-1.2 C
Toronto
Monday, February 23, 2026
spot_img
Homeਕੈਨੇਡਾਸਿੱਖ ਚਿੰਤਕ ਭਾਈ ਹਰਪਾਲ ਸਿੰਘ ਲੱਖਾ ਦਾ ਪੰਥਕ ਸਨਮਾਨਾਂ ਤੇ ਜੈਕਾਰਿਆ ਨਾਲ...

ਸਿੱਖ ਚਿੰਤਕ ਭਾਈ ਹਰਪਾਲ ਸਿੰਘ ਲੱਖਾ ਦਾ ਪੰਥਕ ਸਨਮਾਨਾਂ ਤੇ ਜੈਕਾਰਿਆ ਨਾਲ ਹੋਇਆ ਸਸਕਾਰ

ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪੰਥਕ ਵਿਦਵਾਨ ਨੂੰ ਭਾਵ-ਭਿੰਨੀ ਸ਼ਰਧਾਂਜਲੀ
ਐਬਸਫੋਰਡ/ਬਿਊਰੋ ਨਿਊਜ਼ : ਸਿੱਖ ਵਿਦਵਾਨ ਅਤੇ ਪੰਥਕ ਲਿਖਾਰੀ ਭਾਈ ਹਰਪਾਲ ਸਿੰਘ ਲੱਖਾ ਨੂੰ ਬੀਤੇ ਐਤਵਾਰ ਐਬਸਫੋਰਡ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਜੈਕਾਰਿਆਂ ਨਾਲ ਚੜ੍ਹਦੀ ਕਲਾ ਵਿੱਚ ਸਸਕਾਰ ਕੀਤਾ ਗਿਆ। ਵਿਲੱਖਣ ਪੱਖ ਇਹ ਸੀ ਕਿ ਅੰਤਮ ਸੰਸਕਾਰ, ਗੁਰਬਾਣੀ ਦੇ ਪ੍ਰਭਾਵ ਅਤੇ ਹੁਕਮ, ਭਾਣੇ ਤੇ ਰਜ਼ਾ ਵਿੱਚ, ਗੁਰਮਤਿ ਸਮਾਗਮ ਹੋ ਨਿਬੜਿਆ। ਸਿੱਖ ਵਿਰਾਸਤ ਦੇ ਰੰਗ ਵਿੱਚ ਰੰਗੇ ਹੋਏ ਭਾਈ ਹਰਪਾਲ ਸਿੰਘ ਦਾ ਜੱਦੀ ਪਿੰਡ ਲੱਖਾ, ਜ਼ਿਲ੍ਹਾ ਲੁਧਿਆਣਾ ਸੀ ਤੇ ਲੰਮਾ ਸਮਾਂ ਜਲੰਧਰ ਸ਼ਹਿਰ ਵਿਖੇ ਰਹੇ ਤੇ ਸੰਨ 2003 ਤੋਂ ਕੈਨੇਡਾ ਰਹਿ ਰਹੇ ਸਨ, ਜੋ ਕਿ ਪਿਛਲੇ ਦਿਨੀਂ 85 ਸਾਲ ਦੀ ਉਮਰ ਵਿੱਚ ਸੱਚਖੰਡ ਜਾ ਬਿਰਾਜੇ ਸਨ। ਸਸਕਾਰ ਮੌਕੇ, ਭਾਈ ਸਾਹਿਬ ਦੇ ਸ਼ਰਧਾਂਜਲੀ ਸਮਾਗਮ ਵਿੱਚ ਕੈਨੇਡਾ ਦੀਆਂ ਦੀਆਂ ਸਿੱਖ ਸੰਸਥਾਵਾਂ, ਸਾਹਿਤਕ ਸੰਸਥਾਵਾਂ ਅਤੇ ਮੀਡੀਆ ਸ਼ਖਸ਼ੀਅਤਾਂ ਹਾਜ਼ਰ ਹੋਈਆਂ। ਇਸ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੀ ਪ੍ਰਬੰਧਕ ਕਮੇਟੀ, ਸਿੱਖ ਅਕੈਡਮੀ ਸਰੀ ਦੇ ਪ੍ਰਿੰਸੀਪਲ ਪ੍ਰੋ. ਅਮਰੀਕ ਸਿੰਘ ਫੁੱਲ ਅਤੇ ਪਿੰਡ ਚਕਰ ਵਾਸੀਆਂ ਵੱਲੋਂ ਭਾਈ ਲੱਖਾ ਨੂੰ ਪੰਥਕ ਸਨਮਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਿੱਖ ਪ੍ਰਚਾਰ ਲਹਿਰ ਅਧੀਨ ਭਾਈ ਹਰਪਾਲ ਸਿੰਘ ਲੱਖਾ ਨੇ ਪਿੰਡ ਚਕਰ ਵਿਖੇ 1975 ਵਿੱਚ ਗੁਰਦੁਆਰਾ ਅਸਥਾਨ ਦਾ ਨੀਂਹ ਪੱਥਰ ਰੱਖਿਆ ਸੀ।
ਵਿਸ਼ਵ ਸਿਖ ਸੰਸਥਾ ਅਤੇ ਗੁਰੂ ਨਾਨਕ ਇੰਸਟੀਟਿਊਟ ਦੇ ਸੰਸਥਾਪਕ ਭਾਈ ਗਿਆਨ ਸਿੰਘ ਸੰਧੂ ਨੇ ਭਾਈ ਹਰਪਾਲ ਸਿੰਘ ਜੀ ਦੀ ਸ਼ਖਸ਼ੀਅਤ ਬਾਰੇ ਦੱਸਿਆ ਨੇ ਉਹਨਾਂ ਨੇ ਜਿੱਥੇ ਅਨੇਕਾਂ ਸ਼ਖਸੀਅਤਾਂ ਨੂੰ ਗੁਰਬਾਣੀ, ਕੀਰਤਨ, ਕਵੀਸ਼ਰੀ, ਕਥਾ, ਸਿੱਖੀ ਵਿਰਾਸਤ, ਇਤਿਹਾਸ, ਮਾਂ ਬੋਲੀ ਪੰਜਾਬੀ ਅਤੇ ਕਾਵਿ ਸਾਹਿਤ ਨਾਲ ਜੋੜਿਆ, ਉੱਥੇ ਪਰਿਵਾਰਕ ਅਤੇ ਭਾਈਚਾਰਕ ਪੱਧਰ ‘ਤੇ ਜ਼ੁਬਾਨ ਤੇ ਪਛਾਣ ਅਤੇ ਊੜੇ ਤੇ ਜੂੜੇ ਦੀ ਸੰਭਾਲ ਦੀ ਪ੍ਰੇਰਨਾ ਦਿੱਤੀ। ਮਾਂ ਬੋਲੀ ਪੰਜਾਬੀ ਤੇ ਸਿੱਖ ਸਾਹਿਤ, ਕਵੀਸ਼ਰੀ ਪ੍ਰਸੰਗ ਲਿਖੇ ਅਤੇ ਅਨੇਕਾਂ ਸ਼ਗਿਰਦ ਤਿਆਰ ਕੀਤੇ। ਭਾਈ ਸਾਹਿਬ ਦੀ ਪੋਤੀ ਬੀਬੀ ਸਾਹਿਬ ਕੌਰ ਨੇ ਰੱਬੀ ਰੂਹ ਤੇ ਸਿੱਖੀ ਦੀ ਮਹਿਕ ਭਰਪੂਰ ਪਿਤਾ ਜੀ ਦੀ ਸ਼ਖਸ਼ੀਅਤ ਬਾਰੇ ਕਵਿਤਾ ਸਾਂਝੀ ਕੀਤੀ, ਜਦਕਿ ਪੋਤੇ ਰਹਿਮਤ ਸਿੰਘ ਨੇ ਸਿੱਖੀ ਜਜ਼ਬੇ ਤੇ ਚੜ੍ਹਦੀ ਕਲਾ ਵਾਲੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਬੀਬੀ ਹਰਪ੍ਰੀਤ ਕੌਰ, ਇੱਕਜੋਤ ਕੌਰ, ਭਾਈ ਹਰਜੀਤ ਸਿੰਘ ਅਤੇ ਭਾਈ ਬਾਜ ਸਿੰਘ ਜੱਸਲ ਨੇ ਵਿਚਾਰ ਸਾਂਝੇ ਕੀਤੇ।
ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਵਿਖੇ ਜਿੱਥੇ ਪਰਿਵਾਰ ਦੇ ਬੱਚਿਆਂ ਨੇ ਵੈਰਾਗਮਈ ਕੀਰਤਨ ਕੀਤਾ, ਉੱਥੇ ਭਾਈ ਹਾਕਮ ਸਿੰਘ ਅਤੇ ਭਾਈ ਅਵਤਾਰ ਸਿੰਘ ਦੇ ਜਥਿਆਂ ਨੇ ਸ਼ਬਦ ਗਾਇਨ ਕੀਤੇ, ਜਦਕਿ ਸਿੱਖ ਵਿਦਵਾਨ ਭਾਈ ਸਾਹਿਬ ਸਿੰਘ ਜੀ ਨੇ ਭਾਈ ਹਰਪਾਲ ਸਿੰਘ ਲੱਖਾ ਦੀ ਸ਼ਖਸ਼ੀਅਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਦੱਸਿਆ ਕਿ ਉਹਨਾਂ ਕੀਰਤਨ ਸੋਹਿਲਾ ਦਾ ਪਾਠ ਅਤੇ ਸਿਮਰਨ ਸਰਵਣ ਕਰਦਿਆਂ, ਆਖਰੀ ਸਵਾਸਾਂ ਨਾਲ ਸਿੱਖੀ ਨਿਭਾਈ। ਸਿੱਖ ਸੰਸਥਾਵਾਂ ਵੱਲੋਂ ਭਾਈ ਜਸਵਿੰਦਰ ਸਿੰਘ ਗੁਰਦੁਆਰਾ ਸਿੰਘ ਸਭਾ ਸਰੀ ਨੇ ਵਿਚਾਰ ਸਾਂਝੇ ਕੀਤੇ ਅਤੇ ਢਾਡੀ ਜਥੇ ਭਾਈ ਦੇਸਾ ਸਿੰਘ ਨੇ ਭਾਈ ਹਰਪਾਲ ਸਿੰਘ ਲੱਖਾ ਦੀ ਕਵਿਤਾ ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਭਾਈ ਸਾਹਿਬ ਦੇ ਸਪੁੱਤਰ ਡਾ. ਗੁਰਵਿੰਦਰ ਸਿੰਘ ਨੇ ਸਮੂਹ ਸੰਸਥਾਵਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

 

RELATED ARTICLES
POPULAR POSTS