ਬਰੈਂਪਟਨ/ਡਾ. ਝੰਡ : ਤਿੰਨ ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲੇ ਲਖੀਮਪੁਰ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਵਿਗੜੇ ਹੋਏ ਮੁੰਡੇ ਅਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਮਿਸ਼ਰਾ ਵੱਲੋਂ ਚਾਰ ਨੌਜਵਾਨਾਂ ਅਤੇ ਇਕ ਪੱਤਰਕਾਰ ਨੂੰ ਆਪਣੀਆਂ ਜੀਪਾਂ ਤੇ ਕਾਰਾਂ ਹੇਠ ਕੁਚਲ ਕੇ ਸ਼ਹੀਦ ਕਰਨ ਦੇ ਵਿਰੁੱਧ ਬਰੈਂਪਟਨ ਸਿੱਖ ਮੋਟਰਸਾਈਕਲ ਕਲੱਬ ਅਤੇ ਫਾਰਮਰਜ਼ ਸੁਪੋਰਟ ਗਰੁੱਪ ਆਫ਼ ਬਰੈਂਪਟਨ ਵੱਲੋਂ ਸਾਂਝੇ ਤੌਰ ‘ਤੇ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਉਦੇਸ਼ ਲਖੀਮਪੁਰ ਵਿਚ ਹੋਈ ਅਤੀ ਘਿਨਾਉਣੀ ਅਤੇ ਨਿੰਦਣਯੋਗ ਘਟਨਾ ਵਿਚ ਸ਼ਹੀਦ ਹੋਏ ਚਾਰ ਨਿਹੱਥੇ ਕਿਸਾਨਾਂ ਅਤੇ ਇਕ ਪੱਤਰਕਾਰ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦੇਣ ਅਤੇ ਮੁੱਖ ਕਾਤਲ ਅਸ਼ੀਸ਼ ਮਿਸ਼ਰਾ ਦੇ ਬਾਪ ਅਜੈ ਮਿਸ਼ਰਾ ਨੂੰ ਗ੍ਰਹਿ ਰਾਜ ਮੰਤਰੀ ਦੇ ਪੱਦ ਤੋਂ ਲਾਭੇ ਕੀਤੇ ਜਾਣ ਬਾਰੇ ਆਵਾਜ਼ ਉਠਾਉਣਾ ਸੀ। ਰੈਲੀ ਵਿਚ ਹਾਜ਼ਰੀਨ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਬਰੈਂਪਟਨ ਦੀ ਓਨਟਾਰੀਓ ਸਿੱਖ ਮੋਟਰਸਾਈਕਲ ਕਲੱਬ ਦੇ ਨੁਮਾਇੰਦੇ ਖੁਸ਼ਵੰਤ ਸਿੰਘ ਬਾਜਵਾ, ਲਖਵਿੰਦਰ ਸਿੰਘ ਧਾਲੀਵਾਲ ਤੇ ਬੀਬਾ ਨਵਦੀਪ ਕੌਰ ਗਿੱਲ ਅਤੇ ਫਾਰਮਰਜ਼ ਸੁਪੋਰਟ ਗਰੁੱਪ ਦੇ ਨੁਮਾਇੰਦੇ ਪ੍ਰੋ. ਜਗੀਰ ਸਿੰਘ ਕਾਹਲੋਂ, ਮੱਲ ਸਿੰਘ ਬਾਸੀ ਅਤੇ ਨਵਦੀਪ ਜੋਧਾਂ ਸ਼ਾਮਲ ਸਨ। ਆਪਣੇ ਸੰਬੋਧਨਾਂ ਦੌਰਾਨ ਬੁਲਾਰਿਆਂ ਨੇ ਲਖੀਮਪੁਰ ਖੀਰੀ ਦੇ ਦੁਖਾਂਤ ਦੇ ਪਿਛੋਕੜ ਅਤੇ ਸਮੁੱਚੇ ਘਟਨਾਕ੍ਰਮ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਅਹਿਦ ਕੀਤਾ ਕਿ ਜਦੋਂ ਤੱਕ ਇਸ ਜ਼ੁਲਮ ਦਾ ਇਨਸਾਫ਼ ਨਹੀਂ ਮਿਲਦਾ, ਉਹ ਇਹ ਪਰਵਾਸੀ ਸੰਘਰਸ਼ ਵਿਚ ਇੰਜ ਹੀ ਸ਼ਾਮਲ ਰਹਿਣਗੇ। ਰੈਲੀ ਵਿਚ ਹਾਜ਼ਰ ਸਭਨਾਂ ਵੱਲੋਂ ਬੁਲੰਦ ਆਵਾਜ਼ ਵਿਚ ਨਾਅਰਿਆਂ ਅਤੇ ਜੈਕਾਰਿਆਂ ਨਾਲ ਇਨ੍ਹਾਂ ਵਿਚਾਰਾਂ ਦਾ ਸਮਰਥਨ ਕੀਤਾ ਗਿਆ।