-13.4 C
Toronto
Thursday, January 29, 2026
spot_img
Homeਕੈਨੇਡਾਪਾਕਿਸਤਾਨੀ ਪੰਜਾਬੀ ਸ਼ਾਇਰ ਅਫਜ਼ਲ ਰਾਜ਼ ਨੂੰ ਕੁਝ ਦੋਸਤਾਂ ਵੱਲੋਂ ਦਿੱਤੀ ਗਈ ਨਿੱਘੀ...

ਪਾਕਿਸਤਾਨੀ ਪੰਜਾਬੀ ਸ਼ਾਇਰ ਅਫਜ਼ਲ ਰਾਜ਼ ਨੂੰ ਕੁਝ ਦੋਸਤਾਂ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ ਤੇ ਲੰਚ ਪਾਰਟੀ

ਬਰੈਂਪਟਨ/ਡਾ. ਝੰਡ : ਸਾਂਝੇ ਪੰਜਾਬ ਦੀ ਪ੍ਰਮੁੱਖ ਪ੍ਰੇਮ ਕਹਾਣੀ ‘ਸੋਹਣੀ-ਮਹੀਂਵਾਲ’ ਦੀ ਨਾਇਕਾ ‘ਸੋਹਣੀ’ ਦੇ ਸ਼ਹਿਰ ਗੁਜਰਾਤ ਦੇ ਵਸਨੀਕ ਪਾਕਿਸਤਾਨੀ ਸ਼ਾਇਰ ਜਨਾਬ ਅਫ਼ਜ਼ਲ ਰਾਜ਼ ਜੋ ਇੱਥੇ ਬਰੈਂਪਟਨ ਵਿਚ ਜੂਨ ਮਹੀਨੇ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਚ ਭਾਗ ਲੈਣ ਲਈ ਇੱਥੇ ਆਏ ਹੋਏ ਸਨ, ਦੀ 17 ਸਤੰਬਰ ਦੀ ਰਾਤ ਨੂੰ ਵਾਪਸੀ ਫ਼ਲਾਈਟ ਸੀ। ਜ਼ਿਕਰਯੋਗ ਹੈ ਕਿ ਅਫ਼ਜ਼ਲ ਰਾਜ਼ ਸਾਹਿਬ ਵਧੀਆ ਗ਼ਜ਼ਲਗੋ ਹੋਣ ਦੇ ਨਾਲ਼ ਨਾਲ਼ ਗੁਜਰਾਤ ਵਿਚ ਛਪਦੇ ਰੋਜ਼ਾਨਾ ਪੰਜਾਬੀ ਅਖ਼ਬਾਰ ‘ਕਾਂਘਾਂ’ ਅਤੇ ਇਕ ਪੰਜਾਬੀ ਰਸਾਲੇ ਦੇ ਸੰਪਾਦਕ ਹਨ।
ਉਹ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਦੇ ਕੰਪਿਊਟਰ ਫ਼ੌਂਟਸ ਦੇ ਵੀ ਪੂਰੇ ਗਿਆਤਾ ਹਨ ਅਤੇ ਉਨ੍ਹਾਂ ਨੇ ਪੰਜਾਬੀ ਕਵਿਤਾ ਦੀ ਕੋਈ ਵੀ ਪੁਸਤਕ ਇਨ੍ਹਾਂ ਦੋਹਾਂ ਲਿਪੀਆਂ ਵਿਚ ਛਾਪਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਦੇ ਇਸ ਸੱਦੇ ਉਤੇ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਗੰਭੀਰ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਕਰੀਬੀ ਦੋਸਤ ਜਨਾਬ ਮਕਸੂਦ ਚੌਧਰੀ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਅਤੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਸਾਂਝਾ ਕਰਨ ਲਈ ਆਪਣੇ ਕੁਝ ਹੋਰ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਦੇ ਦੋਸਤਾਂ ਨੂੰ ਬਰੈਂਪਟਨ ਦੇ ਮਸ਼ਹੂਰ ਰੈਸਟੋਰੈਂਟ ‘ਇੰਡੀਆ ਟੇਸਟ’ ਵਿਚ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਕਬੂਲਦਿਆਂ ਹੋਇਆਂ ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਰਜਿੰਦਰ ਸਿੰਘ ਅਠਵਾਲ ਅਤੇ ਸਾਦੀਆ ਰਵੀਮ ਬਾਅਦ ਦੁਪਹਿਰ ਦੋ ਵਜੇ ਉਪਰੋਕਤ ਰੈਸਟੋਰੈਂਟ ਵਿਚ ਪਹੁੰਚੇ।
ਸਾਰਿਆਂ ਨੇ ਮਿਲ ਕੇ ਰੈਸਟੋਰੈਂਟ ਦੇ ਸੁਆਦਲੇ ਖਾਣੇ ਦਾ ਭਰਪੂਰ ਅਨੰਦ ਲਿਆ ਅਤੇ ਭਾਰਤੀ ਤੇ ਪਾਕਿਸਤਾਨੀ ਪੰਜਾਬਾਂ ਦੇ ਅਦੀਬਾਂ ਅਤੇ ਆਮ ਲੋਕਾਂ ਦੇ ਆਪਸੀ ਪਿਆਰ ਦੀ ਭਰਪੂਰ ਚਰਚਾ ਕੀਤੀ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਦੀ ਸਿਆਸਤ ‘ਤੇ ਛਾਏ ਅਜੋਕੇ ਕਾਲੇ ਬੱਦਲ ਵੀ ਚਰਚਾ ਦਾ ਵਿਸ਼ਾ ਬਣੇ। ਕੁਲ ਮਿਲਾ ਕੇ ਇਹ ਸੰਖੇਪ ਲੰਚ-ਮਿਲਣੀ ਬੜੀ ਨਿੱਘੀ ਤੇ ਪਿਆਰ ਭਰੀ ਰਹੀ। ਸਾਰਿਆਂ ਨੇ ਉਨ੍ਹਾਂ ਨੂੰ ਵਾਪਸੀ ਸਫ਼ਰ ਲਈ ਸ਼ੁਭ-ਇੱਛਾਵਾਂ ਦਿੱਤੀਆਂ ਅਤੇ ਫਿਰ ਜਲਦੀ ਫੇਰਾ ਪਾਉਣ ਲਈ ਕਿਹਾ।

RELATED ARTICLES
POPULAR POSTS