ਬਰੈਂਪਟਨ/ਬਾਸੀ ਹਰਚੰਦ : ਪਿਛਲੇ ਦਿਨੀਂ ਪੰਜਾਬੀ ਮੁਟਿਆਰਾਂ ਦਾ ਪ੍ਰਸਿੱਧ ਤਿਉਹਾਰ ‘ਤੀਆਂ’ ਬਰੈਂਪਟਨ ਦੇ ਈਸਟ ਵਿੱਚ ਮੈਕਵੀਨ/ਕੈਸਲਮੋਰ ਦੇ ਨੇੜੇ ਸਥਿਤ ਹਵਾਨਾ ਪਾਰਕ ਵਿੱਚ ਬੜੀ ਧੂਮ ਧਾਮ ਨਾਲ ਚਾਰ ਵਜੇ ਤੋਂ ਅੱਠ ਵਜੇ ਤੱਕ ਮਨਾਇਆ ਗਿਆ। ਯਾਦ ਰਹੇ ਕਿ ਬਹੁਤਾ ਕਰਕੇ ਪੰਜਾਬ ਦੇ ਮਾਲਵਾ ਖਿਤੇ ਵਿੱਚ ਕੁਆਰੀਆਂ ਅਤੇ ਸਹੁਰਿਆਂ ਤੋਂ ਪਰਤੀਆਂ ਨਵ ਵਿਆਹੀਆਂ ਮੁਟਿਆਰਾਂ ਬੋਹੜਾਂ ਪਿੱਪਲਾਂ ‘ਤੇ ਪੀਘਾਂ ਪਾ ਕੇ ਖੂਬ ਪੀਘਾਂ ਦੇ ਹੁਲਾਰੇ ਲੈਦੀਆਂ ਸਨ।
ਦੋ- ਦੋ ਮੁਟਿਆਰਾਂ ਪੀਘਾਂ ਝੁਟਾ ਕੇ ਪਿੱਪਲਾਂ ਦੀ ਪੱਤਿਆਂ ਨੂੰ ਛੁਹ ਕੇ ਜ਼ੋਰ ਵਿਖਾਉਂਦੀਆਂ ਸਨ। ਗੋਲ ਦਾਇਰੇ ਬੰਨ ਕੇ ਵਾਰੀ-ਵਾਰੀ ਬੋਲੀਆਂ ਪਾ ਕੇ ਖੂਬ ਨੱਚਦੀਆਂ ਸਨ।
ਬੋਲੀਆਂ ਵਿੱਚ ਨਿਹੋਰੇ ਪਿਆਰ ਵਿਤਕਰੇ ਆਦਿ ਦੀਆਂ ਮਿੱਠੀਆਂ ਚੋਭਾਂ ਲਾਉਂਦੀਆਂ ਸਨ।
ਇਸ ਤਰ੍ਹਾਂ ਉਹ ਆਪਣੇ ਦਿਲ ਦੇ ਵਲਵਲੇ ਬੋਲੀਆਂ ਰਾਹੀ ਸਾਂਝੇ ਕਰ ਲੈਂਦੀਆਂ ਸਨ। ਉਸੇ ਰਵਾਇਤ ਨੂੰ ਜਿੰਦਾ ਰਖਣ ਲਈ ਕੈਨੇਡਾ ਆ ਕੇ ਵੀ ਬਹੁਤਾ ਤਾਂ ਨਹੀਂ ਪਰ ਕਿਸੇ ਨਾ ਕਿਸੇ ਰੂਪ ਵਿੱਚ ਇਸ ਤਿਉਹਾਰ ਨੂੰ ਜਿੰਦਾ ਰੱਖਿਆ ਹੈ। ਸੋ ਇਸੇ ਤਹਿਤ ਪੰਜਾਬਣਾਂ ਨੇ ਉਪਰੋਕਤ ਪਾਰਕ ਵਿੱਚ ਤਿਉਹਾਰ ਮਨਾਇਆ।
ਦੂਰ-ਦੂਰ ਦੇ ਏਰੀਏ ਤੋਂ ਮਹਿਲਾਵਾਂ ਸ਼ਾਮਲ ਹੋਣ ਲਈ ਆਈਆਂ। ਇਹ ਤਿਉਹਾਰ ਨਿਰੋਲ ਮੁਟਿਆਰਾਂ/ਬੀਬੀਆਂ ਦਾ ਹੈ। ਸਮਾਜ ਸੇਵਕ ਗੁਰਮੇਲ ਸਿੰਘ ਸੱਗੂ ਨੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਸੱਭ ਨੇ ਖਾਣ-ਪੀਣ ਪੀਜ਼ਾ ਮਠਿਆਈ ਦਾ ਖੂਬ ਅਨੰਦ ਮਾਣਿਆ।