ਪਰਮਿੰਦਰ ਕੌਰ ਸਵੈਚ : ਸਰੀ ਦੇ ਬੇਅਰ ਕਰੀਕ ਦੇ ਨੇੜੇ ਤਰਕਸ਼ੀਲ ਰੈਸ਼ਨੇਲਿਸਟ ਸੁਸਾਇਟੀ ਦੇ ਸੱਦੇ ‘ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਵਿੱਚ ਰੈਲੀ ਕੀਤੀ ਗਈ, ਜਿਸ ਵਿੱਚ ਬਹੁਤ ਸਾਰੇ ਲੋਕ ਹਿਤਾਂ ਨੂੰ ਪ੍ਰਣਾਏ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਦੀ ਸ਼ੁਰੂਆਤ ਕਰਦੇ ਹੋਏ ਸਕੱਤਰ ਪਰਮਿੰਦਰ ਕੌਰ ਸਵੈਚ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਵਿਦਿਆਰਥੀਆਂ ਦੇ ਹੋ ਰਹੇ ਸ਼ੋਸ਼ਣ ਜਿਸ ਵਿੱਚ ਵਿਦਿਆਰਥੀਆਂ ਨੂੰ ਟਾਰਗੈੱਟ ਕਰਕੇ ਕਮਿਊਨਿਟੀ ਵਿੱਚ ਫੁੱਟ ਦੀ ਗੱਲ ਹੋਵੇ ਕਿ ਬੱਚਿਆਂ ਨੂੰ ਇੱਥੇ ਰਹਿਣਾ ਨਹੀਂ ਆਉਂਦਾ, ਉਹ ਗੰਦ ਪਾਉਂਦੇ ਹਨ, ਖੱਪ ਪਾਉਂਦੇ ਹਨ, ਕੁੜੀਆਂ ਦੇਹ ਵਿਉਪਾਰ ਦਾ ਧੰਦਾ ਕਰਦੀਆਂ ਹਨ ਆਦਿ ਬਾਰੇ ਦੱਸਿਆ ਅਤੇ ਸੁਸਾਇਟੀ ਦੇ ਨੌਜਵਾਨ ਮੈਂਬਰ ਰਾਜਵੀਰ ਚੌਹਾਨ ਨੂੰ ਸੱਦਾ ਦਿੱਤਾ। ਰਾਜਵੀਰ ਨੇ ਬਹੁਤ ਹੀ ਵਿਸਥਾਰ ਨਾਲ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਜੋ ਮੌਂਟਰੀਅਲ ਦੇ ਤਿੰਨ ਕਾਲਜਾਂ ਦੇ ਦੀਵਾਲੀਆ ਹੋਣ ‘ਤੇ ਆਈਆਂ ਹਨ ਤੇ ਉਹਨਾਂ ਕਾਲਜਾਂ ਦੀ ਅਸਲੀਅਤ ਕਿ ਇਹ ਤਿੰਨੇ ਕਾਲਜ ਇੱਕੋ ਪਰਿਵਾਰ ਚਲਾ ਰਿਹਾ ਸੀ ਤੇ ਉਹਨਾਂ ਨੇ ਇਹ ਜਾਣ ਬੁੱਝ ਕੇ ਫਰਾਡ ਕਿਵੇਂ ਕੀਤਾ ਹੈ ਇਸਨੂੰ ਦੀਵਾਲੀਆ ਕਹਿਣਾ ਹੀ ਗ਼ਲਤ ਹੈ। ਉਸ ਪਰਿਵਾਰ ਦੇ ਮੈਂਬਰ ਮਿਸਟਰ ਜਸਟਿਨ ਟਰੂਡੋ ਦੇ ਨਾਲ ਪੰਜਾਬ ਵਿੱਚ ਉਹਨਾਂ ਦੀ ਫੇਰੀ ਸਮੇਂ ਡੈਲੀਗੇਸ਼ਨ ਦੇ ਤੌਰ ‘ਤੇ ਗਏ ਸਨ ਉਦੋਂ ਹੀ ਇਹਨਾਂ ਨੇ ਇਹ ਕਾਲਜ ਨਹੀਂ ਬਿਜ਼ਨਿਸ ਖੋਲ਼ੇ ਕਹਿ ਸਕਦੇ ਹਾਂ। ਇਹਨਾਂ ਵਿੱਚ 1173 ਵਿਦਿਆਰਥੀ ਜੋ ਐਥੇ ਰੁਲ਼ ਰਹੇ ਹਨ ਜਿਨਾਂ ਦਾ ਸਟੂਡੈਂਟ ਵਰਕ ਪਰਮਿਟ ਵੀ ਜਾਂਦਾ ਲੱਗਾ ਹੈ, ਉਹ ਕੰਮ ਵੀ ਨਹੀਂ ਕਰ ਸਕਦੇ। ਉਹ ਗੁਰਦਵਾਰਿਆਂ ਜਾਂ ਪੰਜਾਬੀ ਭਾਈਚਾਰੇ ਦੀ ਮੱਦਦ ਨਾਲ ਦਿਨ ਕਟੀ ਕਰ ਰਹੇ ਹਨ। 633 ਵਿਦਿਆਰਥੀ ਪੰਜਾਬ ਵਿੱਚ ਔਨ ਲਾਈਨ ਪੜ ਰਹੇ ਸਨ, ਉਹਨਾਂ ਦਾ ਰੀਫੰਡ ਵੀ ਵਾਪਸ ਨਹੀਂ ਕੀਤਾ ਜਾ ਰਿਹਾ।
ਫੈਡਰਲ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਹੋਰ ਕਾਲਜਾਂ ਵਿੱਚ ਦਾਖਲਾ ਲੈ ਲੈਣ ਪਰ ਉਹਨਾਂ ਨੂੰ ਫੀਸਾਂ ਦੂਜੀ ਵਾਰ ਦੇਣੀਆਂ ਪੈਣਗੀਆਂ। ਪਰ ਸਟੂਡੈਂਟਾਂ ਕੋਲ ਨਾ ਡਾਲਰ ਹਨ ਨਾ ਕੰਮ। ਕਿਹਾ ਜਾ ਰਿਹਾ ਹੈ ਕਿ ਉਹ ਕੋਰਟ ਦਾ ਦਰਵਾਜ਼ਾ ਖੜਕਾਉਣ ਪਰ ਕਿਵੇਂ। ਉਸਨੇ ਸਰਕਾਰਾਂ ਦੀਆਂ ਇਹਨਾਂ ਬੇਤੁਕੀਆਂ ਗੱਲਾਂ ਨੂੰ ਵੀ ਜੱਗ ਜ਼ਾਹਰ ਕੀਤਾ। ਨਵਜੋਤ ਢਿੱਲੋਂ ਜੋ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਵਿੱਚ ਲੋਕ ਮਸਲਿਆਂ ‘ਤੇ ਗੱਲ ਕਰਦੀ ਹੈ, ਨੇ ਵੀ ਸਟੂਡੈਂਟਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਉਹਨਾਂ ਨਾਲ ਹੁੰਦੇ ਸ਼ੋਸ਼ਣ ਨੂੰ ਨੱਥ ਪੈਣੀ ਚਾਹੀਦੀ ਹੈ।
ਵਿਦਿਆਰਥੀਆਂ ਸਿਰਤਾਜ, ਜਾਸਮਿਨ ਤੇ ਅਕਸ਼ੇ ਨੇ ਵੀ ਆਪਣੇ ਜਾਤੀ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹ ਕਿਸ ਤਰਾਂ ਦੀਆਂ ਮਾਨਸਿਕ ਉਲਝਣਾਂ ਦੇ ਵਿੱਚ ਪੜਾਈ ਪੂਰੀ ਕਰ ਰਹੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਇਕੱਲੇ ਕਿਊਬੈੱਕ ਦੇ ਕਾਲਜਾਂ ਵਿੱਚ ਹੀ ਇਹ ਨਹੀਂ ਹੋ ਰਿਹਾ ਇੱਥੇ ਬੀ.ਸੀ. ਤੇ ਉਨਟਾਰੀਓ ਵਿੱਚ ਵੀ ਕਾਲਜ ਸਟੂਡੈਂਟਾਂ ਦੇ ਸਰਟੀਫਿਕੇਟ ਦੇਣ ਸਮੇਂ ਆਨਾਕਾਨੀ ਕਰਦੇ ਰਹਿੰਦੇ ਹਨ। ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਸੈਕਟਰੀ ਹਰਭਜਨ ਚੀਮਾ ਨੇ ਕਿਹਾ ਕਿ ਜੇ ਸਰਕਾਰ ਸਟੂਡੈਂਟ ਨੂੰ ਐਥੇ ਤਿੱਗਣੀਆਂ ਫੀਸਾਂ ਦੇ ਕੇ ਸੱਦ ਰਹੀ ਹੈ ਤਾਂ ਉਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ, ਸਰਕਾਰ ਨੂੰ ਆਪਣਾ ਪੱਲਾ ਨਹੀਂ ਝਾੜਨਾ ਚਾਹੀਦਾ। ਲਖਵੀਰ ਖੁਣਖੁਣ ਨੇ ਕਿਹਾ ਕਿ ਸਰਕਾਰਾਂ ਕਾਰਪੋਰੇਸ਼ਨਾਂ ਦੀ ਹਰ ਵਕਤ ਮੱਦਦ ਕਰਦੀਆਂ ਹਨ ਪਰ ਇਹ ਵਿਦਿਆਰਥੀ ਜੋ ਬੇਕਸੂਰ ਹਨ, ਜੋ ਲੀਗਲੀ ਤੌਰ ‘ਤੇ ਐਥੇ ਪਹੁੰਚੇ ਹਨ, ਉਹਨਾਂ ਦੀ ਪੜਾਈ ਪੂਰੀ ਕਰਵਾਉਣੀ ਚਾਹੀਦੀ ਹੈ। ਬਲਜਿੰਦਰ ਕੌਰ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਉਹਨਾਂ ਕੋਲ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹਨ ਜੋ ਕਈ ਵਾਰੀ ਬਹੁਤ ਹੀ ਗੰਭੀਰ ਹੁੰਦੀਆਂ ਹਨ। ਇਸ ਰੈਲੀ ਵਿੱਚ ਈਸਟ ਇੰਡੀਅਨ ਡੀਫੈਂਸ ਕਮੇਟੀ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਂਊਂਡੇਸ਼ਨ, ਇੱਕ ਸੰਸਾਰ ਕਮੇਟੀ, ਹੋਪ ਸੇਵਾ ਸੁਸਾਇਟੀ ਆਦਿ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਦੇ ਕੇ ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।ਅੰਤ ਵਿੱਚ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਬਾਈ ਅਵਤਾਰ ਸਿੰਘ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਕਿਹਾ ਕਿ ਸੁਸਾਇਟੀ ਹਮੇਸ਼ਾਂ ਉਹਨਾਂ ਨਾਲ ਖੜੀ ਹੈ, ਉਹਨਾਂ ਦੀ ਮੱਦਦ ਲਈ ਹੋਰ ਵੀ ਯਤਨ ਕਰਦੀ ਰਹੇਗੀ।