5.2 C
Toronto
Friday, January 9, 2026
spot_img
Homeਕੈਨੇਡਾਰਿੰਮੀ ਝੱਜ ਦੇ ਚੋਣ ਦਫ਼ਤਰ ਦਾ ਸ਼ਾਨਦਾਰ ਉਦਘਾਟਨ

ਰਿੰਮੀ ਝੱਜ ਦੇ ਚੋਣ ਦਫ਼ਤਰ ਦਾ ਸ਼ਾਨਦਾਰ ਉਦਘਾਟਨ

ਬਰੈਂਪਟਨ : ਬਰੈਂਪਟਨ ਵੈਸਟ ਤੋਂ ਆਗਾਮੀ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਨੌਜਵਾਨ ਉਮੀਦਵਾਰ ਰਿੰਮੀ ਝੱਜ ਦੇ ਚੋਣ ਦਫਤਰ ਦਾ ਉਦਘਾਟਨ ਸ਼ਨਿਚਰਵਾਰ 7 ਮਈ ਵਾਲੇ ਦਿਨ ਸਥਾਨਕ ਆਗੂਆਂ ਅਤੇ ਸਮਰੱਥਕਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਪੇਸ਼ੇ ਵਜੋਂ ਰਜਿਸਟਰਡ ਨਰਸ ਰਿੰਮੀ ਝੱਜ ਨੇ ਆਏ ਮਹਿਮਾਨਾਂ ਅਤੇ ਸਮਰੱਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਲਈ ਕੰਮ ਕਰਨਾ ਉਸਦਾ ਬਚਪਨ ਤੋਂ ਹੀ ਸ਼ੌਕ ਰਿਹਾ ਹੈ। ਰਿੰਮੀ ਨੇ ਦੱਸਿਆ ਕਿ ਉਹ ਬਰੈਂਪਟਨ ਵਿੱਚ ਹੀ ਜੰਮੀ-ਪਲ਼ੀ ਅਤੇ ਪੜ੍ਹੀ ਹੈ ਅਤੇ ਉਸਨੇ ਜਿੱਥੇ ਇਸ ਸ਼ਹਿਰ ਨੂੰ ਪ੍ਰਫੁਲੱਤ ਹੁੰਦੇ ਵੇਖਿਆ ਹੈ ਓਥੇ ਇਸਦੀਆਂ ਘਾਟਾਂ ਬਾਰੇ ਵੀ ਪੂਰੀ ਤਰ੍ਹਾਂ ਵਾਕਿਫ਼ ਹੈ ਅਤੇ ਕੁਈਨਜ਼ ਪਾਰਕ ਵਿਖੇ ਇਸ ਪ੍ਰਤੀ ਜ਼ੋਰਦਾਰ ਆਵਾਜ਼ ਉਠਾ ਸਕਦੀ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੀ ਬਰੈਂਪਟਨ ਵੈਸਟ ਤੋਂ ਫੈਡਰਲ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨੇ ਰਿੰਮੀ ਝੱਜ ਲਈ ਸ਼ੁਭ ਕਾਮਨਾਵਾਂ ਪੇਸ਼ ਕਰਦੇ ਕਿਹਾ ਕਿ ਝੱਜ ਪਰਿਵਾਰ ਦੀ ਉਹ ਸਦਾ ਧੰਨਵਾਦੀ ਰਹੇਗੀ ਜਿਸਨੇ ਮੁੱਢ ਤੋਂ ਹੀ ਉਸਦੇ ਸਿਆਸੀ ਜੀਵਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਰਿੰਮੀ ਬਾਰੇ ਗੱਲ ਕਰਦੇ ਕਮਲ ਖਹਿਰਾ ਨੇ ਕਿਹਾ ਕਿ ਰਿੰਮੀ ਇੱਕ ਅਜਿਹੀ ਨੌਜਵਾਨ ਲੜਕੀ ਹੈ ਜੋ ਆਪਣੀ ਲਗਨ ਨਾਲ ਕਮਿਊਨਿਟੀ ਦੀਆਂ ਆਸਾਂ ਉੱਤੇ ਪੂਰਾ ਉੱਤਰੇਗੀ। ਕਮਲ ਖਹਿਰਾ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਰਿੰਮੀ ਨੇ ਕਈ ਮੁਸ਼ਕਲਾਂ ਦੇ ਬਾਵਜੂਦ ਆਪਣੀ ਸੇਵਾ ਜਾਰੀ ਰੱਖੀ ਜਿਸ ਨਾਲ ਉਸਨੂੰ ਕਮਿਊਨਿਟੀ ਦੀਆਂ ਮੁਸ਼ਕਲਾਂ ਨੂੰ ਹੋਰ ਨੇੜੇ ਤੋਂ ਵੇਖਣ ਦਾ ਅਵਸਰ ਮਿਲਿਆ। ਕਮਲ ਖਹਿਰਾ ਅਨੁਸਾਰ ਰਿੰਮੀ ਨੂੰ ਕਮਿਊਨਿਟੀ ਨਾਲ ਜੁੜੇ ਮਸਲਿਆਂ ਦੀ ਬਾਖੂਬੀ ਸਮਝ ਹੈ ਅਤੇ ਉਹ ਕਮਿਊਨਿਟੀ ਦੀ ਕੁਈਨਜ਼ ਪਾਰਕ ਵਿੱਚ ਨੁਮਾਇੰਦਗੀ ਕਰਨ ਲਈ ਪੂਰੀ ਤਰਾਂ ਤਿਆਰ ਹੈ। ਚੇਤੇ ਰਹੇ ਕਿ ਰਿੰਮੀ ਝੱਜ ਨੂੰ ਕਮਲ ਖਹਿਰਾ ਦੇ ਦਫ਼ਤਰ ਵਿੱਚ ਕੰਮ ਕਰਨ ਦਾ ਕਈ ਸਾਲ ਦਾ ਤਜੁਰਬਾ ਹੈ।
ਇਸ ਮੌਕੇ ਸਥਾਨਕ ਕਮਿਊਨਿਟੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਵੀ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ। ਸਾਬਕਾ ਮੈਂਬਰ ਪਾਰਲੀਮੈਂਟ ਕੋਲੀਨ ਬੋਮੀਏ ਕੁੱਝ ਕਾਰਨਾਂ ਕਰਕੇ ਸ਼ਾਮਲ ਨਹੀਂ ਹੋ ਸਕੇ, ਲੇਕਿਨ ਉਹਨਾਂ ਨੇ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ। ਰਿੰਮੀ ਝੱਜ ਨੇ ਉਸਦੇ ਕੰਪੇਨ ਦਫ਼ਤਰ ਵਿੱਚ ਸਹਿਯੋਗ ਦੇਣ ਜਾਂ ਵਾਲੰਟੀਅਰ ਕਰਨ ਲਈ 905-450-3555 ਜਾਂ 25 ਵੈਨ ਕਿਰਕ ਡਰਾਈਵ ਯੂਨਿਟ 15, ਬਰੈਂਪਟਨ ਵਿਖੇ ਆ ਕੇ ਸੰਪਰਕ ਕਰਨ ਲਈ ਅਪੀਲ ਕੀਤੀ ਹੈ।

 

RELATED ARTICLES
POPULAR POSTS