ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਤਕਰੀਬਨ ਸਾਰਾ ਸਾਲ ਹੀ ਆਪਣੀਆਂ ਸਰਗਰਮੀਆਂ ਜਾਰੀ ਰਖਦੀ ਹੈ। ਸੀਨੀਅਰਜ ਦੇ ਮਨੋਰੰਜਨ ਲਈ ਫੰਕਸ਼ਨ, ਟੂਰ ਪ੍ਰੋਗਰਾਮਾਂ ਤੋਂ ਬਿਨਾਂ ਸਮਾਜਿਕ ਕੰਮਾਂ ਜਿਵੇਂ ਨੇਬਰਹੁੱਡ ਕਲੀਨਿੰਗ ਆਦਿ ਸਰਗਰਮੀਆਂ ਕਰਦੀ ਹੀ ਰਹਿੰਦੀ ਹੈ। ਇਸੇ ਲੜੀ ਤਹਿਤ ਪਿਛਲੇ ਦਿਨੀ ਕਲੱਬ ਦੇ 90 ਦੇ ਲੱਗਪੱਗ ਮਰਦ ਅਤੇ ਔਰਤ ਮੈਂਬਰਾਂ ਨੇ ਵੁੱਡਵਾਈਨ ਬੀਚ ਦਾ ਸਫਲ ਟੂਰ ਲਾਇਆ।
ਕਲੱਬ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰਜ਼ ਵਿੱਚ ਟੂਰ ‘ਤੇ ਜਾਣ ਲਈ ਬਹੁਤ ਹੀ ਉਤਸ਼ਾਹ ਸੀ। ਟੂਰ ‘ਤੇ ਰਵਾਨਗੀ ਤੋਂ ਅੱਧਾ ਘੰਟਾ ਪਹਿਲਾਂ ਹੀ ਸਾਰੇ ਪਾਰਕ ਵਿੱਚ ਪਹੁੰਚ ਗਏ। ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੇ ਉਹਨਾਂ ਨੂੰ ਡਸਿਪਲਨ ਵਿੱਚ ਰਹਿ ਕੇ ਟੂਰ ਦਾ ਆਨੰਦ ਮਾਣਨ ਲਈ ਕਿਹਾ। ਰੀਜ਼ਨਲ ਕਾਊਂਸਲਰ ਪੈਟ ਫੋਰਟੀਨੀ ਨੇ ਟੂਰ ਨੂੰ ਰਵਾਨਾ ਕੀਤਾ। ਬੱਸਾਂ ਦੇ ਚੱਲਣ ਸਮੇਂ ਉਤਸ਼ਾਹ ਵਿੱਚ ਆ ਕੇ ਜੈਕਾਰੇ ਛੱਡੇ ਗਏ। ਰਸਤੇ ਵਿੱਚ ਆਪਸ ਵਿੱਚ ਗੱਲਾਂ ਮਾਰਦੇ ਅਤੇ ਆਸ ਪਾਸ ਦੇ ਨਜ਼ਾਰਿਆਂ ਨੂੰ ਨਿਹਾਰਦੇ ਹੋਏ ਸਵਾ ਕੁ ਘੰਟੇ ਵਿੱਚ ਬੀਚ ‘ਤੇ ਪਹੁੰਚ ਗਏ।
ਬੀਚ ‘ਤੇ ਪਹੁੰਚ ਕੇ ਥੋੜ੍ਹਾ ਬਹੁਤ ਖਾ ਪੀ ਕੇ ਵੱਖ-ਵੱਖ ਗਰੁਪਾਂ ਵਿੱਚ ਬੀਚ ‘ਤੇ ਖੂਬ ਟਹਿਲ ਕਦਮੀ ਕੀਤੀ। ਉਸ ਥਾਂ ‘ਤੇ ਬਹੁਤ ਸਾਰੇ ਵਾਲੀਬਾਲ ਦੇ ਨੈੱਟ ਲੱਗੇ ਹੋਏ ਸਨ। ਕਾਫੀ ਗਿਣਤੀ ਵਿੱਚ ਲੋਕ ਵਾਲੀਬਾਲ ਖੇਡਣ ਦਾ ਆਨੰਦ ਮਾਣ ਰਹੇ ਸਨ। ਕਈ ਟੀਮਾਂ ਵਿੱਚ ਮਰਦ ਅਤੇ ਔਰਤਾਂ ਦੋਨੋ ਹੀ ਇਕੱਠੇ ਖੇਡ ਰਹੇ ਸਨ। ਸੀਨੀਅਰਜ਼ ਵਿੱਚੋਂ ਵੀ ਕੁੱਝ ਲੋਕਾਂ ਨੇ ਵਾਲੀਬਾਲ ਖੇਡ ਕੇ ਆਨੰਦ ਲਿਆ। ਸੀਨੀਅਰ ਔਰਤਾਂ ਨੇ ਸਾਉਣ ਮਹੀਨਾ ਆਉਣ ਤੋਂ ਪਹਿਲਾਂ ਹੀ ਤੀਆਂ ਦਾ ਮਾਹੌਲ ਪੈਦਾ ਕਰ ਦਿੱਤਾ। ਬਚਪਨ ਅਤੇ ਜਵਾਨੀ ਨੂੰ ਚੇਤੇ ਕਰ ਕੇ ਖੂਬ ਬੋਲੀਆਂ ਪਾ ਕੇ ਗਿੱਧੇ ਦਾ ਚੰਗਾ ਰੰਗ ਬੰਨ੍ਹਿਆ। ਦੂਜੀਆਂ ਕਮਿਊਨਿਟੀਆਂ ਦੇ ਲੋਕਾਂ ਨੇ ਵੀੇ ਗਿੱਧੇ ਦਾ ਆਨੰਦ ਮਾਣਿਆ।
ਸਾਰੇ ਕਲੱਬ ਮੈਂਬਰਾਂ ਨੇ ਆਪਣੀ ਰੁਚੀ ਅਤੇ ਸਰੀਰਕ ਸਮਰੱਥਾ ਅਨੁਸਾਰ ਬੀਚ ‘ਤੇ ਘੁੰਮ ਫਿਰ ਕੇ ਅਤੇ ਆਸ ਪਾਸ ਦੇ ਕੁਦਰਤੀ ਨਜ਼ਾਰਿਆਂ ਦਾ ਸੁਹੱਪਣ ਦੇਖਿਆ। ਇਸ ਦੇ ਨਾਲ ਹੀ ਐਸਬਰਿੱਜ ਪਾਰਕ ਵੀ ਦੇਖਣਯੋਗ ਸਥਾਨ ਹੋ ਨਿਬੜਿਆ। ਹਰਿਆਵਲ ਭਰੇ ਮਾਹੌਲ ਨੇ ਸਭ ਦਾ ਮਨ ਮੋਹ ਲਿਆ। ਪਰ ਵਾਪਸੀ ਦਾ ਸਮਾਂ ਹੋਣ ‘ਤੇ ਬੱਸਾਂ ਵਿੱਚ ਬੈਠਣਾ ਪਿਆ। ਦਿਨ ਭਰ ਬੀਚ ਅਤੇ ਪਾਰਕ ਦੇ ਸੁੰਦਰ ਨਜ਼ਾਰਿਆਂ ਨੂੰ ਦਿਲਾਂ ਵਿੱਚ ਸਮੋਅ ਕੇ ਵਾਪਸੀ ਲਈ ਰਵਾਨਗੀ ਪਾ ਲਈ। ਇੱਕ ਦੂਜੇ ਨਾਲ ਟੂਰ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਪਣੇ ਘਰਾਂ ਵੱਲ ਦਾ ਸਫਰ ਕੀਤਾ। ਵਾਪਸੀ ਤੇ ਰਾਹ ਵਿੱਚ ਕਲੱਬ ਵਲੋਂ ਸਾਰੇ ਮੈਂਬਰਾਂ ਨੂੰ ਕੌਫ਼ੀ ਪਿਆਈ ਗਈ। ਇਸ ਟੂਰ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਲਾਮਿਸਾਲ ਮਿਲਵਰਤਨ ਅਤੇ ਸਹਿਯੋਗ ਸੀ। ਖਜ਼ਾਨਚੀ ਮਾ: ਕੁਲਵੰਤ ਸਿੰਘ, ਬਲਵੰਤ ਸਿੰਘ ਕਲੇਰ, ਮਹਿੰਦਰ ਕੌਰ ਪੱਡਾ, ਨਿਰਮਲਾ ਪਰਾਸ਼ਰ, ਬਲਜੀਤ ਕੌਰ ਸੇਖੋਂ ਅਤੇ ਬਲਜੀਤ ਗਰੇਵਾਲ ਨੇ ਟੂਰ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ। ਵਾਪਸੀ ‘ਤੇ ਮੈਬਰਾਂ ਨੇ ਇੱਛਾ ਪਰਗਟ ਕੀਤੀ ਕਿ ਅਜਿਹੇ ਹੋਰ ਟੂਰ ਲਾਏ ਜਾਣ। ਇਸ ਤੇ ਪ੍ਰਬੰਧਕਾਂ ਨੇ ਸਹਿਮਤੀ ਜਾਹਰ ਕਰਦੇ ਹੋਏ ਜਲਦੀ ਹੀ ਇੱਕ ਹੋਰ ਟੂਰ ਦਾ ਪ੍ਰਬੰਧ ਕਰਨ ਦਾ ਭਰੋਸਾ ਦੇਣ ਤੇ ਸਾਰੇ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਲੱਬ ਸਬੰਧੀ ਵਧੇਰੇ ਜਾਣਕਾਰੀ ਲਈ ਅਮਰਜੀਤ ਸਿੰਘ ਨਾਲ 647 268 6821 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।