Breaking News
Home / ਕੈਨੇਡਾ / ਨਵੇਂ ਸਾਲ ਦੇ ਸਵਾਗਤ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਪੁਰਾਣੇ ਕਵੀਆਂ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ-ਦਰਬਾਰ ਕਰਵਾਇਆ

ਨਵੇਂ ਸਾਲ ਦੇ ਸਵਾਗਤ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਪੁਰਾਣੇ ਕਵੀਆਂ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ-ਦਰਬਾਰ ਕਰਵਾਇਆ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਭਾਰਤ ਤੇ ਪਾਕਿਸਤਾਨ ਤੋਂ 30 ਕਵੀਆਂ ਨੇ ਇਸ ਜ਼ੂਮ ਸਮਾਗਮ ‘ਚ ਕੀਤੀ ਸ਼ਿਰਕਤਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 19 ਜਨਵਰੀ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਨਵੇਂ ਸਾਲ ਨੂੰ ਜੀ-ਆਇਆਂ ਕਹਿਣ ਲਈ ਜ਼ੂਮ ਮਾਧਿਅਮ ਰਾਹੀਂ ਅੰਤਰਰਾਸ਼ਟਰੀ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਕਵੀ-ਦਰਬਾਰ ਵਿਚ ਜਿੱਥੇ ਬਰੈਂਪਟਨ ਤੇ ਮਿਸੀਸਾਗਾ ਤੋਂ ਇਲਾਵਾ ਕੈਨੇਡਾ ਦੇ ਹੋਰ ਕਈ ਸ਼ਹਿਰਾਂ ਔਟਵਾ, ਸਕਾਰਬਰੋ, ਆਦਿ ਤੋਂ ਕਵੀ/ਕਵਿੱਤਰੀਆਂ ਸ਼ਾਮਲ ਹੋਏ, ਉੱਥੇ ਅਮਰੀਕਾ, ਇੰਗਲੈਂਡ, ਭਾਰਤ ਅਤੇ ਪਾਕਿਸਤਾਨ ਤੋਂ ਕਵੀਆਂ ਤੇ ਕਵਿੱਤਰੀਆਂ ਨੇ ਭਰਪੂਰ ਸ਼ਮੂਲੀਅਤ ਦਰਜ ਕਰਵਾਈ। ਇਸ ਤਰ੍ਹਾਂ ਇਹ ਕਵੀ-ਦਰਬਾਰ ਇੱਕ ਅੰਤਰਰਾਸ਼ਟਰੀ ਕਵੀ-ਦਰਬਾਰ ਬਣ ਗਿਆ।ਕਵੀ-ਦਰਬਾਰ ਦੇ ਆਰੰਭ ਵਿਚ ਮੰਚ-ਸੰਚਾਲਕ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਸਭਾ ਦੇ ਮੁੱਢਲੇ ਮੈਂਬਰ ਮਲੂਕ ਸਿੰਘ ਕਾਹਲੋਂ ਨੂੰ ਇਸ ਕਵੀ-ਦਰਬਾਰ ਵਿਚ ਸ਼ਾਮਲ ਹੋਏ ਕਵੀਆਂ/ਕਵਿੱਤਰੀਆਂ ਦਾ ਸਵਾਗਤ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਵੰਬਰ 2011 ਨੂੰ ਹੋਂਦ ਵਿਚ ਆਈ ਇਹ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਹੁਣ 14ਵੇਂ ਸਾਲ ਵਿਚ ਕਦਮ ਰੱਖ ਚੁੱਕੀ ਹੈ ਅਤੇ ਇਹ ਆਪਣੇ ਮਹੀਨਾਵਾਰ ਸਮਾਗਮ ਨਿਰੰਤਰ ਚਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕਵੀ-ਦਰਬਾਰ ਪੰਜਾਬੀ ਦੇ ਭੁੱਲੇ-ਵਿੱਸਰੇ ਕਵੀਆਂ ਦੀਵਾਨ ਸਿੰਘ ਕਾਲ਼ੇਪਾਣੀ, ਦਰਸ਼ਨ ਸਿੰਘ ਅਵਾਰਾ, ਧਨੀ ਰਾਮ ਚਾਤ੍ਰਿਕ, ਗੁਰਦਾਸ ਆਲਮ, ਫਿਰੋਜ਼ਦੀਨ ਸ਼ਰਫ਼, ਬਾਬੂ ਰਜਬ ਅਲੀ, ਅਮਰਜੀਤ ਗੁਰਦਾਸਪੁਰੀ, ਆਦਿ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਤੋਂ ਬਾਅਦ ਕਵਿੱਤਰੀ ਮੀਨਾਲ ਵੱਲੋਂ ਸੁਰੀਲੀ ਆਵਾਜ਼ ਵਿਚ ਖ਼ੂਬਸੂਰਤ ਕਾਵਿਕ-ਸ਼ਬਦਾਂ ਵਿੱਚ ਨਵੇਂ ਸਾਲ ਨੂੰ ਖ਼ੁਸ-ਆਮਦੀਦ ਕਹੀ ਗਈ।ਕਵੀ-ਦਰਬਾਰ ਦੀ ਬਾਕਾਇਦਗੀ ਨਾਲ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਨੇ ਸੱਭ ਤੋਂ ਪਹਿਲਾਂ ਗਾਇਕ ਇਕਬਾਲ ਬਰਾੜ ਨੂੰ ਆਪਣਾ ਕਲਾਮ ਪੇਸ਼ ਕਰਨ ਲਈ ਕਿਹਾ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਵਿਚ ਨਵੇਂ ਸਾਲ ਨੂੰ ਜੀ-ਆਇਆਂ ਕਹਿੰਦਾ ਹੋਇਆ ਖ਼ੂਬਸੂਰਤ ਗੀਤ ਪੇਸ਼ ਕੀਤਾ। ਉਨ੍ਹਾਂ ਤੋਂ ਬਾਅਦ ਫਾਜ਼ਿਲਕਾ (ਪੰਜਾਬ) ਤੋਂ ਮੀਨਾ ਮਹਿਰੋਕ ਵੱਲੋਂ ਸੁਰੀਲੀ ਆਵਾਜ਼ ਵਿਚ ਗੀਤ ਗਾਇਆ ਗਿਆ। ਕੈਲੇਫੋਰਨੀਆ (ਅਮਰੀਕਾ) ਤੋਂ ਜੁੜੀ ਕਵਿੱਤਰੀ ਅਨੰਤ ਕੌਰ ਵੱਲੋਂ ਭਾਵਪੂਰਤ ਕਵਿਤਾ ਪੇਸ਼ ਕੀਤੀ ਗਈ। ਏਸੇ ਤਰ੍ਹਾਂ ਇਸ ਕਵੀ-ਦਰਬਾਰ ਨਾਲ ਜੁੜੀਆਂ ਕਵਿੱਤਰੀਆਂ ਮੋਹਾਲੀ ਤੋਂ ਡਾ. ਗੁਰਮਿੰਦਰ ਸਿੱਧੂ, ਜੰਮੂ ਤੋਂ ਸੁਰਿੰਦਰ ਨੀਰ, ਚੰਡੀਗੜ੍ਹ ਤੋਂ ਅੰਜੂ ਗਰੋਵਰ ਅਤੇ ਏਹਨੀਂ ਦਿਨੀਂ ਅੰਮ੍ਰਿਤਸਰ ਆਏ ਸਭਾ ਦੇ ਮੁੱਢਲੇ ਮੈਂਬਰ ਡਾ. ਸੁਖਦੇਵ ਸਿੰਘ ਝੰਡ ਨੇ ਆਪਣੀਆਂ ਰਚਨਾਵਾਂ ਨਾਲ ਇਸ ਕਵੀ-ਦਰਬਾਰ ਵਿੱਚ ਭਰਪੂਰ ਹਾਜ਼ਰੀ ਲੁਆਈ।
ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰਾਂ ਰਾਸ਼ਿਦ ਗਿੱਲ, ਰਖ਼ਸ਼ੰਦਾ ਨਾਵੀਦ ਤੇ ਰਮਸ਼ੰਦਾ ਬਾਤੂਲ ਨੇ ਲਾਹੌਰ ਤੋਂ ਅਤੇ ਬਸ਼ੱਰਤ ਰਹਿਮਾਨ ਤੇ ਮਕਸੂਦ ਚੌਧਰੀ ਨੇ ਬਰੈਂਪਟਨ ਤੋਂ ਆਪਣੀਆਂ ਖ਼ੂਬਸੂਰਤ ਨਜ਼ਮਾਂ ਪੇਸ਼ ਕੀਤੀਆਂ। ਕੈਨੇਡਾ ਦੀ ਰਾਜਧਾਨੀ ਔਟਵਾ ਤੋਂ ਗੁਰਦੀਪ ਕੌਰ ਅਤੇ ਸਕਾਰਬਰੋ ਤੋਂ ਰਾਜਕੁਮਾਰ ਓਸ਼ੋਰਾਜ ਨੇ ਕਵੀ-ਦਰਬਾਰ ਵਿੱਚ ਸ਼ਿਰਕਤ ਕੀਤੀ। ਬਰੈਂਪਟਨ ਤੋਂ ਸ਼ਾਮਲ ਹੋਣ ਵਾਲੇ ਕਵੀ/ਕਵਿੱਤਰੀਆਂ ਸੁਰਿੰਦਰ ਸੂਰ, ਗੁਰਸ਼ਰਨ ਕੌਰ, ਹਰਕੰਵਲ ਸਿੰਘ ਕੋਰਪਾਲ, ਗੁਰਚਰਨ ਸਿੰਘ ਜੋਗੀ, ਹਰਭਜਨ ਕੌਰ ਗਿੱਲ, ਮਲੂਕ ਸਿੰਘ ਕਾਹਲੋਂ, ਡਾ. ਜਗਮੋਹਨ ਸੰਘਾ, ਤਲਵਿੰਦਰ ਸਿੰਘ ਮੰਡ, ਪਰਮਜੀਤ ਢਿੱਲੋਂ, ਜੱਸੀ ਭੁੱਲਰ, ਹਰਮੇਸ਼ ਜੀਂਦੋਵਾਲ, ਸੁਖਚਰਨਜੀਤ ਗਿੱਲ, ਸੁਰਿੰਦਰਜੀਤ ਕੌਰ ਤੇ ਰਮਿੰਦਰ ਵਾਲੀਆ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਦਕਿ ਸੁਰਜੀਤ ਕੌਰ, ਪਰਮਜੀਤ ਦਿਓਲ, ਦੀਪ ਕੁਲਦੀਪ, ਜੋਗਿੰਦਰ ਸਿੰਘ ਸਾਬਰ, ਸਤਿੰਦਰ ਕਾਹਲੋਂ ਤੇ ਹੋਰ ਕਈਆਂ ਨੇ ਸੁਹਿਰਦ ਸਰੋਤਿਆਂ ਵਜੋਂ ਆਪਣੀ ਹਾਜ਼ਰੀ ਲੁਆਈ।
ਕਵੀ-ਦਰਬਾਰ ਦੇ ਅਖੀਰ ਵਿਚ ਸਭਾ ਦੇ ਕੋਆਰਡੀਨੇਟਰ ਤਲਵਿੰਦਰ ਸਿੰਘ ਮੰਡ ਵੱਲੋਂ ਇਸ ਜ਼ੂਮ-ਸਮਾਗਮ ਵਿਚ ਸ਼ਾਮਲ ਹੋਏ ਸਮੂਹ ਕਵੀਆਂ/ਕਵਿੱਤਰੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਭਾਰਤ, ਪਾਕਿਸਤਾਨ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਕਵੀਆਂ ਤੇ ਕਵਿੱਤਰੀਆਂ ਸ਼ਾਮਲ ਹੋਣ ਨਾਲ ਇਹ ਕਵੀ-ਦਰਬਾਰ ਸ਼ਾਨਦਾਰ ਅੰਤਰਰਾਸ਼ਟਰੀ ਕਵੀ-ਦਰਬਾਰ ਹੋ ਨਿਬੜਿਆ।

 

Check Also

ਸਿੱਖ ਚਿੰਤਕ ਭਾਈ ਹਰਪਾਲ ਸਿੰਘ ਲੱਖਾ ਦਾ ਪੰਥਕ ਸਨਮਾਨਾਂ ਤੇ ਜੈਕਾਰਿਆ ਨਾਲ ਹੋਇਆ ਸਸਕਾਰ

ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪੰਥਕ ਵਿਦਵਾਨ ਨੂੰ ਭਾਵ-ਭਿੰਨੀ ਸ਼ਰਧਾਂਜਲੀ ਐਬਸਫੋਰਡ/ਬਿਊਰੋ ਨਿਊਜ਼ : ਸਿੱਖ ਵਿਦਵਾਨ …