ਬਰੈਂਪਟਨ/ਬਿਊਰੋ ਨਿਊਜ਼ : ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਨੇ ਬੜੀ ਧੂਮ ਧਾਮ ਨਾਲ ਕੈਨੇਡਾ ਦਾ 151ਵਾਂ ਜਨਮ ਦਿਨ 2250 ਨਾਰਥ ਪਾਰਕ ਜੇ ਬੀ ਟ੍ਰਾਂਸਪੋਰਟ ਵਿਖੇ ਮਨਾਇਆ। ਸਮਾਗਮ ਦੀ ਸ਼ੁਰੁਆਤ 11.30 ਵਜੇ ਕੈਨੇਡਾ ਦਾ ਝੰਡਾ ਲਹਿਰਾ ਕੇ ਕੀਤੀ ਗਈ।
ਕਲੱਬ ਪ੍ਰਧਾਨ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਨੇ ਸਟੇਜ ਸੈਕਟਰੀ ਦੀ ਡਿਊਟੀ ਨਿਭਾਉਂਦਿਆਂ ਸਭਦਾ ਧੰਨਵਾਦ ਕੀਤਾ ਅਤੇ ਕੈਨੇਡਾ ਦੇ ਇਤਹਾਸ ਉੱਪਰ ਚਾਨਣਾ ਪਾਇਆ। ਇਸ ਉਪਰੰਤ ਕਲੱਬ ਮੈਂਬਰ ਸਤਨਾਮ ਸਿੰਘ ਵੱਸਣ, ਹਰਬੰਸ ਸਿੰਘ ਗਰੇਵਾਲ, ਅਜਮੇਰ ਸਿੰਘ ਪ੍ਰਦੇਸੀ ਅਤੇ ਡਾ. ਸੁਖਦੇਵ ਸਿੰਘ ਨੇ ਕਵਿਤਾ, ਚੁਟਕਲੇ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦਿਆਂ ਖੂਬ ਵਾਹ ਵਾਹ ਖੱਟੀ। ਚਾਹ ਪਾਣੀ ਆਦਿ ਦਾ ਲੰਗਰ ਛਕਦਿਆਂ ਸ਼ਰੋਤਿਆਂ ਡਾ.ਸੁਖਦੇਵ ਸਿੰਘ ਹੁਰਾਂ ਦੇ ਗੁਰਮੱਤ ਨਾਲ ਜੋੜਨ ਦਾ ਉਪਦੇਸ਼ ਸੁਣਿਆ। ਰੰਗਾ ਰੰਗ ਪ੍ਰੋਗ੍ਰਾਮ ਡਾਈਰੈਕਟਰ ਬੀਬੀ ਪੁਸ਼ਪਿੰਦਰ ਕੌਰ ਵਾਲੀਆ ਜੀ ਨੇ ਸ਼ਬਦ ਗਾਇਨ ਨਾਲ ਸ਼ੁਰੂ ਕੀਤਾ।
ਇਸ ਉਪਰੰਤ ਬੀਬੀ ਰੁਪਿੰਦਰ ਰਿੰਪੀ ਹੁਰਾਂ ਆਪਣੇ ਗੀਤਾਂ ਨਾਲ ਮਹਿਫਲ ਭਖਾ ਦਿੱਤੀ ਜਿਸ ਨਾਲ ਗਿੱਧਾ ਨਾਚ ਦਾ ਦੌਰ ਵੀ ਚੱਲਿਆ। ਆਏ ਮਹਿਮਾਨਾਂ ਵਿੱਚ ਗੁਰਪ੍ਰੀਤ ਸਿੰਘ ਢਿੱਲੋਂ ਕੌਂਸਲਰ, ਗੁਰਰਤਨ ਸਿੰਘ ਐਮ ਪੀ ਪੀ, ਹਰਕੀਰਤ ਸਿੰਘ ਸਕੂਲ ਟਰੱਸਟੀ, ਬੀਬੀ ਬਲਵੀਰ ਸੋਹੀ ਅਤੇ ਕੈਸਲਮੋਰ ਕਲੱਬ ਪ੍ਰਧਾਨ ਗੁਰਮੇਲ ਸਿੰਘ ਸੱਗੂ ਹਾਜਰ ਸਨ।
ਬੀਬੀ ਬਲਵਿੰਦਰ ਦਾ ਹਿੰਦੀ ਗੀਤ, ਕਲੱਬ ਡਾਈਰੈਕਟਰ ਕੁਲਦੀਪ ਗਿੱਲ ਦੇ ਚੁਟਕਲੇ ਅਤੇ ਮਸ਼ਹੂਰ ਲੋਕ ਗਾਇਕ ਔਜਲਾ ਬ੍ਰਦਰਜ ਦੇ ਗੀਤਾਂ ਨੇ ਐਮ ਪੀ ਬੀਬੀ ਰੂਬੀ ਸਹੋਤਾ ਨੂੰ ਵੀ ਨਾਚ ‘ਚ ਸ਼ਾਮਲ ਕਰਵਾ ਦਿੱਤਾ। ਯੂ ਐਸ ਏ ਤੋਂ ਗੋਰਿਆਂ ਦੀ ਟੀਮ ਜੋ ਹਰ ਸਾਲ ਟ੍ਰੀਲਾਈਨ ਪਾਰਕ ਵਿਖੇ ਬੱਚਿਆਂ ਦੀਆਂ ਖੇਡਾਂ ਕਰਾਉਂਦੀ ਹੈ ਪਹੁੰਚ ਗਈ ਜਿਸ ਨੇ ਜਸ਼ਨ ‘ਚ ਸ਼ਾਮਲ ਹੋ ਕੇ ਪਾਰਕ ਵਿਖੇ 10, 11 ਜੁਲਾਈ ਨੂੰ ਹੋਣ ਵਾਲੀਆਂ ਬੱਚਿਆਂ ਦੀਆਂ ਖੇਡਾਂ ਬਾਰੇ ਦੱਸਿਆ। ਸੀਨੀਅਰ ਕਲੱਬਸ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਆਪਣੀ ਟੀਮ ਨਾਲ ਜਿਸ ‘ਚ ਕਰਤਾਰ ਸਿੰਘ ਚਾਹਲ, ਬਲਵਿੰਦਰ ਸਿੰਘ ਬਰਾੜ ਸਨ, ਨੇ 29 ਜੁਲਾਈ ਨੂੰ ਸ਼ੋਕਰ ਸੈਂਟਰ ਵਿਖੇ ਹੋਣ ਜਾ ਰਹੇ ਮੇਲੇ ਬਾਰੇ ਸਭ ਨੂੰ ਜਾਣਕਾਰੀ ਦਿੱਤੀ। ਨਜਦੀਕ ਦੀਆਂ ਸਭ ਕਲੱਬਾਂ ਦੇ ਮੈਂਬਰਾਂ, ਮਾਂਟ੍ਰਿਆਲ ਤੋਂ ਖਾਸ ਤੌਰ ‘ਤੇ ਪੁੱਜੇ ਅਮਰ ਸਿੰਘ ਕੌੜਾ, ਚੇਅਰਮੈਨ ਲਹਿੰਬਰ ਸਿੰਘ ਸ਼ੌਕਰ ਦੇ ਪਰਿਵਾਰ ਸਮੇਤ ਇਸ ਮੇਲੇ ‘ਚ ਪਾਏ ਯੋਗਦਾਨ ਦਾ ਧੰਨਵਾਦ ਕੀਤਾ ਗਿਆ। ਮੇਲੇ ਦੀ ਸਮਾਪਤੀ ਕਰਦਿਆਂ ਪ੍ਰਧਾਨ ਜਗਜੀਤ ਸਿੰਘ ਗਰੇਵਾਲ ਹੁਰਾਂ ਸਭ ਦੀ ਹਾਜ਼ਰੀ ਦਾ ਧੰਨਵਾਦ ਕਰਦਿਆਂ ਕਲੱਬ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …