ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਲੰਘੇ ਐਤਵਾਰ 27 ਅਗਸਤ ਨੂੰ ਗੀਤ-ਸੰਗੀਤ ਤੇ ਸਾਹਿਤ ਪ੍ਰੇਮੀਆਂ ਦੀ ਸੰਸਥਾ ‘ਗੀਤ ਗ਼ਜ਼ਲ ਤੇ ਸ਼ਾਇਰੀ’ ਵੱਲੋਂ ਸਜਾਈ ਗਈ ਮਹੀਨਾਵਾਰ ਮਹਿਫ਼ਲ ਵਿਚ ਇਕਬਾਲ ਬਰਾੜ ਜਿਨ੍ਹਾਂ ਨੂੰ ‘ਟੋਰਾਂਟੋ ਦੇ ਮੁਹੰਮਦ ਰਫ਼ੀ’ ਵਜੋਂ ਜਾਣਿਆਂ ਜਾਂਦਾ ਹੈ, ਦੀ ਨਵੀਂ ਗੀਤ-ਵੀਡੀਓ ”ਸੋਚਾਂ ਵਿਚ ਯਾਦਾਂ ਦੀਆਂ ਚੱਲਣ ਹਨੇਰੀਆਂ” ਵਿਖਾਈ ਗਈ।
ਭਾਵਨਾਵਾਂ ਨਾਲ ਭਰਪੂਰ ਇਸ ਗੀਤ ਨੂੰ ਪਾਕਿਸਤਾਨੀ ਪੰਜਾਬ ਦੇ ਪਿਛੋਕੜ ਵਾਲੇ ਜਨਾਬ ਮਕਸੂਦ ਚੌਧਰੀ ਨੇ ਲਿਖਿਆ ਹੈ ਅਤੇ ਇਕਬਾਲ ਬਰਾੜ ਨੇ ਆਪਣੀ ਸੁਰੀਲੀ ਅਤੇ ਜਾਦੂਮਈ-ਆਵਾਜ਼ ਵਿਚ ਗਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਗੀਤ ਵੀਡੀਓ ‘ਅੱਜ ਆਖਾਂ ਵਾਰਸ ਸ਼ਾਹ ਨੂੰ’ (ਲੇਖਿਕਾ ਅੰਮ੍ਰਿਤਾ ਪ੍ਰੀਤਮ) ਅਤੇ ਫਿਲ਼ਮ ‘ਅਕਾਲ ਪੁਰਖ ਕੀ ਫ਼ੌਜ’ ਵਿਚ ਲਏ ਗਏ ਗੁਰਬਾਣੀ ਦੇ ਸ਼ਬਦ ‘ਅੱਵਲ ਅੱਲਾਹ ਨੂਰ ਉਪਾਇਆ’ ਦੀ ਵੀਡੀਓ ਪੰਜਾਬੀ-ਪ੍ਰੇਮੀਆਂ ਵੱਲੋਂ ਬੇਹੱਦ ਪਸੰਦ ਕੀਤੀਆਂ ਗਈਆਂ ਹਨ। ਇਨ੍ਹਾਂ ਤੋ ਇਲਾਵਾ ਉਨ੍ਹਾਂ ਦੀਆਂ ਪੰਜਾਬੀ ਅਤੇ ਹਿੰਦੀ ਵਿਚ ਕੁਝ ਹੋਰ ਵੀਡੀਓਜ਼ ਵੀ ਯੂ-ਟਿਊਬ ‘ਤੇ ਉਪਲੱਭਧ ਹਨ। ਉਮੀਦ ਹੈ ਇਹ ਗੀਤ-ਵੀਡੀਓ ਵੀ ਉਨ੍ਹਾਂ ਨੂੰ ਜ਼ਰੂਰ ਪਸੰਦ ਆਏਗੀ।
ਇਸ ਗੀਤ ਵੀਡੀਓ ਵਿਚ ਡਾ. ਜਗਮੋਹਨ ਸੰਘਾ ਅਤੇ ਕੁਲਦੀਪ ਆਹਲੁਵਾਲੀਆ ਦੀ ਐਕਟਿੰਗ ਦੀ ਮੁਹਾਰਤ ਨੇ ਹੋਰ ਵੀ ਚਾਰ-ਚੰਨ ਲਾਏ ਹਨ।
ਇਹ ਦੋਵੇਂ ਥੀਏਟਰ ਕਲਾਕਾਰੀ ਦੇ ਪਿਛੋਕੜ ਦੇ ਨਾਲ ਨਾਲ ਲੇਖਕ ਅਤੇ ਵਧੀਆ ਟੀ.ਵੀ. ਹੋਸਟ ਵੀ ਹਨ। ਇਸ ਗੀਤ ਦਾ ਸੰਗੀਤ ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਵਿਚ ਰਹਿੰਦੇ ਮੂਨ ਐਂਥਨੀ ਸੋਸ਼ੀਲ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਟੋਰਾਂਟੋ ਦੇ ਵਾਸੀ ਐਹਮਰ ਕੈਨੇਥ ਵੱਲੋਂ ਰਿਕਾਰਡ ਕੀਤਾ ਗਿਆ ਹੈ। ਮੰਨੇ-ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਨਦੀਮ ਅਲੀ ਵੱਲੋਂ ਇਸ ਦੀ ਕਲਾਤਮਿਕ ਮਿਕਸਿੰਗ ਕੀਤੀ ਗਈ ਹੈ। ਵੀਡੀਓ ਦੀ ਸ਼ੂਟਿੰਗ ਟੋਰਾਂਟੋ ਦੀਆਂ ਬਹੁਤ ਸਾਰੀਆਂ ਰਮਣੀਕ ਥਾਵਾਂ ‘ਤੇ ਕੀਤੀ ਗਈ ਹੈ ਇਸ ਜਿੰਮੇਵਾਰੀ ਨੂੰ ਮਸ਼ਹੂਰ ਸਿਨੇਮੈਟੋਗਰਾਫ਼ਰ ਜਸਕਰਨ ਸੰਧੂ ਵੱਲੋਂ ਬਾਖ਼ੂਬੀ ਨਿਭਾਇਆ ਗਿਆ ਹੈ। ਇਸ ਮਹਿਫ਼ਲ ਦੇ ਦੌਰਾਨ ਸੰਨੀ ਸ਼ਿਵਰਾਜ ਅਤੇ ਇਕਬਾਲ ਬਰਾੜ ਦੇ ਗੀਤਾਂ ਤੇ ਗ਼ਜ਼ਲਾਂ ਦੀਆਂ ਕੁਝ ਹੋਰ ਵੀਡੀਓਜ਼ ਵੀ ਵਿਖਾਈਆਂ ਗਈਆਂ।
ਇਸ ਵੀਡੀਓ ਨੂੰ ਵਿਖਾਉਣ ਤੋਂ ਪਹਿਲਾਂ ਚੱਲ ਰਹੇ ਪ੍ਰੋਗਰਾਮ ਦੌਰਾਨ ਕੁਲਵਿੰਦਰ ਖਹਿਰਾ, ਬਲਰਾਜ ਧਾਲੀਵਾਲ, ਭੁਪਿੰਦਰ ਦੁਲੇ, ਪਿਆਰਾ ਸਿੰਘ ਕੁਦੋਵਾਲ ਤੇ ਪ੍ਰੋ.ਜਗੀਰ ਸਿੰਘ ਕਾਹਲੋਂ ਨੇ ਆਪਣੀਆਂ ਗ਼ਜ਼ਲਾਂ ਨਾਲ ਵਧੀਆ ਕਾਵਿ-ਮਈ ਮਾਹੌਲ ਬਣਾਇਆ ਅਤੇ ਇਹ ਸਿਲਸਿਲਾ ਦੂਸਰੇ ਸੈਸ਼ਨ ਵਿਚ ਵੀ ਇੰਜ ਹੀ ਬਰਕਰਾਰ ਰਿਹਾ ਜਿਸ ਵਿਚ ਸੰਨੀ ਸ਼ਿਵਰਾਜ, ਇਕਬਾਲ ਬਰਾੜ, ਰਿੰਟੂ ਭਾਟੀਆ, ਪਰਮਜੀਤ ਢਿੱਲੋਂ ਤੇ ਕਈ ਹੋਰਨਾਂ ਨੇ ਆਪਣੇ ਗੀਤ ਤੇ ਗ਼ਜ਼ਲਾਂ ਸੁਣਾਈਆਂ। ਇਸ ਮੌਕੇ ਹਾਜ਼ਰੀਨ ਵਿਚ ਸੁਰਜਣ ਸਿੰਘ ਜ਼ੀਰਵੀ, ਬਲਰਾਜ ਚੀਮਾ, ਗੁਰਦਾਸ ਮਿਨਹਾਸ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਸੁਰਜੀਤ ਸਿੰਘ ਸੰਧੂ, ਸੁਰਿੰਦਰ ਸਿੰਘ ਸੰਧੂ, ਮਨਮੋਹਨ ਸਿੰਘ ਗੁਲਾਟੀ, ਬਰਜਿੰਦਰ ਗੁਲਾਟੀ, ਪਰਮਜੀਤ ਦਿਓਲ, ਹਰਜਸਪ੍ਰੀਤ ਗਿੱਲ, ਰਛਪਾਲ ਕੌਰ ਗਿੱਲ, ਰਾਜਵੰਤ ਬਾਜਵਾ, ਜਗਦੀਸ਼ ਕੌਰ ਝੰਡ, ਸੁਰਜੀਤ ਕੌਰ ਸੰਧੂ ਸਮੇਤ ਕਈ ਹੋਰ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …