ਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਉਨਟਾਰੀਓ ਵਲੋਂ ਮੁੱਖ ਕੁਆਰਡੀਨੇਟਰ ਬਲਰਾਜ ਛੋਕਰ ਦੀ ਪਰਧਾਨਗੀ ਹੇਠ ਪੰਜਾਬੀ ਦੇ ਮਹਾਨ ਨਾਟਕਕਾਰ ਭਾਅ ਜੀ ਗੁਰਰਸ਼ਰਨ ਸਿੰਘ ਦੀ ਵੱਡੀ ਬੇਟੀ ਡਾ: ਨਵਸ਼ਰਨ ਨੇ 22 ਅਪਰੈਲ 2018 ਦਿਨ ਐਤਵਾਰ ਕੈਂਸਟੋਗਾ ਡਰਾਈਵ ਤੇ ਸਥਿਤ ਕਮਿਊਨਿਟੀ ਸੈਂਟਰ ਵਿੱਚ ਖਚਾ ਖਚ ਭਰੇ ਹਾਲ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਬਲਦੇਵ ਰਹਿਪਾ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਆਏ ਸਰੋਤਿਆਂ ਦਾ ਧੰਨਵਾਦ ਕਰਨ ਦੇ ਨਾਲ ਹੀ ਯੂ ਐਨ ਓ ਵਿੱਚ ਔਰਤਾਂ ਤੇ ਹੁੰਦੇ ਬਲਾਤਕਾਰਾਂ ਬਾਰੇ ਭਾਰਤ ਦੀ ਬਣੀ ਹਾਸੋ ਹੀਣੀ ਹਾਲਤ ਅਤੇ ਸੰਤ ਰਾਮ ਉਦਾਸੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਟੋਰਾਂਟੋ ਵਿੱਚ ਔਰਤਾਂ ਦੀ ਅਵਾਜ਼ ਕਵਿੱਤਰੀਆਂ ਸੁਰਜੀਤ ਕੌਰ ਅਤੇ ਪਰਮਜੀਤ ਦਿਓਲ ਨੇ ਕਵਿਤਾਵਾਂ ਦੁਆਰਾ ਸਰੋਤਿਆਂ ਨਾਲ ਆਪਣੀ ਸਾਂਝ ਪਾਈ। ਬਲਜੀਤ ਬੈਂਸ ਅਤੇ ਬਲਤੇਜ ਸਿੱਧੂ ਨੇ ਇਨਕਲਾਬੀ ਗੀਤਾਂ ਨਾਲ ਅਸਲ ਲੋਕ ਸਭਿੱਆਚਾਰ ਦੀ ਝਲਕ ਪੇਸ਼ ਕੀਤੀ। ਬਲਜਿੰਦਰ ਲੇਲਣਾ, ਹੀਰਾ ਰੰਧਾਵਾ, ਨਾਹਰ ਔਜਲਾ ਅਤੇ ਜੋਗਿੰਦਰ ਗਰੇਵਾਲ ਨੇ ਸੰਖੇਪ ਵਿੱਚ ਡਾ: ਨਵਸ਼ਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਡਾ: ਨਵਸ਼ਰਨ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਸ ਨੇ ਬਚਪਨ ਵਿੱਚ ਹੀ ਭਾਅ ਜੀ ਤੋਂ 1947 ਦੀ ਵੰਡ ਸਮੇਂ ਔਰਤਾਂ ਤੇ ਹੋਏ ਜੁਲਮ ਦੀ ਗਾਥਾ ਸੁਣੀ ਸੀ ਜਿਸ ਨੂੰ ਯਾਦ ਕਰ ਕੇ ਭਾਅ ਜੀ ਅਤੀ ਭਾਵੁਕ ਹੋ ਜਾਂਦੇ ਸਨ। ਡਾ: ਨਵਸ਼ਰਨ ਨੇ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਉਸ ਸਮੇਂ ਲੋਕਾਂ ਦੀਆਂ ਰਹਿ ਗਈਆਂ ਜਾਇਦਾਦਾਂ ਅਤੇ ਪਸ਼ੂਆਂ ਤਕ ਦਾ ਹਿਸਾਬ ਰੱਖਿਆ ਗਿਆ ਤੇ ਮੁਆਵਜ਼ਾ ਮਿਲਿਆ । ਪਰੰਤੂ ਉਧਾਲੀਆਂ ਗਈਆਂ ਔਰਤਾਂ, ਉਹਨਾਂ ‘ਤੇ ਕੀਤੇ ਗਏ ਜ਼ੁਲਮ ਅਤੇ ਜਬਰਦਸਤੀ ਅਤੇ ਸਬੰਧਤ ਪਰਿਵਾਰਾਂ ਵਿੱਚ ਵਾਪਸੀ ਸਮੇਂ ਉਹਨਾਂ ਦੀ ਕੋਈ ਰਾਇ ਨਹੀਂ ਲਈ ਗਈ। ਇਸੇ ਤਰ੍ਹਾਂ ਬੰਗਲਾ ਦੇਸ਼ ਬਣਨ ਸਮੇਂ ਔਰਤਾਂ ਨਾਲ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਕੈਂਪਾਂ ਵਿੱਚ ਰੱਖ ਕੇ ਉਹਨਾਂ ਦਾ ਫੌਜੀਆਂ ਵਲੋਂ ਸਰੀਰਕ ਸ਼ੋਸਣ ਕਰ ਕੇ ਮਾਨਸਿਕ ਤਸੀਹੇ ਦਿੱਤੇ ਗਏ। ਪਰ ਕਿਸੇ ਨੂੰ ਕੋਈ ਸਜਾ ਨਹੀਂ ਮਿਲੀ।
ਆਪਣੀ ਗੱਲ ਜਾਰੀ ਰਖਦਿਆਂ ਉਹਨਾਂ ਕਿਹਾ ਕਿ 1984 ਦੇ ਭਿਆਨਕ ਦੌਰ ਵਿੱਚ ਸਭ ਤੋਂ ਵੱਧ ਜੁਲਮ ਔਰਤਾਂ ਨੂੰ ਸਹਿਣਾ ਪਿਆ। ਉਹਨਾਂ ਦੀਆਂ ਇੱਜਤਾਂ ਲੁੱਟੀਆਂ ਗਈਆਂ। ਬਹੁਤ ਸਾਰੀਆਂ ਔਰਤਾਂ ਉਸ ਦੁਖਾਂਤ ਦਾ ਸੰਤਾਪ ਅਜੇ ਤੱਕ ਭੋਗ ਰਹੀਆਂ ਹਨ। ਇਸੇ ਤਰ੍ਹਾ 2002 ਵਿੱਚ ਗੁਜਰਾਤ ਵਿੱਚ ਵਾਪਰਿਆਂ। ਗਰੀਬ, ਦਲਿਤ ਅਤੇ ਘੱਟ-ਗਿਣਤੀ ਭਾਈਚਾਰਿਆਂ ਦੀਆਂ ਔਰਤਾਂ ਨੂੰ ਸਭ ਤੋਂ ਵੱਧ ਇਸ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਆਦਿਵਾਸੀ ਔਰਤਾਂ ਗਰੀਬੀ ਅਤੇ ਤਸ਼ੱਦਦ ਦੀ ਦੂਹਰੀ ਮਾਰ ਝੱਲ ਰਹੀਆਂ ਹਨ। ਦੇਸ਼ ਦੀ ਸੁਰੱਖਿਆ ਦੇ ਨਾਂ ‘ਤੇ ਨੀਮ ਫੋਜੀ ਦਲਾਂ ਵਲੋਂ ਉਹਨਾਂ ਨੂੰ ਬੇਇੱਜਤ ਅਤੇ ਬੇਘਰ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਇਹ ਸਿਲਸਲਾ ਲਗਾਤਾਰ ਜਾਰੀ ਹੈ। ਕਸ਼ਮੀਰ ਦੀ ਉਦਾਹਰਣ ਦੇ ਕੇ ਉਸ ਨੇ ਕਿਹਾ ਕਿ ਉੱਥੇ ਦੇਸ਼ ਦੀ ਸੁਰੱਖਿਆ ਦੇ ਨਾਂ ਤੇ ਪਿੰਡਾਾਂ ਵਿੱਚੋਂ ਮਰਦਾਂ ਨੂੰ ਕੱਢ ਕੇ ਪਿੰਡਾਂ ਦੇ ਪਿੰਡ ਖਾਲੀ ਕਰਵਾ ਕੇ ਮਰਦਾਂ ਨੂੰ ਇੱਕ ਥਾਂ ਤੇ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਫੌਜੀ ਉਹਨਾਂ ਦੇ ਘਰਾਂ ਵਿੱਚ ਵੜ ਕੇ ਔਰਤਾਂ ਨਾਲ ਬਦਸਲੂਕੀ ਅਤੇ ਬਲਾਤਕਾਰ ਕਰਦੇ ਹਨ। ਜਿਸ ਦੀ ਛਾਣਬੀਨ ੳਸ ਨੇ ਖੁਦ ਕੀਤੀ ਹੈ।
ਮੌਜੂਦਾ ਹਾਲਤਾਂ ਦਾ ਜ਼ਿਕਰ ਕਰਦੇ ਹੋਏ ਉਸ ਨੇ ਕਿਹਾ ਕਿ ਬਲਾਤਕਾਰੀਆਂ ਨਾਲ ਨਿਪਟਣ ਲਈ ਪਹਿਲਾਂ ਹੀ ਕਾਨੂੰਨ ਬਣੇ ਹੋਏ ਹਨ। ਪਰੰਤੂ ਉਹਨਾਂ ਦੀ ਠੀਕ ਵਰਤੋਂ ਨਹੀਂ ਹੁੰਦੀ। ਬੱਚਿਆਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਹੋਣ ਦੇ ਬਾਵਜੂਦ ਬੱਚੀਆਂ ਨਾਲ ਬਲਾਤਕਾਰ ਕਰ ਕੇ ਉਹਨਾਂ ਦਾ ਕਤਲ ਕਰਨ ਵਾਲਿਆਂ ਵਿਰੁੱਧ ਐਫ ਆਈ ਆਰ ਤੱਕ ਵੀ ਦਰਜ ਨਹੀਂ ਹੁੰਦੀ ਸਗੋਂ ਕਈ ਵਾਰ ਉਹਨਾਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਤੇ ਹੀ ਕੇਸ ਦਰਜ ਕਰ ਦਿੱਤਾ ਜਾਂਦਾ ਹੈ। ਬਲਾਤਕਾਰੀਆਂ ਨੂੰ ਮੌਤ ਦੀ ਸਜਾ ਵਾਲਾ ਕਾਨੂੰਨ ਵੀ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਅੱਖਾਂ ਪੂੰਝਣ ਵਾਲੀ ਕਾਰਵਾਈ ਹੀ ਹੈ। ਅਸਲ ਮੁੱਦਾ ਤਾਂ ਕਾਨੂੰਨ ਦੀ ਸਹੀ ਵਰਤੋਂ ਕਰ ਕੇ ਮਜਲੂਮਾਂ ਨੂੰ ਇਨਸਾਫ ਦਿਵਾਉਣ ਦੀ ਚਾਰਾਜੋਈ ਕਰਨਾ ਹੈ।
ਸਾਹਿਤ ਅਤੇ ਸਭਿੱਆਚਾਰ ਬਾਰੇ ਬੋਲਦਿਆਂ ਉਸ ਨੇ ਕਿਹਾ ਕਿ ਸਾਨੂੰ ਆਪਣੀਆਂ ਜੜ੍ਹਾ ਨਹੀਂ ਭੁੱਲਣੀਆਂ ਚਾਹੀਦੀਆਂ ਪਰੰਤੂ ਜੜ੍ਹਾਂ ਵਿੱਚ ਬੈਠੇ ਰਹਿਣ ਦੀ ਥਾਂ ਉਹਨਾਂ ਨੂੰ ਪਛਾਣਦੇ ਹੋਏ ਅੱਗੇ ਵਧਣ ਵੱਲ ਜਾਣਾ ਚਾਹੀਦਾ ਹੈ। ਗੁਰਸ਼ਰਨ ਸਿੰਘ ਦੇ ਕਥਨ ਦੀ ੳਦਾਹਰਣ ਦਿੰਦੇ ਹੋਏ ਕਿਹਾ ਕਿ, ”ਸਭਿੱਆਚਾਰ ਉਹ ਨਹੀਂ ਜੋ ਸਾਨੂੰ ਨੱਚਣ ਲਾ ਦੇਵੇ, ਅਸਲ ਸਭਿੱਆਚਾਰ ਉਹ ਹੈ ਜੋ ਸੋਚਣ ਲਾ ਦੇਵੇ।” ਉਹਨਾਂ ਦੱਸਿਆ ਕਿ ਇਨਕਲਾਬੀ ਤੇ ਲੋਕ ਪੱਖੀ ਸਾਹਿਤ ਦੀ ਸੰਭਾਲ ਲਈ ਉਹ ਲੋਕਾਂ ਦੇ ਸਹਿਯੋਗ ਨਾਲ ”ਇਨਕਲਾਬੀ ਸਭਿੱਆਚਾਰ ਪੰਜਾਬ ਆਰਕਾਈਵ” ਸਥਾਪਤ ਕਰਨ ਲਈ ਯਤਨ ਕਰ ਰਹੀ ਹੈ ਤੇ ਇਸ ਦੇ ਪਹਿਲੇ ਪੜਾਅ ਵਜੋਂ ਭਾਅ ਜੀ ਗੁਰਸ਼ਰਨ ਸਿੰਘ ਦੇ ਸਮੁੱਚੇ ਕੰਮ ਨੂੰ ਇਕੱਠਾ ਕੀਤਾ ਜਾਵੇਗਾ। ਉਸ ਨੇ ਇਸ ਕੰਮ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਡਾ: ਨਵਸ਼ਰਨ ਦੇ ਬੋਲਾਂ ਨੇ ਸਰੋਤਿਆਂ ਨੂੰ ਹਲੂਣਾ ਦਿੱਤਾ ਤੇ ਸੋਚਣ ਲਈ ਮਜਬੂਰ ਕਰ ਦਿੱਤਾ।
ਇਸ ਇਕੱਠ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਜਿੰਨ੍ਹਾਂ ਵਿੱਚ ਕਨੇਡੀਅਨ ਪੰਜਾਬੀ ਸਾਹਿਤ ਸਭਾ, ਪੰਜ਼ਾਬੀ ਆਰਟਸ ਐਸੋ:, ਚੇਤਨਾ ਕਲਚਰਲ ਮੰਚ, ਸਰੋਕਾਰਾਂ ਦੀ ਅਵਾਜ਼, ਹੈਟਸ ਅੱਪ, ਕਲਮਾਂ ਦਾ ਕਾਫਲਾ, ਰਵਿਦਾਸ ਸਭਾ, ਰੈੱਡ ਵਿੱਲੋ ਕਲੱਬ, ਇੰਟਰਨੈਸ਼ਨਲ ਕਲੱਬ, ਇੰਡੋ ਕਨੇਡੀਅਨ ਵਰਕਰਜ਼ ਐਸੋ: ਆਦਿ ਦੇ ਬਲਰਾਜ ਚੀਮਾ, ਪ੍ਰਿੰ: ਸਰਵਣ ਸਿੰਘ, ਡਾ: ਅਮਰਜੀਤ ਸਿੰਘ ਬਣਵੈਤ, ਜਸਪਾਲ ਢਿੱਲੋਂ, ਦਵਿੰਦਰ ਤੂਰ,ਚਮਕੌਰ ਮਾਛੀਕੇ, ਜੀਵਣ ਸਿੰਘ, ਹਰਮੇਸ਼ ਸਿੰਘ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਮੰਡ, ਜੰਗੀਰ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਕੁਲਦੀਪ ਸਿੰਘ ਰੰਧਾਂਵਾ, ਇਕਬਾਲ ਸੁੰਬਲ ਅਤੇ ਬਹੁਤ ਸਾਰੇ ਹੋਰ ਪਰਮੁਖ ਮੈਂਬਰ ਹਾਜ਼ਰ ਸਨ। ਪਰੋਗਰਾਮ ਦੇ ਅਖੀਰ ਵਿੱਚ ਡਾ: ਬਲਜਿੰਦਰ ਸੇਖੋਂ ਨੇ ਸਮੂਹ ਜਥੇਬੰਦੀਆਂ, ਹਾਜ਼ਰ ਲੋਕਾਂ ਅਤੇ ਮੀਡੀਏ ਦਾ ਪਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਵਲੋਂ ਪੁਸਤਕ ਪਰਦਰਸ਼ਨੀ ਲਾਈ ਗਈ। ਪਰੋਗਰਾਮ ਦੀ ਸਫਲਤਾ ਲਈ ਸਮੂਹ ਤਰਕਸ਼ੀਲ ਸੁਸਾਇਟੀ ਮੈਂਬਰਾਂ ਨੇ ਆਪਣਾ ਯੋਗਦਾਨ ਪਾਇਆ।
ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤਰਕਸੀਲ਼ ਸੁਸਾਇਟੀ ਦੇ ਬਲਰਾਜ ਛੋਕਰ 647-679-4398, ਬਲਦੇਵ ਰਹਿਪਾ 416-881-7202, ਡਾ:ਬਲਜਿੰਦਰ ਸੇਖੋ 905-781-1197 ਜਾਂ ਨਿਰਮਲ ਸੰਧੂ 416-835-3450 ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …