ਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 16 ਅਪਰੈਲ ਦਿਨ ਐਤਵਾਰ ਰੋਜ਼ ਥੀਏਟਰ ਬਰੈਂਪਟਨ ਵਿਖੇ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ‘ਤਰਕਸ਼ੀਲ ਨਾਟਕ ਮੇਲਾ’ ਕਰਵਾਇਆ ਗਿਆ। ਇਹ ਨਾਟਕ ਮੇਲਾ ਤਰਕਸ਼ੀਲ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਦਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਇਸ ਪਰੋਗਰਾਮ ਵਿੱਚ ਪੇਸ਼ ਨਾਟਕ ਅਤੇ ਬੁਲਾਰਿਆਂ ਦੇ ਵਿਚਾਰ ਤਰਕਸ਼ੀਲਤਾ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਉੱਤੇ ਕੇਂਦਰਤ ਰਹੇ। ਦਰਸ਼ਕਾਂ ਨਾਲ ਭਰੇ ਹਾਲ ਵਿੱਚ ਬਲਦੇਵ ਰਹਿਪਾ ਨੇ ਦਰਸ਼ਕਾਂ ਨੂੰ ਜੀਅ ਆਇਆਂ ਕਹਿਣ ਤੋਂ ਬਾਅਦ ਸ਼ੁਸ਼ੀਲ ਦੁਸਾਂਝ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਜਿਨ੍ਹਾਂ ਨੇ ਪਿਛਾਂਹ-ਖਿੱਚੂ ਤਾਕਤਾਂ ਵਲੋਂ ਤਰਕਸ਼ੀਲ ਲੇਖਕਾਂ ਦੇ ਕੀਤੇ ਘਿਨਾਉਣੇ ਕਤਲਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਤਰਕਸ਼ੀਲ ਲਹਿਰ ਨੂੰ ਦਬਾਇਆ ਨਹੀਂ ਜਾ ਸਕਦਾ। ਇਹਨਾਂ ਕਤਲਾਂ ਦੇ ਰੋਸ ਵਜੋਂ ਲੋਕ-ਪੱਖੀ ਲੇਖਕਾਂ ਵਲੋ ਸਰਕਾਰੀ ਸਨਮਾਨ ਵਾਪਸ ਕਰਨਾ ਇਸ ਲਹਿਰ ਲਈ ਇੱਕ ਹਾਂ ਪੱਖੀ ਹੁੰਗਾਰਾ ਸੀ। ਇਸ ਤੋਂ ਬਾਦ ਭਗਤ ਸਿੰਘ ਬਾਰੇ ਬਹੁਤ ਹੀ ਵਧੀਆ ਕੋਰੀੳਗਰਾਫੀ ਪੇਸ਼ ਕੀਤੀ ਗਈ।
ਅੰਮ੍ਰਿਤ ਢਿੱਲੋਂ ਨੇ ਪ੍ਰੌ: ਜਗਮੋਹਣ ਸਿੰਘ ਦੀ ਜਾਣ ਪਛਾਣ ਕਰਾਉਣ ਤੋਂ ਬਾਦ ਉਨ੍ਹਾਂ ਨੂੰ ਦਰਸ਼ਕਾਂ ਦੇ ਰੁਬਰੂ ਕੀਤਾ। ਇਸ ਨਾਟਕ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਣ ਸਿੰਘ ਨੇ ਭਗਤ ਸਿੰਘ ਦੇ ਤਰਕਸ਼ੀਲ ਵਿਚਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਗਤ ਸਿੰਘ ਡੂੰਘਾ ਅਧਿਐਨ ਕਰਨ ਤੋਂ ਬਾਅਦ ਹੀ ਆਪਣੀ ਤਰਕਸ਼ੀਲ ਸੋਚ ਕਾਰਨ ਨਾਸਤਿਕ ਬਣੇ। ਉਹਨਾਂ ਆਪਣੀ ਵਿਗਿਆਨਕ ਸੋਚ ਅਨੁਸਾਰ ਹੀ ‘ਇਨਕਲਾਬ ਜਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦਾ ਨਾਹਰਾ ਬੁਲੰਦ ਕੀਤਾ। ਭਗਤ ਸਿੰਘ ਦੀ ਸੋਚ ਮੁਤਾਬਕ ਸਮਾਜਵਾਦ ਹੀ ਅਜਿਹਾ ਸਿਸਟਮ ਹੈ ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਰੋਕ ਸਕਦਾ ਹੈ ਅਤੇ ਬਰਾਬਰੀ ਦਾ ਸਮਾਜ ਸਿਰਜ ਸਕਦਾ ਹੈ।
ਸੁਸਾਇਟੀ ਦੇ ਕੁਆਰਡੀਨੇਟਰ ਨਛੱਤਰ ਬਦੇਸ਼ਾਂ ਦੇ ਸਟੇਜ ਸੰਭਾਲਣ ਤੋਂ ਬਾਦ ਮੇਲੇ ਵਿੱਚ ਪੇਸ਼ ਕੀਤੇ ਜਾਣ ਵਾਲੇ ਨਾਟਕਾਂ ਦੇ ਡਾਇਰੈਕਟਰ ਹਰਵਿੰਦਰ ਦੀਵਾਨਾ ਦੇ ਰੰਗਮੰਚ ਸਫਰ ਬਾਰੇ ਜਾਣਕਾਰੀ ਦਿੰਦਿਆਂ ਹਰਜੀਤ ਬੇਦੀ ਨੇ ਦੱਸਿਆ ਕਿ ਦੀਵਾਨਾ ਆਪਣੇ ਨਾਟਕਾਂ ਰਾਹੀਂ ਤਰਕਸ਼ੀਲਤਾ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਲੋਕਾਂ ਤੱਕ ਪਹੁੰਚਾ ਰਿਹਾ ਹੈ। ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦਾ ਸਾਥ ਦੇ ਕੇ ਵਧੀਆ ਸਮਾਜ ਸਿਰਜਣ ਲਈ ਯਤਨਸ਼ੀਲ ਹੈ। ਇਸ ਦੇ ਨਾਲ ਹੀ ਸੁਖਜੀਤ ਦੀ ਕਹਾਣੀ ਤੇ ਆਧਾਰਿਤ ਮਾ: ਤਰਲੋਚਨ ਦਾ ਲਿਖਿਆ ਨਾਟਕ ‘ ਆਦਮਖੋਰ’ ਪੇਸ਼ ਕੀਤਾ ਗਿਆ। ਜਿਸ ਰਾਹੀਂ ਡੇਰੇਦਾਰਾਂ ਵਲੋਂ ਲੋਕਾਂ ਦੇ ਕੀਤੇ ਜਾ ਰਹੇ ਆਰਥਿਕ ਤੇ ਮਾਨਸਿਕ ਸੋਸ਼ਣ, ੳਨ੍ਹਾ ਦੀ ਜ਼ਰ, ਜ਼ੋਰੂ ਅਤੇ ਜ਼ਮੀਨ ਤੇ ਕਬਜ਼ਾ ਕਰਨ ਅਤੇ ਸੰਤ ਬਾਣੇ ਵਿੱਚ ਕੀਤੇ ਜਾ ਰਹੇ ਕੁਕਰਮਾਂ ਦਾ ਪਰਦਾ ਫਾਸ਼ ਕੀਤਾ ਗਿਆ। ਹਰਵਿੰਦਰ ਦੀਵਾਨਾ ਦੇ ਲਿਖੇ ਨਾਟਕ ‘ਪੰਜਾਬ ਸਿਉਂ ਅਵਾਜਾ ਮਾਰਦਾ’ ਰਾਹੀਂ ਸਰਕਾਰੀ ਸਰਪਰਸਤੀ ਹੇਠ ਵਪਾਰੀਆਂ ਅਤੇ ਅਫਸਰਸ਼ਾਹੀ ਹੱਥੋਂ ਹੋ ਰਹੀ ਲੁੱਟ ਕਾਰਣ ਪੰਜਾਬ ਦੇ ਕਿਸਾਨਾ ਅਤੇ ਮਜਦੂਰਾਂ ਦੀ ਹੋ ਰਹੀ ਦੁਰਦਸ਼ਾ, ਨੌਜਵਾਨਾਂ ਵਿੱਚ ਫੈਲ ਰਹੇ ਨਸ਼ਿਆਂ ਦੇ ਕਾਰਨ ਅਤੇ ਦੁਸ਼-ਪ੍ਰਭਾਵ , ਕਿਸਾਨਾਂ ਅਤੇ ਮਜਦੂਰਾਂ ਦੀ ਹਕੀਕੀ ਸਾਂਝ ਅਤੇ ਨਾਲ ਹੀ ਸੰਘਰਸ਼ ਲਈ ਤਿਆਰ ਬੈਠੇ ਲੋਕਾਂ ਖਾਸ ਕਰ ਲੜਕੀਆਂ ਦੀ ਬਾਤ ਪਾਈ ਗਈ। ਪੇਸ਼ਕਾਰੀ ਵਜੋਂ ਇਹ ਨਾਟਕ ਇਸ ਪਰੋਗਰਾਮ ਦਾ ਸਿਖਰ ਹੋ ਨਿੱਬੜਿਆ। ਇਹ ਨਾਟਕ ਹਰਵਿੰਦਰ ਦੀਵਾਨਾ ਦੇ ਵਧੀਆ ਤੇ ਲੋਕ-ਪੱਖੀ ਨਾਟਕ ਲੇਖਕ, ਡਾਇਰੈਕਟਰ ਅਤੇ ਰੰਗਮੰਚ ਕਲਾਕਾਰ ਦਾ ਹੋਣ ਦਾ ਸਬੂਤ ਦੇ ਗਿਆ। ਨਾਟਕ ਦੇ ਕਲਾਕਾਰਾਂ ਨਵਨੂਰ ਸਿੱਧੂ, ਸਮਰਪ੍ਰੀਤ ਸਿੱਧੂ, ਤਰਕਜੀਤ ਢਿੱਲੋਂ, ਬਲਤੇਜ ਸਿੱਧੂ, ਅੰਤਰਪ੍ਰੀਤ ਅਤੇ ਬਿਕਰਮਜੀਤ ਰੱਖੜਾ ਨੇ ਪਾਤਰਾਂ ਨੂੰ ਹੂਬਹੂ ਜੀਵਿਆ। ਨਿਰਮਲ ਸੰਧੂ, ਬਲਵਿੰਦਰ ਢਿੱਲੋਂ, ਰਮਨ ਢਿੱਲੋਂ, ਤਨਵੀਰ ਉਰਫ ਟੈਨੀ ਸਿੱਧੂ, ਡਾ:ਰਮਨਦੀਪ ਅਤੇ ਗੌਰਵ ਅਟਵਾਲ ਨੇ ਆਪਣੇ ਆਪਣੇ ਪਾਤਰ ਬੜੀ ਸਫਲਤਾ ਨਾਲ ਨਿਭਾਏ। ਨਾਟਕ ਲੇਖਕ ਕੁਲਵਿੰਦਰ ਖਹਿਰਾ ਨੇ ਲਾਈਟਸ ੳੱਤੇ ਡਿਉਟੀ ਨਿਭਾਈ।
ਨਾਟਕਾਂ ਦੌਰਾਨ ਐਡਮੰਟਨ ਤੋਂ ਆਏ ਰਘਬੀਰ ਬਿਲਾਸਪੁਰੀ ਨੇ ਜਾਦੂ ਦੇ ਟਰਿੱਕ ਦਿਖਾਏ ਅਤੇ ਨਾਲ ਹੀ ਬਹੁਤ ਵਧੀਆ ਢੰਗ ਨਾਲ ਵਿਆਖਿਆ ਕੀਤੀ ਕਿ ਕੋਈ ਕਾਲਾ ਇਲਮ ਜਾਂ ਦੈਵੀ ਸ਼ਕਤੀ ਨਹੀਂ ਹੁੰਦੀ। ਇਹ ਇੱਕ ਕਲਾ ਹੈ। ਪਰ ਕਈ ਲੋਕ ਇਸ ਕਲਾ ਨੂੰ ਦੂਜਿਆਂ ਨੂੰ ਲੁੱਟਣ ਲਈ ਵਰਤਦੇ ਹਨ। ਉਹਨਾਂ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਦੇ ਟਰਿੱਕਾਂ ਦੀ ਇਸ ਆਈਟਮ ਨੂੰ ਬਹੁਤ ਸਲਾਹਿਆ ਗਿਆ। ਸੁਸਾਇਟੀ ਦੇ ਮੁੱਖ ਕੋਆਰਡੀਨੇਟਰ ਬਲਰਾਜ ਛੋਕਰ ਨੇ ਤਰਕਸ਼ੀਲ ਸੁਸਾਇਟੀ ਦਾ ਸੁਨੇਹਾ ਇਹ ਕਹਿੰਦਿਆਂ ਦਿੱਤਾ ਕਿ ਅਜਿਹੇ ਦਿਨ ਮਨਾ ਲੈਣਾ ਹੀ ਕਾਫੀ ਨਹੀਂ । ਸਾਨੂੰ ਵਿਗਿਆਨਕ ਸੋਚ ਅਪਣਾ ਕੇ, ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਚੋਂ ਨਿੱਕਲ ਕੇ ਅਤੇ ਭਗਤ ਸਿੰਘ ਦੀ ਸੋਚ ਅਪਣਾ ਕੇ ਵਧੀਆ ਸਮਾਜ ਸਿਰਜਣ ਲਈ ਯੋਗਦਾਨ ਪਾਉਣ ਦੀ ਲੋੜ ਹੈ।
ਸੁਸਾਇਟੀ ਵਲੋਂ ਪ੍ਰੋ: ਜਗਮੋਹਣ ਸਿੰਘ, ਹਰਵਿੰਦਰ ਦੀਵਾਨਾ ਅਤੇ ਰਘਬੀਰ ਬਿਲਾਸਪੁਰੀ ਦਾ ਸਨਮਾਨ ਕੀਤਾ ਗਿਆ। ਸਮੂਹ ਕਲਾਕਾਰਾਂ ਨੂੰ ਪਰਸੰਸਾ ਪੱਤਰ ਅਤੇ ਵਿਗਿਆਨਕ ਤੇ ਤਰਕਸ਼ੀਲ ਸੋਚ ਨਾਲ ਸਬੰਧਤ ਕਿਤਾਬਾਂ ਦੇ ਸੈੱਟ ਦਿੱਤੇ ਗਏ। ਇਸ ਮੌਕੇ ਸੁਸਾਇਟੀ ਵਲੋਂ ਸੁਰਜੀਤ ਸਹੋਤਾ ਅਤੇ ਸੁਰਿੰਦਰ ਸੰਧੂ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ। ਅੰਤ ਵਿੱਚ ਡਾ: ਬਲਜਿੰਦਰ ਸੇਖੋਂ ਨੇ ਕਲਾਕਾਰਾਂ, ਸਪਾਂਸਰਾਂ ਅਤੇ ਮੀਡੀਏ ਦਾ ਸਹਿਯੋਗ ਦੇਣ ਲਈ ਅਤੇ ਸਮੂਹ ਦਰਸ਼ਕਾਂ ਦਾ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਇਹ ਨਾਟਕ ਮੇਲਾ ਭਾਰੀ ਸਫਲਤਾ ਨਾਲ ਸਿਰੇ ਚੜ੍ਹਿਆ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …