Breaking News
Home / ਕੈਨੇਡਾ / ਕਲੀਵਵਿਉ ਐਸਟੇਟ ਦੀਆਂ ਮਹਿਲਾਵਾਂ ਵਲੋਂ ਤੀਆਂ ਦਾ ਮੇਲਾ

ਕਲੀਵਵਿਉ ਐਸਟੇਟ ਦੀਆਂ ਮਹਿਲਾਵਾਂ ਵਲੋਂ ਤੀਆਂ ਦਾ ਮੇਲਾ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਪਿਛਲੇ ਦਿਨੀਂ ਬਰੈਂਪਟਨ ਦੇ ਕਲੀਵਵਿਉ ਐਸਟੇਟ ਦੀਆਂਂ ਪੰਜਾਬਣਾਂ ਨੇ ਪਾਰਕ ਵਿਚ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ। ਇਸ ਵਿਚ ਤਕਰੀਬਨ 80 ਤੋਂ ਵੱਧ ਮਹਿਲਾਵਾਂ ਨੇ ਭਾਗ ਲਿਆ। ਉਨ੍ਹਾਂ ਬੜੇ ਉਤਸ਼ਾਹ ਨਾਲ ਰਲ ਮਿਲ ਕੇ ਇਸ ਦਾ ਸਾਰਾ ਇੰਤਜ਼ਾਮ ਕੀਤਾ, ਜਿਸ ਵਿਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ।
ਪੰਜਾਬਣਾਂ, ਸੌਣ ਮਹੀਨੇ ਦੀ ਤੀਜ ਤੋਂ ਪੂਰਨਮਾਸ਼ੀ ਤੱਕ ਮਨਾਈਆਂ ਜਾਂਦੀਆਂ ਤੀਆਂ ਨੂੰ, ਜੋ 50-60 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਬੜੀਆਂ ਪ੍ਰਚੱਲਤ ਸਨ, ਬੜੀ ਉਤਸੁਕਤਾ ਨਾਲ ਉਡੀਕਦੀਆਂ। ਇਹ ਉਹ ਦਿਨ ਹੁੰਦੇ ਸਨ, ਜਦ ਔਰਤਾਂ ਪੇਕੇ ਜਾਣਾ ਆਪਣਾ ਹੱਕ ਸਮਝਦੀਆਂ ਸਨ। ਖੇਤਾਂ ਵਿਚ ਮਹਿਲਾਵਾਂ ਦੇ ਕਰਨ ਵਾਲੇ ਕੰਮ ਵੀ ਇਨ੍ਹੀਂ ਦਿਨੀ ਘੱਟ ਹੁੰਦੇ। ਭਰਾ ਅਪਣੀਆਂ ਭੈਣਾਂ ਨੂੰ ਉਨ੍ਹਾਂ ਦੇ ਸੁਹਰਿਆਂ ਤੋਂ ਲੈ ਕੇ ਆਉਂਦੇ। ਆਪਣੇ ਵਿਆਹ ਤੋਂ ਬਾਅਦ ਵੱਖੋ-ਵੱਖਰੀਆਂ ਥਾਂਵਾਂ ‘ਤੇ ਖਿਲਰੀਆਂ ਸਹੇਲੀਆਂ ਨੂੰ ਫਿਰ ਤੋਂ ਬੈਠ, ਰਲ-ਮਿਲ ਸੁੱਖ-ਦੁੱਖ ਦੀਆਂ ਗੱਲਾਂ ਕਰਨ ਦਾ ਇਹ ਵਧੀਆ ਮੌਕਾ ਹੁੰਦਾ। ਪਿੰਡ ਦੇ ਬਾਹਰ ਵੱਡੇ ਬੋਹੜਾਂ ਤੇ ਪਿਪਲਾਂ ਦੁਆਲੇ ਸ਼ਾਮ ਵੇਲੇ ਕੁੜੀਆਂ ਦਾ ਇਕੱਠ ਹੁੰਦਾ, ਚੰਗੇ ਰੱਸੇ ਲਿਆ, ਪੀਘਾਂ ਪਾਈਆਂ ਤੇ ਝੂਟੀਆਂ ਜਾਂਦੀਆਂ। ਵੱਡੇ ਘੇਰੇ ਵਿਚ ਜੁੜ, ਔਰਤਾਂ, ਬੋਲੀਆਂ ਪਾਉਂਦੀਆਂ, ਨਚਦੀਆਂ ਤੇ ਗਿੱਧਾ ਪਾਉਂਦੀਆਂ। ਅਖੀਰਲੇ ਦਿਨ, ਇਹ ਇਕੱਠ, ਭੀੜ ਦਾ ਰੂਪ ਧਾਰਨ ਕਰਦਾ ਅਤੇ ਕੁਝ ਕੁ ਦੁਕਾਨਾਂ ਦੀਆਂ ਰਿਉੜੀਆਂ ਪਤਾਸਿਆਂ ਦਾ ਮੁਫ਼ਤ ਵਿਚ ਆਨੰਦ ਮਾਣਦਾ। ਇਨ੍ਹਾਂ ਛੋਟੀਆਂ ਹੱਟਾਂ ਦੇ ਬਾਣੀਆਂ ਨੂੰ ਵੀ ਇਸ ਦਾ ਪਤਾ ਹੁੰਦਾ ਅਤੇ ਉਹ ਇਸ ਮੁਫ਼ਤਖੋਰੀ ਨੂੰ ਹੱਸ ਖੇਡ ਵਿਚ ਜਰ ਜਾਂਦੇ।
ਆਪਣੇ ਵਿਰਸੇ ਨੂੰ ਯਾਦ ਕਰਦਿਆਂ, ਪੰਜਾਬਣਾਂ ਵਲੋਂ ਅੱਜਕੱਲ੍ਹ ਵਿਦੇਸ਼ਾਂ ਵਿਚ ਸਗੋਂ ਪੰਜਾਬ ਨਾਲੋਂ ਵੀ ਵਧ ਚੜ੍ਹ ਕੇ ਇਸ ਤਿਉਹਾਰ ਨੂੰ ਕਈ ਦਿਨ ਤਾਂ ਨਹੀਂ, ਪਰ ਕਿਸੇ ਇੱਕ ਦਿਨ ਮਨਾਇਆ ਜਾਣ ਲੱਗਾ ਹੈ। ਜਦ ਪੁਰਾਣੇ ਜ਼ਮਾਨੇ, ਇਹਨੀ ਦਿਨੀਂ ਘਰਾਂ ਵਿਚ ਮਾਲ੍ਹ ਪੂੜੇ, ਗੁਲਗਲੇ ਆਦਿ ਬਣਾਏ ਜਾਂਦੇ, ਇਥੇ ਬਣੇ ਬਣਾਏ ਲੱਡੂ, ਜਲੇਬੀਆਂ, ਗੁਲਾਬ ਜਾਮਣਾਂ, ਸਮੋਸੇ ਤੇ ਪਕੌੜੇ ਖੁੱਲ੍ਹੇ ਵਰਤਾਏ ਜਾਂਦੇ ਹਨ। ਬੱਚੇ ਇਸ ਮੌਕੇ ਕੋਕੇ ਕੋਲੇ ਦੀਆਂ ਵੱਡੀਆਂ ਬੋਤਲਾਂ ਦਾ ਆਨੰਦ ਮਾਣਦੇ ਹਨ। ਪੰਜਾਬ ਵਾਂਗ ਜੁੜੀਆਂ ਔਰਤਾਂ, ਖਾਸਕਰ ਵੱਡੀ ਉਮਰ ਦੀਆਂ, ਪੁਰਾਣੀਆਂ ਬੋਲੀਆਂ, ਗਿੱਧਾ ਪਾਉਂਦੀਆਂ ਅਤੇ ਨੱਚਦੀਆਂ ਹਨ। ਹਰ ਪਾਰਕ ਵਿਚ ਜਿਥੇ ਕਿਤੇ ਵੀ ਇਹ ਇਕੱਠ ਹੁੰਦਾ ਹੈ, ਇੱਕ ਬੋਲੀ ਬੜੀ ਆਮ ਸੁਣੀ ਜਾ ਸਕਦੀ ਹੈ। ਇਸ ਤੀਆਂ ਦੇ ਮੇਲੇ ਵਿਚ ਵੀ ਇਹ ਵਾਰ ਵਾਰ ਦੁਹਰਾਈ ਜਾ ਰਹੀ ਸੀ: ”ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਇੱਕੋ ਤਵੀਤ ਉਹਦੇ ਘਰ ਦਾ ਨੀ, ਜਦੋਂ ਲੜਦਾ ਤਾਂ ਲਾਹਦੇ ਲਾਹਦੇ ਕਰਦਾ ਨੀ।”
ਬੋਲੀ ਛੋਟੀ ਹੈ, ਛੇਤੀ ਮੁੱਕ ਜਾਂਦੀ ਹੈ ਅਤੇ ਨਾਲ ਹੀ ਗਿੱਧੇ ਅਤੇ ਨੱਚਣ ਲਈ ਮਾਹੌਲ ਸਿਰਜ ਜਾਂਦੀ ਹੈ, ਜਿਸ ਵਿਚ ਛੋਟੀ ਤੋਂ ਵੱਡੀ ਉਮਰ ਦੀਆਂ ਔਰਤਾਂ ਰੱਲ ਮਿਲ ਮੇਲੇ ਦਾ ਰੰਗ ਬੰਨ ਦਿੰਦੀਆਂ ਹਨ। ਇਸ ਤੀਆਂ ਦੇ ਮੇਲੇ ਵਿਚ ਵੀ ਇਸ ਤਰ੍ਹਾਂ ਦੀਆਂ ਬੋਲੀਆਂ ਨੇ ਚੰਗੀ ਰੌਣਕ ਬਣਾਈ ਰੱਖੀ। ਬਹੁਤ ਸਾਰੀਆਂ ਔਰਤਾਂ ਨੇ ਪਾਰਕ ਵਿਚਲੀਆਂ ਪੀਂਘਾ ਝੂਟ ਕੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਬੋਲੀਆਂ ਪਾਉਣ ਵਿਚ ਮਨਜੀਤ ਸਭ ਤੋਂ ਅੱਗੇ ਰਹੀ, ਨਾਲ ਹੀ ਅਮਰਿਤ ਸੋਹੀ, ਰਾਜਿੰਦਰ, ਸੁਰਿੰਦਰ, ਬਲਵੀਰ, ਕਿਰਨ, ਕਮਲੇਸ਼, ਸੁਖਵੰਤ ਤੇ ਦਵਿੰਦਰ ਨੇ ਵੀ ਚੰਗੀ ਰੌਣਕ ਲਾਈ। ਇਸ ਸਮਾਗਮ ਵਿਚ ਖਾਣ ਪੀਣ ਦਾ ਪ੍ਰਬੰਧ ਮਨਜੀਤ, ਦਲਜੀਤ, ਭੁਪਿੰਦਰ, ਰਣਜੀਤ, ਹਰਜਿੰਦਰ, ਮਨਮੋਹਨ, ਜੁਗਿੰਦਰ ਤੇ ਪੂਨਮ ਤੇ ਬੇਅੰਤ ਨੇ ਰਲ ਮਿਲ ਕੇ ਕੀਤਾ।

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …