Breaking News
Home / ਕੈਨੇਡਾ / ਅਫ਼ਗਾਨ ਸਿੱਖ ਸ਼ਰਨਾਰਥੀਆਂ ਦੀ ਮੱਦਦ ਲਈ ‘ਪ੍ਰਾਈਵੇਟ ਸਪਾਂਸਰ ਪ੍ਰੋਗਰਾਮ’ ਧੰਨਵਾਦ ਦਾ ਪਾਤਰ : ਸੋਨੀਆ ਸਿੱਧੂ

ਅਫ਼ਗਾਨ ਸਿੱਖ ਸ਼ਰਨਾਰਥੀਆਂ ਦੀ ਮੱਦਦ ਲਈ ‘ਪ੍ਰਾਈਵੇਟ ਸਪਾਂਸਰ ਪ੍ਰੋਗਰਾਮ’ ਧੰਨਵਾਦ ਦਾ ਪਾਤਰ : ਸੋਨੀਆ ਸਿੱਧੂ

ਬਰੈਂਪਟਨ : ਅਫ਼ਗਾਨਿਸਤਾਨ ਤੋਂ ਆਉਣ ਵਾਲੇ ਅਫ਼ਗਾਨ ਸਿੱਖ ਸ਼ਰਨਾਰਥੀਆਂ ਵਿੱਚੋਂ 11 ਮੈਂਬਰਾਂ ਦੇ ਦੋ ਪਰਿਵਾਰਾਂ ਨੇ ਲੰਘੀ ਦਿਨੀਂ ਅਲਬਰਟਾ ਦੇ ਸ਼ਹਿਰ ਕੈਲੇਗਰੀ ਵਿਚ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਅੱਗੋਂ ਇਸ ਮਹੀਨੇ ਹੋਰ ਆਉਣ ਵਾਲੇ ਹੋਰ ਪਰਿਵਾਰਾਂ ਨੂੰ ‘ਜੀ ਆਇਆਂ’ ਕਹਿਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪ੍ਰਾਈਵੇਟ ਸਪਾਂਸਰਜ਼ ਸਾਹਮਣੇ ਆਏ ਹਨ। ਇਹ ਸਿੱਖ ਸ਼ਰਨਾਰਥੀ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਵਿਚ ਮੁੜ ਵਸਾਏ ਜਾ ਰਹੇ ਹਨ। ਇਸ ਪਹਿਲੇ ਗਰੁੱਪ ਦਾ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੂਸੈਨ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਕੈਲੇਗਰੀ ਹਵਾਈ ਅੱਡੇ ਦੇ ਬਾਹਰ ਸੁਆਗ਼ਤ ਕੀਤਾ ਗਿਆ।
ਇਸ ਦੇ ਬਾਰੇ ਆਪਣਾ ਪ੍ਰਤੀਕ੍ਰਮ ਦੱਸਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਨੇ ਕਿਹਾ,”ਜਦੋਂ ਵੀ ਕਿਧਰੇ ਰਫ਼ਿਊਜੀਆਂ ਨੂੰ ਮੁੜ-ਵਸਾਉਣ ਦੀ ਗੱਲ ਸਾਹਮਣੇ ਆਈ ਹੈ, ਕੈਨੇਡਾ ਨੇ ਸਾਰੀ ਦੁਨੀਆਂ ਦੇ ਦੇਸ਼ਾਂ ਅੱਗੇ ਬਹੁਤ ਵਧੀਆ ਉਦਾਹਰਣ ਪੇਸ਼ ਕੀਤੀ ਹੈ। ਕਿਸੇ ਲਈ ਵੀ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਅਤੀ-ਦੁਖਦਾਈ ਹੁੰਦਾ ਹੈ। ਇਸ ਦੇ ਨਾਲ ਹੀ ਕੈਨੇਡਾ-ਵਾਸੀ ਸਾਰੀ ਦੁਨੀਆਂ ਵਿਚ ਆ ਦੁਖੀਆਂ ਦਾ ਦਰਦ ਸਮਝਣ ਵਾਲੀ ਆਪਣੀ ਭਾਵਨਾ ਤੇ ਦਿਆਨਤਦਾਰੀ ਲਈ ਬਾਖ਼ੂਬੀ ਜਾਣੇ ਜਾਂਦੇ ਹਨ।” ਅੰਦਰੂਨੀ ਜਾਂ ਬਾਹਰੀ ਦਖ਼ਲ-ਅੰਦਾਜ਼ੀ ਨਾਲ ਲੜਾਈ-ਝਗੜਿਆਂ ਕਾਰਨ ਘਰੇਲੂ ਟਿਕਾਣਿਆਂ ਨੂੰ ਛੱਡਣ ਲਈ ਮਜਬੂਰ ਲੋਕਾਂ ਨੂੰ ਮੁੜ-ਵਸਾਉਣ ਲਈ ‘ਪ੍ਰਾਈਵੇਟ ਸਪਾਂਸਰਸ਼ਿਪ ਪ੍ਰੋਗਰਾਮ’ ਨੂੰ ਕੈਲੇਗਰੀ ਦੀ ‘ਮਨਮੀਤ ਭੁੱਲਰ ਫ਼ਾਊਂਡੇਸ਼ਨ’ ਅਤੇ ਹੋਰ ਅਜਿਹੀਆਂ ਹਮ-ਖ਼ਿਆਲ ਸੰਸਥਾਵਾਂ ਦੇ ਸਹਿਯੋਗ ਨਾਲ ਅੱਗੇ ਵਧਾਇਆ ਗਿਆ ਹੈ। ਕੈਨੇਡਾ ਸਰਕਾਰ ਨੇ ਇਸ ਫ਼ਾਊਂਡੇਸ਼ਨ ਨਾਲ ਭਾਈਵਾਲੀ ਕਰਕੇ ਕਮਿਊਨਿਟੀ ਦੇ ਸਹਿਯੋਗ ਨਾਲ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੀ ਸਹਾਇਤਾ ਕਰਨ ਦਾ ਪ੍ਰੋਗਰਾਮ ਬਣਾਇਆ ਹੈ।
ਇਹ ਸਾਲ ਪ੍ਰਾਈਵੇਟ ਤੌਰ ‘ਤੇ ਰਫਿਊਜੀਆਂ ਨੂੰ ਸਪਾਂਸਰ ਕਰਨ ਦੀ 40’ਵੀਂ ਵਰ੍ਹੇ-ਗੰਢ ਵਜੋਂ ਮਨਾਇਆ ਜਾ ਰਿਹਾ ਹੈ। ਵੀਅਤਨਾਮੀ ਬੋਟ ਰਾਹੀਂ ਕੈਨੇਡਾ ਪਹੁੰਚੇ ਲੋਕਾਂ ਦੀ ਸਹਾਇਤਾ ਕਰਨ ਤੋਂ ਲੈ ਕੇ ਸੀਰੀਆ ਦੇ 58,000 ਸ਼ਰਨਾਰਥੀਆਂ ਨੂੰ ਮੁੜ-ਵਸਾਉਣ ਤੱਕ ਜੋ ਕਿ ਵਿਸਵ-ਰਿਕਾਰਡ ਮੰਨਿਆ ਜਾਂਦਾ ਹੈ, ਕੈਨੇਡਾ ਦੀ ਬਿਪਤਾ ਦੇ ਮਾਰੇ ਲੋਕਾਂ ਦੀ ਮਦਦ ਕਰਨ ਦੀ ਨੀਤੀ ਜੱਗ-ਜਾਹਰ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …