Breaking News
Home / ਕੈਨੇਡਾ / ਮੀਂਹ-ਕਣੀ ਦੇ ਬਾਵਜੂਦ ਟ੍ਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਲਾਇਆ ਬਲੱਫ਼ਰਜ਼ ਪਾਰਕ ਦਾ ਟੂਰ

ਮੀਂਹ-ਕਣੀ ਦੇ ਬਾਵਜੂਦ ਟ੍ਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਲਾਇਆ ਬਲੱਫ਼ਰਜ਼ ਪਾਰਕ ਦਾ ਟੂਰ

ਬਰੈਂਪਟਨ/ਡਾ. ਝੰਡ : ਕਰੋਨਾ ਦੇ ਕਾਰਨ ਪਿਛਲੇ ਲੱਗਭੱਗ ਡੇਢ ਸਾਲ ਤੋਂ ਘਰਾਂ ਵਿਚ ਬੰਦ ਰਹਿਣ ਤੋਂ ਬਾਅਦ ਟ੍ਰਿੱਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਓਦੋਂ ਕਾਫ਼ੀ ਰਾਹਤ ਮਹਿਸੂਸ ਕੀਤੀ ਜਦੋਂ ਕੋਵਿਡ-19 ਦੀਆਂ ਬੰਦਸ਼ਾਂ ਵਿਚ ਕੁਝ ਢਿੱਲ ਮਿਲਣ ‘ਤੇ ਇਸ ਕਲੱਬ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਬਲੱਫ਼ਰਜ਼ ਪਾਰਕ ਦੇ ਟੂਰ ‘ਤੇ ਲਿਜਾਣ ਦਾ ਫ਼ੈਸਲਾ ਕੀਤਾ ਗਿਆ।
ਸੀਨੀਅਰਾਂ ਵਿਚ ਹੋ ਰਹੀ ਇਸ ਹਿੱਲਜੁਲ ਵਿਚ ਹੋਰ ਵੀ ਵਾਧਾ ਹੋ ਗਿਆ ਜਦੋਂ ਬਰੈਂਪਟਨ ਦੇ ਵਾਰਡ ਨੰਬਰ 7 ਅਤੇ 8 ਦੇ ਰੀਜਨਲ ਕਾਊਂਸਲਰ ਪੈਟ ਫ਼ੋਰਟਿਨੀ ਵੱਲੋਂ ਵਾਰਡ ਦੀ ਹਰੇਕ ਸੀਨੀਅਰ ਕਲੱਬ ਨੂੰ ਆਪਣੇ ਮੈਂਬਰਾਂ ਨੂੰ ਟੂਰ ‘ਤੇ ਲਿਜਾਣ ਲਈ 500 ਡਾਲਰ ਦੀ ਸਹਾਇਤਾ ਰਾਸ਼ੀ ਜਾਰੀ ਕਰ ਦਿੱਤੀ ਗਈ।
ਦਰਅਸਲ, ਟ੍ਰਿੱਪਲ ਕਰਾਊਨ ਦੇ ਪ੍ਰਬੰਧਕਾਂ ਨੇ ਆਪਣੇ ਮੈਂਬਰਾਂ ਨੂੰ 3 ਅਕਤੂਬਰ ਐਤਵਾਰ ਨੂੰ ਨਿਆਗਰਾ ਫ਼ਾਲਜ਼ ਲਿਜਾਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਉਸ ਦਿਨ ਮੌਸਮ ਵਿਭਾਗ ਵੱਲੋਂ ਇੰਟਰਨੈੱਟ ‘ਤੇ ਲੱਗਭੱਗ ਸਾਰਾ ਦਿਨ ਬਾਰਸ਼ ਦਿਖਾਈ ਜਾ ਰਹੀ ਸੀ। ਮੌਸਮ ਦੇ ਇਸ ਮਿਜਾਜ਼ ਨੂੰ ਭਾਂਪਦਿਆਂ ਪ੍ਰਬੰਧਕਾਂ ਨੇ ਇਹ ਟੂਰ ਨਿਆਗਰਾ ਦੀ ਬਜਾਏ ਬਲੱਫ਼ਰਜ਼ ਪਾਰਕ ਲਿਜਾਣ ਦਾ ਫ਼ੈਸਲਾ ਕਰ ਲਿਆ ਜਿਸ ਦਾ ਸਾਰੇ ਮੈਂਬਰਾਂ ਵੱਲੋਂ ਸੁਆਗ਼ਤ ਕੀਤਾ ਗਿਆ। ਬੀਬੀ ਨਰਿੰਦਰ ਕੌਰ ਸਰਾਂ ਦੀਆਂ ਕੋਸ਼ਿਸ਼ਾਂ ਨਾਲ ਭੇਜੀ ਹੋਈ ਬੱਸ ਸਵੇਰੇ 9.00 ਵਜੇ ਟ੍ਰਿੱਪਲ ਕਰਾਊਨ ਪਾਰਕ ਵਿਚ ਪਹੁੰਚ ਗਈ ਜਿੱਥੇ ਸਾਰੇ ਮੈਂਬਰ ਪਹਿਲਾਂ ਹੀ ਬੜੀ ਤੀਬਰਤਾ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਸਨ। ਬੀਬੀ ਰਮੇਸ਼ ਲੂੰਬਾ ਅਤੇ ਸੰਤੋਸ਼ ਸ਼ਰਮਾ ਦੀ ਅਗਵਾਈ ਵਿਚ ਸਾਰੀਆਂ ਬੀਬੀਆਂ ਵੱਲੋਂ ਤਿਆਰ ਕੀਤੇ ਗਏ ਪਕਵਾਨ ਨਾਲ ਲੈ ਕੇ ਸਾਢੇ ਨੌਂ ਵਜੇ ਸਾਰੇ ਮੈਂਬਰ ਜੈਕਾਰਿਆਂ ਦੀ ਗੂੰਜ ਵਿਚ ਮੰਜ਼ਲ ਵੱਲ ਰਵਾਨਗੀ ਕਰ ਦਿੱਤੀ ਗਈ। ਲੱਗਭੱਗ ਡੇਢ ਘੰਟੇ ਦੇ ਸਫ਼ਰ ਪਿੱਛੋਂ ਆਪਣੀ ਮੰਜ਼ਲ ‘ਤੇ ਪਹੁੰਚਣ ਤੋਂ ਬਾਅਦ ਚਾਹ-ਪਾਣੀ ਅਤੇ ਸਨੈਕਸ ਛਕੇ। ਰੁਕ-ਰੁਕ ਕੇ ਥੋੜ੍ਹੀ-ਥੋੜ੍ਹੀ ਬਾਰਸ਼ ਵੀ ਹੋ ਰਹੀ ਸੀ। ਇਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਸਿਰਾਂ ‘ਤੇ ਛੱਤਰੀਆਂ ਤਾਣੀਂ ਆਪੋ-ਆਪਣੇ ਸੰਗੀਆਂ-ਸਾਥੀਆਂ ਨਾਲ ਆਲੇ-ਦੁਆਲੇ ਦੇ ਖ਼ੂਬਸੂਰਤ ਨਜ਼ਾਰੇ ਮਾਨਣ ਲਈ ਛੋਟੀਆਂ-ਛੋਟੀਆਂ ਟੋਲੀਆਂ ਵਿਚ ਚੱਲ ਪਏ।
ਲੱਗਭੱਗ ਢਾਈ ਘੰਟੇ ਦੀ ਲੰਮੀ ਸੈਰ ਤੋਂ ਬਾਅਦ ਸਾਰੇ ਦੁਪਹਿਰ ਦੇ ਖਾਣੇ ਲਈ ਇਕੱਠੇ ਹੋ ਗਏ ਅਤੇ ਆਪਣੇ ਨਾਲ ਲਿਆਂਦਾ ਹੋਇਆ ਵੱਖ-ਵੱਖ ਪ੍ਰਕਾਰ ਦਾ ਭੋਜਨ ਮਿਲ ਕੇ ਛਕਿਆ। ਕੁਝ ਮੈਂਬਰਾਂ ਨੇ ਕਵਿਤਾਵਾਂ, ਗੀਤਾਂ ਅਤੇ ਗੱਲਾਂ-ਬਾਤਾਂ ਦੇ ਰੂਪ ਵਿਚ ਆਪਣੇ ਵਿਚਾਰ ਸਾਂਝੇ ਕੀਤੇ। ਕਲੱਬ ਦੇ ਖ਼ਜ਼ਾਨਚੀ ਮੁਖਤਾਰ ਸਿੰਘ ਸੰਧਾ ਅਤੇ ਮੀਤ-ਪ੍ਰਧਾਨ ਮਨਜੀਤ ਸਿੰਘ ਬੋਇਲ ਨੇ ਇਸ ਟੂਰ ਨੂੰ ਸਫ਼ਲ ਬਨਾਉਣ ਵਿਚ ਵੱਡਾ ਯੋਗਦਾਨ ਪਾਇਆ।
ਇਸ ਦੌਰਾਨ ਚਾਰ ਵਜੇ ਵਾਪਸੀ ਸਫ਼ਰ ਸ਼ੁਰੂ ਕਰ ਦਿੱਤਾ ਗਿਆ। ਰਸਤੇ ਵਿਚ ਇਕ ਟਿਮ ਹੌਰਟਿਨ ‘ਤੇ ਬੱਸ ਰੋਕ ਕੇ ਸਾਰਿਆਂ ਨੇ ਕਾਫ਼ੀ ਦਾ ਲੁਤਫ਼ ਲਿਆ ਅਤੇ ਛੇ ਕੁ ਵਜੇ ਵਾਪਸ ਬੌਟਮ-ਵੁੱਡ ਪਾਰਕ ਪਹੁੰਚ ਕੇ ਸਾਰਿਆਂ ਨੇ ਕਲੱਬ ਦੇ ਪ੍ਰਧਾਨ ਪ੍ਰੋ. ਨਿਰਮਲ ਸਿੰਘ ਧਾਰਨੀ ਅਤੇ ਉਨ੍ਹਾਂ ਦੇ ਸਹਿਯੋਗੀ ਸਾਥੀਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਵੱਲੋਂ ਰੀਜਨਲ ਕਾਊਂਸਲਰ ਪੈਟ ਫ਼ੋਰਟਿਨੀ ਅਤੇ ਉਨ੍ਹਾਂ ਦੀ ਸਹਿਯੋਗੀ ਬੀਬੀ ਬੈਂਸ ਦਾ ਕਲੱਬ ਨੂੰ ਆਰਥਿਕ ਸਹਾਇਤਾ ਦੇਣ ਲਈ ਹਾਰਦਿਕ ਧੰਨਵਾਦ ਕੀਤਾ ਗਿਆ।
ਸੀਨੀਅਰਜ਼ ਫਰੈਂਡਜ਼ ਕਲੱਬ ਵਲੋਂ ਜਥੇਦਾਰ ਸੰਤੋਖ ਸਿੰਘ ਦਾ ਕੀਤਾ ਜਾਵੇਗਾ ਸਨਮਾਨ
ਸੀਨੀਅਰਜ਼ ਫਰੈਂਡਜ਼ ਕਲੱਬ ਜ਼ਿਲ੍ਹਾ ਰੋਪੜ ਵਲੋਂ ਮਿਤੀ 17 ਅਕਤੂਬਰ 2021 ਨੂੰ ਦੁਪਹਿਰ 12:30 ਤੋਂ 2:30 ਵਜੇ ਤੱਕ ਗਰੇਟ ਤਾਜ਼ ਰੈਸਟੋਰੈਂਟ 80 ਮੈਰੀਟਾਈਮ ਸਟਰੀਟ ਕੁਈਨ-ਏਅਰਪੋਰਟ ਰੋਡ ਉਤੇ ਰੋਪੜ ਜ਼ਿਲ੍ਹੇ ਦੇ ਉਘੇ ਸਿਆਸਤਦਾਨ ਖਿਡਾਰੀ ਜ਼ਿਮੀਂਦਾਰੀ ਨਾਲ ਸਬੰਧਤ ਵਿਅਕਤੀ ਸਨਮਾਨਤ ਕੀਤੇ ਜਾਣਗੇ।
ਇਸ ਮੌਕੇ ਜਥੇਦਾਰ ਸੰਤੋਖ ਸਿੰਘ ਪੁਰਖਾਲੀ ਉਘੇ ਸਿਆਸਤਦਾਨ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਦੀ ਜਨਮ ਮਿਤੀ 01-07-1936 ਹੈ।
ਹੋਰ ਵਧੇਰੇ ਜਾਣਕਾਰੀ ਲਈ ਪ੍ਰੋ. ਨਿਰਮਲ ਸਿੰਘ ਧਾਰਨੀ 647-764-4743 ਜਾਂ ਉਘੇ ਸਪੋਰਟਸਮੈਨ ਮਲ ਸਿੰਘ ਬਾਸੀ ਨਾਲ ਫੋਨ ਨੰਬਰ 437-980-7015 ‘ਤੇ ਸੰਪਰਕ ਕਰ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …