀਤੀ ਗਈ, ਜਿਸ ਵਿੱਚ ਹੋਏ ਵਿਚਾਰ ਵਟਾਂਦਰੇ ਬਾਅਦ ਇਸ ਮਨੁੱਖੀ ਤਰਾਸਦੀ ਨੂੰ ਰਾਜ ਕਰ ਰਹੀਆਂ ਤਾਕਤਾਂ ਦੀ ਪਾੜੋ ਤੇ ਰਾਜ ਕਰੋ ਦੀ ਸਿਆਸਤ ਦਾ ਨਤੀਜਾ ਮੰਨਿਆ ਗਿਆ। ਫਿਰਕੂ ਪਾਰਟੀਆਂ ਵਲੋਂ ਚੋਣਾਂ ਦੌਰਾਨ ਇਸ ਸ਼ਾਂਤੀ ਪੂਰਵਕ ਘੁੱਗ ਵਸਦੇ ਸੂਬੇ ਦੇ ਲੋਕਾਂ ਦੇ ਮਨਾਂ ਵਿਚ ਲਗਾਤਾਰ ਫਿਰਕੂ ਜ਼ਹਿਰ ਤੇ ਨਫ਼ਰਤ ਇਸ ਹੱਦ ਤੱਕ ਘੋਲੀ ਗਈ ਕਿ ਉਹ ਇਕ-ਦੂਜੇ ਦਾ ਕਤਲ ਕਰਨ ਅਤੇ ਔਰਤਾਂ ਨਾਲ ਜਬਰ-ਜਨਾਹ ਕਰਨ ਲਈ ਤਿਆਰ ਹੋ ਗਏ। ਇਸ ਨਫਰਤ ਨੂੰ ਤੀਲੀ ਲਾਉਣ ਲਈ ਮਤੇਈ ਲੋਕਾਂ ਨੂੰ ਪੱਛੜੇ ਹੋਣ ਦਾ ਦਰਜਾ ਦੇ ਕੇ ਵੱਧ ਸਹੂਲਤਾਂ ਦੇਣ ਦੀ ਗੱਲ ਕੀਤੀ ਗਈ। ਭਾਰਤ ਦੇ ਹੋਰਨੀ ਥਾਈ ਹੋਈ ਹਿੰਸਾ ਵਾਂਗ ਇੱਥੇ ਵੀ ਪ੍ਰਸ਼ਾਸਨ ਵਲੋਂ ਹਿੰਸਾ ਦਬਾਉਣ ਦੀ ਥਾਂ, ਇਸ ਨੂੰ ਫੈਲਣ ਦਿੱਤਾ ਗਿਆ ਅਤੇ ਵੋਟ ਵਟੋਰੂ ਨੀਤੀ ਤੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਬਹੁਗਿਣਤੀ ਮਤੇਈ ਭਾਈਚਾਰੇ ਜੋ ਹਿੰਦੂ ਧਾਰਮਿਕ ਆਸਥਾ ਰਖਦੇ ਹਨ ਦੀਆਂ ਵਧੀਕੀਆਂ ਨੂੰ ਸਖਤੀ ਨਾਲ ਨਾ ਰੋਕਿਆ ਗਿਆ, ਇਥੋਂ ਤੱਕ ਕਿ ਵਾਇਰਲ ਹੋਈ ਵੀਡੀਓ ਵਿਚਲੀਆਂ ਕੂਕੀ ਕਬੀਲੇ ਦੀਆਂ, ਔਰਤਾਂ ਜਿਨ੍ਹਾਂ ਨੂੰ ਨਿਰਵਸਤਰ ਕਰਕੇ ਗਲੀਆਂ ਵਿੱਚ ਘੁਮਾਇਆ ਗਿਆ, ਬਲਾਤਕਾਰ ਕੀਤਾ ਗਿਆ, 21 ਸਾਲਾ ਕੁੜੀ ਦੇ ਬਾਪ ਅਤੇ ਭਰਾ ਜਿਨ੍ਹਾਂ ਇਸ ਕਾਰੇ ਦਾ ਵਿਰੋਧ ਕੀਤਾ ਨੂੰ ਕਤਲ ਕਰ ਦਿੱਤਾ ਗਿਆ ਦੇ, ਪੁਲਸੀਆਂ ਦੀ ਮੌਜੂਦਗੀ ਵਿੱਚ ਹੋਏ ਜੁਰਮ ਦੀ 15 ਦਿਨ ਤੱਕ ਐਫ ਆਈ ਆਰ ਤੱਕ ਦਰਜ ਨਹੀਂ ਕੀਤੀ ਗਈ, ਸਿਰਫ ਵੀਡੀਓ ਵਾਇਰਲ ਹੋਣ ‘ਤੇ ਹੀ ਪ੍ਰਸ਼ਾਸਨ ਕੁਝ ਕੁ ਹਰਕਤ ਵਿੱਚ ਆਇਆ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਢਾਈ ਮਹੀਨਿਆਂ ਬਾਅਦ ਹੀ ਕੁਝ ਸ਼ਬਦ ਬੋਲੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਕੁਕੀ ਵਸੇਬੇ ਵਾਲੇ ਪਹਾੜੀ ਇਲਾਕਿਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ ਸੁਖਾਲੀ ਕਰਨ ਲਈ ਕੀਤਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਦਾ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪਾਇਆ ਜਾ ਰਿਹਾ ਰੌਲਾ ਰੱਪਾ ਵੀ ਵੋਟਾਂ ਵਟੋਰਨ ਲਈ ਮਗਰਮੱਛ ਦੇ ਹੰਝੂ ਹੀ ਹਨ, ਕਿਉਂਕਿ ਇਨ੍ਹਾਂ ਪਾਰਟੀਆਂ ਦੇ ਰਾਜ ਵਾਲੇ ਸੂਬਿਆਂ ਵਿੱਚ ਵੀ ਔਰਤਾਂ ਨਾਲ ਜਿਆਦਤੀਆਂ ਦੇ ਸਮਾਚਾਰ ਅਕਸਰ ਆਉਂਦੇ ਰਹਿੰਦੇ ਹਨ। ਸੁਸਾਇਟੀ ਮੰਗ ਕਰਦੀ ਹੈ, ਕਿ ਇਸ ਘਿਨਾਉਣੇ ਜ਼ੁਰਮ ਦੇ ਮੁਜ਼ਰਮਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਫਿਰਕੂ ਨਫਰਤ ਫੈਲਾਉਣ ਵਾਲੀਆਂ ਸਿਆਸੀ ਪਾਰਟੀਆਂ ਤੇ ਚੋਣਾਂ ਲੜਨ ‘ਤੇ ਪਾਬੰਦੀ ਲਾਈ ਜਾਵੇ। ਸੁਸਾਇਟੀ ਬਾਰੇ ਜਾਣਕਾਰੀ ਲਈ ਪ੍ਰਧਾਨ ਬਾਈ ਅਵਤਾਰ (672 558 5757) ਜਾਂ ਬਲਦੇਵ ਰਹਿਪਾ (416 881 7202) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …