ਬਰੈਂਪਟਨ/ਰਮਿੰਦਰ ਵਾਲੀਆ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ 20 ਜਨਵਰੀ ਸੋਮਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਸਿਰਜਨਾ ਦੇ ਆਰ-ਪਾਰ ਪ੍ਰੋਗਰਾਮ ਕਰਵਾਇਆ ਗਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੇ ਵਿਸ਼ੇਸ਼ ਯਤਨਾਂ ਨਾਲ ਆਨਲਾਈਨ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪਾਕਿਸਤਾਨ ਤੋਂ ਪ੍ਰਸਿੱਧ ਤੇ ਉੱਘੀ ਸ਼ਖਸੀਅਤ ਚਿੰਤਕ, ਸ਼ਾਇਰਾ ਅਤੇ ਸਿੱਖਿਆ ਸ਼ਾਸਤਰੀ ਡਾਕਟਰ ਨਬੀਲਾ ਰਹਿਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦਾ ਆਰੰਭ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਅਤੇ ਪ੍ਰਸਿੱਧ ਲੇਖਿਕਾ ਸੁਰਜੀਤ ਟੋਰਾਂਟੋ ਨੇ ਕੀਤਾ । ਉਹਨਾਂ ਨੇ ਡਾ. ਨਬੀਲਾ ਰਹਿਮਾਨ ਨੂੰ ਨਿੱਘੀ ਜੀ ਆਇਆ ਆਖਦਿਆਂ ਸਮੁੱਚੇ ਦਰਸ਼ਕਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸਵਾਗਤੀ ਸ਼ਬਦ ਕਹੇ। ਉਹਨਾਂ ਨੇ ਡਾ . ਨਬੀਲਾ ਰਹਿਮਾਨ ਨੂੰ ਪੰਜਾਬੀ ਦੇ ਲਈ ਯਤਨ ਕਰਨ ਵਾਲੀ ਸ਼ਖਸੀਅਤ ਦੱਸਿਆ ਤੇ ਉਹਨਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਵੀ ਡਾ. ਨਬੀਲਾ ਰਹਿਮਾਨ ਦੀ ਸ਼ਖਸੀਅਤ ਬਾਰੇ ਕੁਝ ਸ਼ਬਦ ਕਹੇ।
”ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਇਸ ਪ੍ਰੋਗਰਾਮ ਵਿੱਚ ਭਾਵੇਂ ਸ਼ਾਮਿਲ ਨਹੀਂ ਸਨ ਪਰ ਉਹਨਾਂ ਨੇ ਡਾਕਟਰ ਨਬੀਲਾ ਰਹਿਮਾਨ ਦੀ ਸ਼ਖਸੀਅਤ ਬਾਰੇ ਦੱਸਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਮੁੱਚੇ ਪੰਜਾਬੀ ਪ੍ਰੇਮੀਆਂ ਲਈ ਮਾਣਮੱਤੀਆਂ ਪ੍ਰਾਪਤੀਆਂ ਦੱਸਿਆ।” ਉਪਰੰਤ ਪ੍ਰੋਫੈਸਰ ਕੁਲਜੀਤ ਕੌਰ ਮਾਡਰੇਟਰ ਸਿਰਜਣਾ ਦੇ ਆਰ-ਪਾਰ ਨੇ ਡਾਕਟਰ ਨਬੀਲਾ ਰਹਿਮਾਨ ਦੀ ਸ਼ਖਸੀਅਤ ਬਾਰੇ ਦੱਸਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਮੁੱਚੇ ਪੰਜਾਬੀ ਪ੍ਰੇਮੀਆਂ ਲਈ ਮਾਣਮੱਤੀਆਂ ਪ੍ਰਾਪਤੀਆਂ ਦੱਸਿਆ। ਆਰ-ਪਾਰ ਪ੍ਰੋਗਰਾਮ ਨੇ ਨਬੀਲਾ ਰਹਿਮਾਨ ਦੇ ਪਰਿਵਾਰਿਕ ਪਿਛੋਕੜ ਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਤੇ ਉਹਨਾਂ ਨਾਲ ਸੰਵਾਦ ਰਚਾਇਆ। ਡਾਕਟਰ ਨਬੀਲਾ ਰਹਿਮਾਨ ਨੇ ਆਪਣੇ ਬਚਪਨ ਤੋਂ ਹੀ ਆਪਣੇ ਮਾਤਾ ਪਿਤਾ ਦੇ ਸਹਿਯੋਗ ਦੀ ਗੱਲ ਕਰਦਿਆਂ ਆਪਣੀ ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੱਕ ਦੀ ਮਿਹਨਤ ਅਤੇ ਲਗਨ ਬਾਰੇ ਦੱਸਿਆ ਤੇ ਆਪਣੇ ਪਰਿਵਾਰ ਦੇ ਸਹਿਯੋਗ ਨੂੰ ਆਪਣੇ ਜੀਵਨ ਦਰਸ਼ਨ ਵਿੱਚ ਮਾਰਗਦਰਸ਼ਕ ਦੱਸਿਆ।
ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਪੰਜਾਬੀ ਭਾਸ਼ਾ ਨਾਲ ਮੁੱਢ ਤੋਂ ਹੀ ਸੰਜੀਦਗੀ ਨਾਲ ਜੁੜਿਆ ਸੀ ਤੇ ਉਸ ਨੂੰ ਵੀ ਇਹੀ ਹਦਾਇਤ ਸੀ ਕਿ ਉਸਨੂੰ ਜੇਕਰ ਪੰਜਾਬੀ ਵਿੱਚ ਦਾਖਲਾ ਮਿਲੇ ਤੇ ਲੈ ਲੈਣਾ ਹੈ ਨਹੀਂ ਤੇ ਘਰ ਵਾਪਸ ਆ ਜਾਣਾ ਹੈ। ਇਸ ਸਤਰ ਨਾਲ ਹੀ ਉਹਨਾਂ ਦੇ ਪਰਿਵਾਰ ਦੀ ਪੰਜਾਬੀ ਪ੍ਰਤੀ ਭਾਵੁਕ ਸਾਂਝ ਦਾ ਪਤਾ ਲੱਗਦਾ ਹੈ ਡਾਕਟਰ ਨਬੀਲਾ ਰਹਿਮਾਨ ਜਿਹੜੇ ਕਿ ਵਰਤਮਾਨ ਸਮੇਂ ਓਰੀਐਂਟਲ ਕਾਲਜ ਲਾਹੌਰ ਵਿੱਚ ਪ੍ਰਿੰਸੀਪਲ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਹ ਇਸ ਤੋਂ ਪਹਿਲਾਂ ਹੋਰ ਵੀ ਉੱਚ ਅਹੁਦਿਆਂ ਤੇ ਰਹਿ ਚੁੱਕੇ ਹਨ ਜਿਸ ਵਿੱਚ ਝੰਗ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਰੁਤਬਾ ਵੀ ਉਹਨਾਂ ਦੇ ਹਿੱਸੇ ਆਇਆ। ਉਹ ਪੰਜਾਬੀ ਭਾਸ਼ਾ ਨਾਲ ਜੁੜੀਆਂ ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਅਹੁਦੇਦਾਰ ਤੇ ਮੈਂਬਰ ਹਨ ਤੇ ਲਗਾਤਾਰ ਵੱਖ-ਵੱਖ ਦੇਸ਼ਾਂ ਦੀ ਯਾਤਰਾ ਦੌਰਾਨ ਵੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਵਿੱਚ ਯੋਗਦਾਨ ਪਾ ਰਹੇ ਹਨ। ਉਹਨਾਂ ਨੇ ਇੰਗਲੈਂਡ, ਸਪੇਨ, ਨੀਦਰਲੈਂਡ ਕਨੇਡਾ, ਈਸੋਤੋਨੀਆ, ਸਾਊਦੀ ਅਰਬ ਯੂਏਈ ਆਦਿ ਦੇਸ਼ਾਂ ਦੇ ਵਿੱਚ ਪੰਜਾਬੀ ਪ੍ਰਤੀ ਅਤੇ ਹੋਰ ਅੰਤਰਰਾਸ਼ਟਰੀ ਮਸਲਿਆਂ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਭਾਰਤ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖਾਲਸਾ ਹੈਰੀਟੇਜ ਐਵਾਰਡ, ਬਾਬਾ ਫਰੀਦ ਐਵਾਰਡ, ਕਨੇਡਾ ਵਿੱਚ ਵੱਖ-ਵੱਖ ਸਾਹਿਤ ਸਭਾਵਾਂ ਵੱਲੋਂ, ਯੂਨੀਕ ਗਰੁੱਪ ਆਫ ਇੰਸਟੀਚਿਊਸ਼ਨਜ਼ ਪਾਕਿਸਤਾਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਉਹਨਾਂ ਨੇ ਬਹੁਤ ਸਾਰੇ ਖੋਜ ਪੱਤਰ ਲਿਖੇ। ਖੋਜ ਅਤੇ ਆਲੋਚਨਾ ਨਾਲ ਸਬੰਧਤ ਅਨੇਕਾਂ ਪੁਸਤਕਾਂ ਲਿਖੀਆਂ ਅਤੇ ਅਨੁਵਾਦ ਵੀ ਕੀਤੀਆਂ। ਯੂਨੀਵਰਸਿਟੀ ਨਾਲ ਸਬੰਧਤ ਸਿਲੇਬਸ ਕਮੇਟੀਆਂ ਦੇ ਵੀ ਮੈਂਬਰ ਹਨ। ਉਹਨਾਂ ਨੇ ਆਪਣੀ ਗੱਲਬਾਤ ਵਿਚ ਦੋਹਾਂ ਮੁਲਕਾਂ ਦੇ ਸਾਂਝੇ ਸੱਭਿਆਚਾਰ, ਸਮਾਜ, ਵਿਰਸੇ ਅਤੇ ਨਾਰੀਵਾਦ ਬਾਰੇ ਗੰਭੀਰ ਚਿੰਤਨ ਭਰਪੂਰ ਵਿਚਾਰ ਚਰਚਾ ਕੀਤੀ। ਉਹਨਾਂ ਨੇ ਸ੍ਰੀ ਗੁਰੂ ਨਾਨਕ ਚੇਅਰ ਦੀ ਸਥਾਪਨਾ ਆਪਣੀ ਸੰਸਥਾ ਵਿੱਚ ਹੋਣ ਨਾਲ ਸਾਂਝੀਵਾਲਤਾ ਅਤੇ ਪੰਜਾਬੀ ਮਾਂ ਬੋਲੀ ਬਾਰੇ ਸਾਰਥਕ ਉਪਰਾਲੇ ਕੀਤੇ ਜਾਣ ਬਾਰੇ ਆਸ ਪ੍ਰਗਟਾਈ। ਉਹਨਾਂ ਨੇ ਨਾਰੀ ਸਿਖਿਆ ਦੀਆਂ ਚੁਣੌਤੀਆਂ ਪਰ ਉਨ੍ਹਾਂ ਦੀ ਸੰਸਥਾ ਵਿੱਚ ਲੜਕੀਆਂ ਦੀ ਤਸੱਲੀਬਖਸ਼ ਸਿੱਖਿਆ ਦੀ ਗੱਲ ਕੀਤੀ। ਪੰਜਾਬੀ ਸੂਫ਼ੀਇਜ਼ਮ ਬਾਰੇ ਪੀਐਚਡੀ ਕਰਨ ਵਾਲੀ ਡਾ ਨਬੀਲਾ ਰਹਿਮਾਨ ਨੇ ਅਨੇਕਾਂ ਵਿਦਿਆਰਥੀਆਂ ਨੂੰ ਪੀਐਚਡੀ, ਐਮ ਫਿਲ ਦੇ ਥੀਸਿਸ ਵਿੱਚ ਅਗਵਾਈ ਦਿੱਤੀ ਹੈ। ਉਹਨਾਂ ਦੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਬਾਰੇ ਅਤੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਦੀ ਸਥਿਤੀ ਅਤੇ ਭਾਰਤੀ ਪੰਜਾਬ ਵਿੱਚ ਦੋਹਾਂ ਦੀ ਸਾਂਝ ਬਾਰੇ ਗੱਲ ਕੀਤੀ। ਉਹਨਾਂ ਨੇ ਨਵੀਂ ਪੀੜ੍ਹੀ ਦਾ ਪੰਜਾਬੀ ਪ੍ਰਤੀ ਰੁਝਾਨ ਬਾਰੇ ਗੱਲ ਕਰਦਿਆਂ ਦੋਹਾਂ ਦੇਸ਼ਾਂ ਵਿੱਚ ਸੰਗੀਤ ਦੀ ਸਾਂਝ ਨੂੰ ਵੀ ਵਿਰਸੇ ਦਾ ਇੱਕ ਹਿੱਸਾ ਦੱਸਿਆ।
ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਵੱਖ-ਵੱਖ ਦਰਸ਼ਕਾਂ ਨੇ ਭਾਗ ਲਿਆ ਤੇ ਪੰਜਾਬੀ ਨਾਲ ਜੁੜੇ ਸਾਹਿਤਕਾਰ ਸਾਥੀਆਂ ਨੇ ਆਪਣੇ ਆਪਣੇ ਪ੍ਰਸ਼ਨ ਅਤੇ ਟਿੱਪਣੀਆਂ ਕੀਤੀਆਂ। ਡਾਕਟਰ ਜਗਮੋਹਨ ਸੰਘਾ (ਕਨੇਡੀਅਨ ਪੰਜਾਬੀ ਸਾਹਿਤ ਸਭਾ) ਨੇ ਡਾਕਟਰ ਨਬੀਲਾ ਰਹਿਮਾਨ ਦੇ ਸਾਹਿਤਿਕ, ਅਕਾਦਮਿਕ ਅਤੇ ਪਰਿਵਾਰਿਕ ਤੇ ਸਮਾਜਿਕ ਪੱਖਾਂ ਵਿੱਚ ਉਹਨਾਂ ਦੀ ਸਫਲਤਾ ਦੀ ਗੱਲ ਕੀਤੀ। ਉਹਨਾਂ ਨੇ ਡਾਕਟਰ ਨਬੀਲਾ ਰਹਿਮਾਨ ਦੀ ਸ਼ਖਸੀਅਤ ਨੂੰ ਪੰਜਾਬ ਅਤੇ ਪੰਜਾਬੀ ਪ੍ਰਤੀ ਹਮੇਸ਼ਾ ਗਤੀਸ਼ੀਲ ਤੇ ਕਰਮਸ਼ੀਲ ਰਹਿਣ ਵਾਲੀ ਦੱਸਿਆ।
ਮਲੂਕ ਸਿੰਘ ਕਾਹਲੋਂ ਨੇ ਡਾਕਟਰ ਨਬੀਲਾ ਰਹਿਮਾਨ ਦੁਆਰਾ ਪੂਰੇ ਪ੍ਰੋਗਰਾਮ ਵਿੱਚ ਸੁਣਾਈਆਂ ਕਵਿਤਾਵਾਂ ਅਤੇ ਟਿੱਪਣੀਆਂ ਨੂੰ ਪਾਠਕਾਂ ਲਈ ਬੜਾ ਸਾਰਥਕ ਦੱਸਿਆ। ਇਹਨਾਂ ਤੋਂ ਇਲਾਵਾ ਸੁਰਿੰਦਰ ਜੀਤ, ਡਾ. ਸਤਿੰਦਰ ਕੌਰ ਕਾਹਲੋਂ ਨੇ ਡਾਕਟਰ ਨਬੀਲਾ ਰਹਿਮਾਨ ਦੀ ਸ਼ਖਸੀਅਤ ਬਾਰੇ ਆਪਣੇ ਪ੍ਰਭਾਵ ਦੱਸੇ। ਪ੍ਰੋਗਰਾਮ ਦੇ ਅੰਤ ਵਿੱਚ ਡਾਕਟਰ ਬਲਜੀਤ ਰਿਆੜ ਕਨਵੀਨਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਡਾ. ਨਬੀਲਾ ਰਹਿਮਾਨ ਦੁਆਰਾ ਪੰਜਾਬੀ ਭਾਸ਼ਾ ਸੱਭਿਆਚਾਰ, ਸਾਹਿਤ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਹੋਇਆਂ ਉਹਨਾਂ ਦੁਆਰਾ ਜ਼ਿੰਦਗੀ ਦੇ ਪੇਸ਼ ਕੀਤੇ ਅਨੁਭਵ ਨੂੰ ਸਾਰਿਆਂ ਲਈ ਬਹੁਤ ਹੀ ਮੁਲਵਾਨ ਦੱਸਿਆ ਤੇ ਕਿਹਾ ਕਿ ਇਸ ਪ੍ਰੇਰਨਾਦਾਇਕ ਸ਼ਖਸੀਅਤ ਦੇ ਜੀਵਨ ਅਨੁਭਵਾਂ ਤੋਂ ਬਹੁਤ ਕੁਝ ਗ੍ਰਹਿਣ ਕੀਤਾ ਜਾ ਸਕਦਾ ਹੈ। ਰਮਿੰਦਰ ਰੰਮੀ ਨੇ ਅੰਤ ਵਿੱਚ ਡਾ . ਨਬੀਲਾ ਰਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ, ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਤੇ ਉਹਨਾਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕਾਂ ਨੇ ਭਾਗ ਲਿਆ ਤੇ ਕੁਮੈਂਟ ਬਾਕਸ ਵਿੱਚ ਬਹੁਤ ਮੁਲਵਾਨ ਟਿੱਪਣੀਆਂ ਕੀਤੀਆਂ। ਇਸ ਅੰਤਰਰਾਸ਼ਟਰੀ ਪ੍ਰੋਗਰਾਮ ਵਿੱਚ ਪ੍ਰੋ. ਡਾ . ਨਵਰੂਪ ਕੌਰ, ਡਾ. ਗੁਰਬਖਸ਼ ਭੰਡਾਲ, ਡਾ. ਪੁਸ਼ਵਿੰਦਰ ਕੌਰ, ਭੁਪਿੰਦਰ ਉਤਰੇਜਾ, ਪਰਮਜੀਤ ਦਿਓਲ, ਡਾ . ਅਮਰ ਜੋਤੀ ਮਾਂਗਟ, ਇੰਜ. ਜਗਦੀਪ ਮਾਂਗਟ, ਗੁਰਚਰਨ ਸਿੰਘ ਜੋਗੀ, ਮੀਤਾ ਖੰਨਾ, ਅੰਮ੍ਰਿਤਾ ਦਰਸ਼ਨ, ਦੀਪ ਕੁਲਦੀਪ, ਜੈਲੀ ਗੇਰਾ, ਪਿਆਰਾ ਸਿੰਘ ਗਹਿਲੋਤੀ, ਜੈਪਾਲ ਗਰੇਵਾਲ ਚੱਠਾ, ਅਨੀਤਾ, ਮਹਿੰਦਰ ਕੌਰ ਕਟਾਰੀਆ, ਵਤਨਵੀਰ ਜ਼ਖਮੀ, ਗੁਰਦੀਪ ਕੌਰ ਜੰਡੂ ਅਤੇ ਹੋਰ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਅੰਤਰਰਾਸ਼ਟਰੀ ਜ਼ੂਮ ਮੀਟਿੰਗ ਵਿੱਚ ਸ਼ਿਰਕਤ ਕੀਤੀ। ਮੀਟਿੰਗ ਦੀ ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।
Home / ਕੈਨੇਡਾ / ਮਾਂ ਬੋਲੀ ਲਈ ਸੁਹਿਰਦ ਯਤਨ ਕਰਨ ਦਾ ਸੁਨੇਹਾ ਦੇ ਗਿਆ ਇਸ ਵਾਰ ਸਿਰਜਣਾ ਦੇ ਆਰ-ਪਾਰ ‘ਚ ਡਾ. ਨਬੀਲਾ ਰਹਿਮਾਨ ਦਾ ਰੂਬਰੂ ਪ੍ਰੋਗਰਾਮ
Check Also
ਸਿੱਖ ਚਿੰਤਕ ਭਾਈ ਹਰਪਾਲ ਸਿੰਘ ਲੱਖਾ ਦਾ ਪੰਥਕ ਸਨਮਾਨਾਂ ਤੇ ਜੈਕਾਰਿਆ ਨਾਲ ਹੋਇਆ ਸਸਕਾਰ
ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪੰਥਕ ਵਿਦਵਾਨ ਨੂੰ ਭਾਵ-ਭਿੰਨੀ ਸ਼ਰਧਾਂਜਲੀ ਐਬਸਫੋਰਡ/ਬਿਊਰੋ ਨਿਊਜ਼ : ਸਿੱਖ ਵਿਦਵਾਨ …