Breaking News
Home / ਕੈਨੇਡਾ / ਟੀਪੀਏਆਰ ਕਲੱਬ ਦੇ ‘ਯੋਧੇ’ ਕੁਲਦੀਪ ਗਰੇਵਾਲ ਤੇ ਹਰਜੀਤ ਸਿੰਘ 10 ਜੁਲਾਈ ਨੂੰ ਜਿਨੇਵਾ ‘ਚ ‘ਹਾਫ਼-ਆਇਰਨਮੈਨ ਮੁਕਾਬਲੇ’ ਵਿਚ ਭਾਗ ਲੈਣਗੇ

ਟੀਪੀਏਆਰ ਕਲੱਬ ਦੇ ‘ਯੋਧੇ’ ਕੁਲਦੀਪ ਗਰੇਵਾਲ ਤੇ ਹਰਜੀਤ ਸਿੰਘ 10 ਜੁਲਾਈ ਨੂੰ ਜਿਨੇਵਾ ‘ਚ ‘ਹਾਫ਼-ਆਇਰਨਮੈਨ ਮੁਕਾਬਲੇ’ ਵਿਚ ਭਾਗ ਲੈਣਗੇ

ਪੀਲ ਰੀਜਨ ਅਤੇ ਬਰੈਂਪਟਨ ਸਿਟੀ ਵੱਲੋਂ ਕੀਤਾ ਗਿਆ ਹੈ ਸਪਾਂਸਰ
ਹੌਸਲਾ-ਅਫ਼ਜ਼ਾਈ ਲਈ ਕਲੱਬ ਦਾ 16-ਮੈਂਬਰੀ ਵਫ਼ਦ ਨਾਲ ਜਾ ਰਿਹਾ ਹੈ
ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਸ਼ਹਿਰ ਜਿਨੇਵਾ ਵਿਚ 10 ਜੁਲਾਈ ਨੂੰ ਹੋ ਰਹੇ ‘ਹਾਫ਼-ਆਇਰਨਮੈਨ 70.3’ ਦੇ ਸਖ਼ਤ ਮੁਕਾਬਲੇ ਵਿਚ ਹਿੱਸਾ ਲੈਣ ਲਈ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਸਰਗਰਮ ਮੈਂਬਰ ਕੁਲਦੀਪ ਸਿੰਘ ਗਰੇਵਾਲ ਅਤੇ ਹਰਜੀਤ ਸਿੰਘ 9 ਜੁਲਾਈ ਨੂੰ ਉੱਥੇ ਪਹੁੰਚ ਰਹੇ ਹਨ। ਉਨਾਂ ਦੀ ਹੌਸਲਾ-ਅਫਜ਼ਾਈ ਤੇ ਹੱਲਾਸ਼ੇਰੀ ਲਈ ਕਲੱਬ ਦਾ 16-ਮੈਂਬਰੀ ਵਫ਼ਦ ਵੀ ਉਨਾਂ ਦੇ ਨਾਲ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵਿਸ਼ਵ-ਪੱਧਰੀ ਉਚੇਰੇ ਅਤੇ ਕਾਫ਼ੀ ਕਠਨ ਮੰਨੇ ਜਾਂਦੇ ਮੁਕਾਬਲੇ ਵਿਚ ਭਾਗ ਲੈਣਾ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਇਸ ਦੇ ਲਈ ਤਕੜੇ ਜੁੱਸੇ ਅਤੇ ਬੇਹੱਦ ਸਖ਼ਤ ਮਿਹਨਤ ਦੀ ਜ਼ਰੂਰਤ ਹੈ। ਇਹ ਤਾਂ ਇਸ ਮੁਕਾਬਲੇ ਵਿਚ ਆਉਣ ਵਾਲੇ ਸ਼ਬਦ ‘ਹਾਫ਼-ਆਇਰਨਮੈਨ’ ਤੋਂ ਹੀ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਦੇ ਲਈ ‘ਅੱਧਾ ਲੋਹੇ ਦੇ ਸਰੀਰ’ ਵਾਲੇ ਮਜ਼ਬੂਤ ਜੁੱਸੇ ਦੀ ਲੋੜ ਹੈ। ਇਸ ਤੋਂ ਅੱਗੇ ਆਉਣ ਵਾਲਾ ਅੰਕ 70.3 ਇਸ ਮੁਕਾਬਲੇ ਵਿਚ ਸ਼ਾਮਲ ਤਿੰਨ ਈਵੈਂਟਸ 1.2 ਮੀਲ ਤੈਰਾਕੀ, 56 ਮੀਲ ਸਾਈਕਲਿੰਗ ਅਤੇ 13.1 ਮੀਲ ਲੰਮੀ ਦੌੜ ਨੂੰ ਦਰਸਾਉਂਦਾ ਹੈ ਜਿਨਾਂ ਦਾ ਜੋੜ 70.3 ਮੀਲ (ਭਾਵ 113 ਕਿਲੋਮੀਟਰ) ਬਣਦਾ ਹੈ।
ਟੀਪੀਏਆਰ ਕਲੱਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਪਹਿਲਾਂ ਇਸ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਨੂੰ ਅਕਤੂਬਰ 2021 ਵਿਚ ਹੋਈ ਵਿਸ਼ਵ-ਪੱਧਰੀ ‘ਬੋਸਟਨ ਮੈਰਾਥਨ’ ਵਿਚ ਭਾਗ ਲੈਣ ਲਈ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਪਾਂਸਰ ਕੀਤਾ ਗਿਆ ਸੀ ਅਤੇ ਹੁਣ ਇਸ ਦੇ ਦੋ ਮੈਂਬਰਾਂ ਕੁਲਦੀਪ ਗਰੇਵਾਲ ਤੇ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਕਾਊਂਸਲ ਅਤੇ ਪੀਲ ਰੀਜਨਲ ਕਾਊਂਸਲ ਦੋਹਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਕਲੱਬ ਨੂੰ ਬਰੈਂਪਟਨ ਸਿਟੀ ਕਾਊਂਸਲ ਵੱਲੋਂ 500 ਡਾਲਰ ਦਾ ਚੈੱਕ ਪ੍ਰਾਪਤ ਹੋ ਚੁੱਕਾ ਹੈ ਅਤੇ ਪੀਲ ਰੀਜਨ ਕਾਊਂਸਲ ਵੱਲੋਂ 500 ਡਾਲਰ ਦੀ ਕੁਮਿਟਮੈਂਟ ਹੋਈ ਹੈ। ਇਸ ਸਬੰਧੀ ਪੀਲ ਰੀਜਨ ਕਾਊਂਸਲ ਦੀ ਹੋਈ ਮੀਟਿੰਗ ਵਿਚ ਸਾਰੇ ਹੀ ਰੀਜਨਲ ਕਾਊਸਲਰਾਂ ਅਤੇ ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਦੇ ਮੇਅਰਾਂ ਵੱਲੋਂ ਬਰੈਂਪਟਨ ਦੇ ਰੀਜ਼ਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਮਤੇ ਦੀ ਜ਼ੋਰਦਾਰ ਹਮਾਇਤ ਕੀਤੀ ਗਈ ਸੀ। 10 ਜੁਲਾਈ ਨੂੰ ਹੋ ਰਹੇ ਇਸ ਮੁਕਾਬਲੇ ਵਿਚ ਕੁਲਦੀਪ ਗਰੇਵਾਲ ਅਤੇ ਹਰਜੀਤ ਸਿੰਘ ਵੱਲੋਂ ਪਹਿਨੀਆਂ ਜਾਣ ਵਾਲੀਆਂ ਜੈਕਟਾਂ ਵਿਚ ਬਰੈਂਪਟਨ ਸਿਟੀ ਤੇ ਪੀਲ ਰੀਜਨ ਦੋਹਾਂ ਦੇ ਲੋਗੋ ਸ਼ਾਮਲ ਹੋਣਗੇ।
ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਿਆ ਜਾਂਦਾ ਹੈ ਕਿ ਤਿੰਨ ਪੜਾਆਂ ਵਾਲੇ ਇਸ ਈਵੈਂਟ ਵਿਚ ਸੱਭ ਤੋਂ ਪਹਿਲਾਂ 1.2 ਮੀਲ ਤੈਰਾਕੀ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ ਜਿਸ ਨੂੰ ਘੱਟੋ-ਘੱਟ ਇਕ ਘੰਟਾ 10 ਮਿੰਟਾਂ ਵਿਚ ਪੂਰਾ ਕਰਨਾ ਹੁੰਦਾ ਹੈ। ਇਸ ਵਿਚ ਸਫਲ ਹੋਣ ਵਾਲਿਆਂ ਨੂੰ ਹੀ ਅਗਲੇ ਪੜਾਅ 56 ਮੀਲ (90 ਕਿਲੋਮੀਟਰ) ਸਾਈਕਲਿੰਗ ਲਈ ਹਰੀ ਝੰਡੀ ਦਿੱਤੀ ਜਾਂਦੀ ਹੈ ਜਿਸ ਨੂੰ ਪੂਰਾ ਕਰਨ ਲਈ 5 ਘੰਟੇ 10 ਮਿੰਟ ਦਾ ਸਮਾਂ ਲੋੜੀਂਦਾ ਹੈ। ਇਸ ਦੂਸਰੇ ਪੜਾਅ ਨੂੰ ਸਫ਼ਲਤਾ-ਪੂਰਵਕ ਪਾਰ ਕਰਨ ਵਾਲੇ ਅੱਗੋਂ 13.1 ਮੀਲ ( 21.1 ਕਿਲੋਮੀਟਰ), ਭਾਵ (ਹਾਫ਼-ਮੈਰਾਥਨ) ਵਾਲੇ ਦੌਰ ਵਿਚ ਪਹੁੰਚਦੇ ਹਨ। ਤੈਰਾਕੀ ਤੋਂ ਲੈ ਕੇ ਹਾਫ-ਮੈਰਾਥਨ ਪੂਰੀ ਕਰਨ ਤੱਕ ਕੁੱਲ 8 ਘੰਟੇ 30 ਮਿੰਟ ਦਾ ਸਮਾਂ ਚਾਹੀਦਾ ਹੈ ਅਤੇ ਇਸ ਸਖ਼ਤ ਮਾਪਦੰਡ ਨੂੰ ਪੂਰਿਆਂ ਕਰਨ ਵਾਲਿਆਂ ਨੂੰ ਹੀ ਇਸ ਮੁਕਾਬਲੇ ਵਿਚ ਸਫ਼ਲ ‘ਹਾਫ਼-ਆਇਰਨਮੈਨ’ ਮੰਨਿਆਂ ਜਾਂਦਾ ਹੈ। ਇਸ ਤਰਾਂ ਇਹ ਤਿੰਨੇ ਹੀ ਪੜਾਅ ਕਾਫੀ ਮੁਸ਼ਕਲ ਹਨ ਅਤੇ ਇਨਾਂ ਤਿੰਨਾਂ ਨੂੰ ਸਫ਼ਲਤਾ-ਪੂਰਵਕ ਪਾਰ ਕਰਨ ਵਾਲੇ ਵਾਕਿਆ ਈ ‘ਹਾਫ਼-ਆਇਰਨਮੈਨ’ ਅਖਵਾਉਣ ਦੇ ਹੱਕਦਾਰ ਹਨ।
ਦੋਹਾਂ ‘ਯੋਧਿਆਂ’ ਦੀ ਹੌਸਲਾ-ਅਫਜ਼ਾਈ ਲਈ ਜਾ ਰਹੇ ਕਲੱਬ ਦੇ 16 ਮੈਂਬਰੀ ਵਫ਼ਦ ਵਿਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਜਗਤਾਰ ਸਿੰਘ ਗਰੇਵਾਲ, ਧਿਆਨ ਸਿੰਘ ਸੋਹਲ, ਅਵਤਾਰ ਸਿੱਧੂ (ਪਿੰਕੀ), ਸੁਖਦੇਵ ਸਿਧਵਾਂ, ਕੇਸਰ ਸਿੰਘ ਬੜੈਚ, ਕੁਲਵੰਤ ਧਾਲੀਵਾਲ, ਹਰਭਜਨ ਸਿੰਘ ਗਿੱਲ, ਗੈਰੀ ਗਰੇਵਾਲ, ਮਨਜੀਤ ਸਿੰਘ, ਗੁਰਜੀਤ ਲੋਟੇ, ਪਾਲ ਬੈਂਸ, ਜੈਪਾਲ ਸਿੱਧੂ ਅਤੇ ਜਸਬੀਰ ਸਿੰਘ ਸ਼ਾਮਲ ਹਨ। ਕਲੱਬ ਦੇ ਮੈਂਬਰਾਂ ਤੇ ਸ਼ੁਭ-ਚਿੰਤਕਾਂ ਵੱਲੋਂ ਕੁਲਦੀਪ ਗਰੇਵਾਲ ਅਤੇ ਹਰਜੀਤ ਸਿੰਘ ਨੂੰ ਸ਼ੁਭ-ਇੱਛਾਵਾਂ ਦਿੱਤੀਆਂ ਜਾ ਰਹੀਆਂ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …