Breaking News
Home / Special Story / ਜੱਗ ਜਾਹਰ ਹੋਵੇਗਾ ਬਹਿਬਲ ਕਲਾਂ ਦਾ ਸੱਚ

ਜੱਗ ਜਾਹਰ ਹੋਵੇਗਾ ਬਹਿਬਲ ਕਲਾਂ ਦਾ ਸੱਚ

ਕਿਸ ਦੇ ਹੁਕਮ ‘ਤੇ ਚੱਲੀ ਗੋਲੀ
ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਧਾਰਮਿਕ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਇਕ ਵਾਰ ਫਿਰ ਗਰਮਾ ਗਈ ਹੈ। 2017 ‘ਚ ਪ੍ਰਦੇਸ਼ ਦੀ ਸਿਆਸਤ ਨੂੰ ਹਿਲਾ ਕੇ ਰੱਖ ਦੇਣ ਵਾਲੇ ਮੁੱਦੇ ‘ਚ ਲੋਕਾਂ ਨੂੰ ਇਨਸਾਫ਼ ਦਾ ਇੰਤਜ਼ਾਰ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਦੇ ਫਿਰ ਤੋਂ ਗੂੰਜਣ ਲੱਗੇ ਹਨ। ਲੋਕ ਅੱਜ ਵੀ ਇਸ ਸਵਾਲ ਦਾ ਜਵਾਬ ਮੰਗਦੇ ਹਨ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਲਈ ਦੋਸ਼ੀ ਕੌਣ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਅਤੇ ਪੁਲਿਸ ਜਾਂਚ ਤੋਂ ਕਿਸ ਤਰ੍ਹਾਂ ਬਚਦੇ ਰਹੇ ਗੋਲੀ ਚਲਾਉਣ ਵਾਲੇ। ਮੁੱਖ ਮੰਤਰੀ ਚਾਲੇ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਦਾ ਦਾਅਵਾ ਕਰ ਰਹੇ ਹਨ ਪ੍ਰੰਤੂ ਸਰਕਾਰ ਬਣੀ ਨੂੰ ਦੋ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਸਥਿਤੀ ਅਜੇ ਤੱਕ ਸਾਫ਼ ਨਹੀਂ ਹੋਈ। ਕਾਂਗਰਸ ਹਾਈ ਕਮਾਂਡ ਇਨ੍ਹਾਂ ਮੁੱਦਿਆਂ ‘ਤੇ ਮਿਸ਼ਾਨ 2019 ਨੂੰ ਕਾਮਯਾਬ ਕਰਨ ਦੀ ਰਣਨੀਤੀ ਬਣਾ ਰਹੀ ਹੈ। ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਏਜੰਡੇ ਦੇ ਤਹਿਤ ਜਾਂਚ ਜਲਦੀ ਮੁਕੰਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਈ ਕੋਰਟ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਐਸਆਈਟੀ ਨੇ ਤੇਜੀ ਦਿਖਾਈ ਹੈ। ਮੋਗਾ ਦੇ ਤਤਕਾਲੀਨ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਉਲਝੇ ਹੋਏ ਮਸਲਿਆਂ ਤੋਂ ਪਰਦਾ ਉਠਣ ਦੀ ਉਮੀਦ ਹੈ।
ਵੱਡੇ ਅਧਿਕਾਰੀ ਨਿਸ਼ਾਨੇ ‘ਤੇ
ਮੋਗ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਐਸ ਆਈ ਟੀ ਅਗਲੇ ਕੁਝ ਦਿਨਾਂ ‘ਚ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ, ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਐਸ ਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਤੋਂ ਵੀ ਪੁੱਛਗਿੱਛ ਕਰੇਗੀ। ਹਾਈ ਕੋਰਟ ਦੇ ਫੈਸਲੇ ਅਨੁਸਾਰ ਸਾਬਕਾ ਡੀਜੀਪੀ ਸੈਣੀ ਨੂੰ ਗ੍ਰਿਫ਼ਤਾਰ ਕਰਨ, ਪੁੱਛਗਿੱਛ ਕਰਨ ਅਤੇ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਨ ਤੋਂ ਪਹਿਲਾਂ ਐਸ ਆਈ ਟੀ ਨੂੰ ਇਕ ਹਫ਼ਤੇ ਦਾ ਨੋਟਿਸ ਦੇਣਾ ਪਵੇਗਾ। ਸੈਣੀ ਨੇ ਹਾਈ ਕੋਰਟ ‘ਚ ਅਪੀਲ ਦਾਇਰ ਕਰਕੇ ਅਸ਼ੰਕਾ ਜਤਾਈ ਸੀ ਕਿ ਉਨ੍ਹਾਂ ਦੇ ਖਿਲਾਫ਼ ਦੁਸ਼ਮਣੀ ਕੱਢਣ ਦੇ ਲਈ ਕੈਪਟਨ ਸਰਕਾਰ ਵੱਲੋਂ ਝੂਠਾ ਕੇਸ ਦਰਜ ਕਰ ਸਕਦੀ ਹੈ। ਸੂਤਰਾਂ ਅਨੁਸਾਰ ਐਸ ਆਈ ਟੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੋਂ ਇਲਾਵਾ ਡੇਰਾ ਪ੍ਰਮੱਖ ਗੁਰਮੀਤ ਰਾਹ ਰਹੀਮ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਡੇਰਾਮੁਖੀ ਰਾਮ ਰਹੀ ਨਾਲ ਬੇਅਦਬੀ ਦੇ ਮਾਮਲੇ ਤੋਂ ਲੈ ਕੇ ਉਸ ਦੀ ਫਿਲਮ ‘ਐਮ ਐਸ ਜੀ’ ਨੂੰ ਪੰਜਾਬ ‘ਚ ਰਿਲੀਜ਼ ਕਰਨ ਦੇ ਲਈ ਅਭਿਨੇਤਾ ਅਕਸ਼ੈ ਕੁਮਾਰ ਦੇ ਨਾਲ ਹੋਈ ਕਥਿਤ ਮੀਟਿੰਗ ਦੇ ਬਾਰੇ ‘ਚ ਪੁੱਛਗਿੱਛ ਕੀਤੀ ਜਾਵੇਗੀ। ਡੇਰਾਮੁਖੀ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਅਕਸ਼ੈ ਕੁਮਾਰ ਅਤੇ ਤਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਮੁੰਬਈ ‘ਚ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਜਾਂ ਨਹੀਂ।
ਚਾਰ ਮਾਮਲਿਆਂ ਦੀ ਜਾਂਚ ਕਰ ਰਹੀ ਐਸ ਆਈ ਟੀ
ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲਿਆਂ ਦੀ ਜਾਂਚ ਦੇ ਲਈ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ। ਉਸ ਦੀ ਰਿਪੋਰਟ ਦੇ ਅਧਾਰ ‘ਤੇ ਬਣੀ ਐਸ ਆਈ ਟੀ ਦਾਅਵਾ ਕਰ ਰਹੀ ਹੈ ਕਿ 80 ਫੀਸਦੀ ਜਾਂਚ ਪੂਰੀ ਹੋ ਚੁੱਕੀ ਹੈ। ਐਸ ਆਈ ਟੀ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸ਼ਾਂਤੀਪੂਰਨ ਤਰੀਕੇ ਨਾਲ ਧਰਨਾ ਦੇ ਰਹੇ ਸਿੱਖ ਸ਼ਰਧਾਲੂਆਂ ‘ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤੇ ਅਤੇ ਕਿਹੜੇ ਪੁਲਿਸ ਕਰਮਚਾਰੀਆਂ ਨੇ ਗੋਲੀ ਚਲਾਈ। ਐਸ ਆਈ ਟੀ ਨੂੰ 4 ਮਾਮਲਿਆਂ ਦੀ ਜਾਂਚ ਸੌਂਪੀ ਗਈ ਸੀ। ਜਿਸ ‘ਚ ਕੋਟਕਪੂਰਾ ‘ਚ ਹੋਈ ਫਾਈਰਿੰਗ, ਬਹਿਬਲ ਕਲਾਂ ਗੋਲੀ ਕਾਂਡ, ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ਼ ਦਰਜ ਹੋਈ ਐਫ ਆਈ ਆਰ ਤੇ ਪੁਲਿਸ ਵੱਲੋਂ ਅਣਪਛਾਤੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਦਰਜ ਕਰਵਾਇਆ ਗਿਆ ਮਾਮਲਾ।
ਕੇਸ ਦਰਜ ਕਰਨ ਦੀ ਮੰਗ ਕਰ ਰਹੇ ਨੇ ਕਾਂਗਰਸੀ
ਸਾਬਕਾ ਡੀਜੀਪੀ ਸੁਮੇਧ ਸਿਘ ਸੈਣੀ, ਆਈਜੀ ਪਰਮਰਾਜ ਉਮਰਾਨੰਗਲ, ਐਸਪੀ ਬਿਕਰਮਜੀਤ ਸਿੰਘ ਤਤਕਾਲੀਨ ਐਸ ਐਚ ਓ ਬਾਜਾਖਾਨਾ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਐਸ ਆਈ ਟੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਆਧਾਰ ਬਣਾ ਕੇ ਮਾਮਲਾ ਦਰਜ ਕਰ ਸਕਦੀ ਹੈ। ਸੁਖਬੀਰ ਸਿੰਘ ਬਾਦਲ ਅਤੇ ਡੀਜੀਪੀ ਸੈਣੀ ਦੇ ਖਿਲਾਫ ਕੇਸ ਦਰਜ ਕਰਨ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਕਾਂਗਰਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਦਲ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਲਗਾਤਾਰ ਦਬਾਅ ਬਣਾ ਰਹੇ ਹਨ। ਹਾਲਾਂਕਿ ਕੈਪਟਨ ਐਸਆਈਟੀ ਨੂੰ ਅਜ਼ਾਦ ਤਰੀਕੇ ਨਾਲ ਕੰਮ ਕਰਨ ਦੇ ਹੱਕ ‘ਚ ਗੱਲ ਕਰ ਰਹੇ ਹਨ।
ਕਈ ਆਗੂ ਅਤੇ ਟਰਾਂਸਪੋਰਟ ਕੰਪਨੀਆਂ ਦੇ ਮੈਨੇਜਰ ਵੀ ਸ਼ੱਕ ਦੇ ਘੇਰੇ ‘ਚ
ਹਾਈ ਪ੍ਰੋਫਾਈਲ ਲੋਕਾਂ ਤੋਂ ਇਲਾਵਾ ਐਸ ਆਈ ਟੀ ਨੂੰ ਜਾਂਚ ‘ਚ ਫਰੀਦਕੋਟ, ਕੋਟਕਪੂਰਾ ਅਤੇ ਮੋਗਾ ਨਾਲ ਸਬੰਧ ਕੁੱਝ ਅਕਾਲੀ ਆਗੂਆਂ ਦੀ ਭੂਮਿਕਾ ਨੂੰ ਲੈ ਕੇ ਸਬੂਤ ਮਿਲੇ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਟਕਪੂਰਾ ਫਾਈਰਿੰਗ, ਬਹਿਬਲ ਕਲਾਂ ਗੋਲੀ ਕਾਂਗ ‘ਚ ਫਰੀਦਕੋਟ ਦੇ ਇਕ ਨੌਜਵਾਨ ਅਕਾਲੀ ਆਗੂ ਅਤੇ ਇਕ ਚਰਚਿਤ ਟਰਾਂਸਪੋਰਟ ਕੰਪਨੀ ਦੇ ਮੈਨੇਜਰ ਦਾ ਨਾਮ ਵੀ ਕਥਿਤ ਤੌਰ ‘ਤੇ ਸਾਹਮਣੇ ਆਇਆ ਹੈ। ਜਦੋਂ ਕੋਟਕਪੂਰਾ ਚੌਕ ਅਤੇ ਬਹਿਬਲ ਕਲਾਂ ‘ਚ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਫਰੀਦਕੋਟ, ਕੋਟਕਪੂਰਾ, ਮੋਗਾ, ਲੁਧਿਆਣਾ ਮਾਰਗ ‘ਤੇ ਪ੍ਰਦਰਸ਼ਨਕਾਰੀ ਧਰਨਾ ਦੇ ਰਹੇ ਸਨ ਤਾਂ ਉਕਤ ਟਰਾਂਸਪੋਰਟ ਕੰਪਨੀ ਦੇ ਮੈਨੇਜਰ ਨੇ ਪੁਲਿਸ ਅਫ਼ਸਰਾਂ ‘ਤੇ ਸੜਕਾਂ ਖਾਲੀ ਕਰਵਾਉਣ ਦੇ ਲਈ ਦਬਾਅ ਪਾਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਖਿਲਾਫ਼ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀ ਚਲਾਉਣ ਤੋਂ ਬਾਅਦ ਦੋ ਸਿੱਖ ਨੌਜਵਾਨਾਂ ਦੀ ਮੌਤ ਦੇ ਮਾਮਲੇ ‘ਚ ਐਸ ਆਈ ਟੀ ਨੇ ਮੋਗਾ ਦੇ ਤਤਕਾਲੀਨ ਐਸ ਐਸ ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਇਕ ਵਾਰ ਫਿਰ ਚਰਚਾ ‘ਚ ਆ ਗਏ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਣੀ ਐਸ ਆਈ ਟੀ ਦੇ ਖਿਲਾਫ਼ ਚਰਨਜੀਤ ਸ਼ਰਮਾ ਅਤੇ ਕਈ ਪੁਲਿਸ ਅਧਿਕਾਰੀ ਗ੍ਰਿਫ਼ਤਾਰੀ ਤੋਂ ਬਚਣ ਦੇ ਲਈ ਹਾਈ ਕੋਰਟ ਚਲੇ ਗਏ ਸਨ। 5 ਸਤੰਬਰ 2018 ਨੂੰ ਹਾਈ ਕੋਰਟ ਨੇ ਚਰਨਜੀਤ ਸ਼ਰਮਾ ਦੇ ਖਿਲਾਫ਼ ਜਾਂਚ ਰੋਕ ਦਿੱਤੀ ਸੀ ਪ੍ਰੰਤੂ 25 ਜਨਵਰੀ ਨੂੰ ਹਾਈ ਕੋਰਟ ਦੇ ਹੁਕਮ ਦੇ ਨਾਲ ਐਸ ਆਈ ਟੀ ਨੂੰ ਹਰੀ ਝੰਡੀ ਮਿਲ ਗਈ ਸੀ।
ਡੇਰੇ ਦੀ ਭੂਮਿਕਾ ਜਾਂਚ ਦੇ ਦਾਇਰੇ ‘ਚ
ਬੇਅਦਬੀ ਮਾਮਲਿਆਂ ‘ਚ ਅਕਾਲੀ-ਭਾਜਪਾ ਸਰਕਾਰ ਸਮੇਂ ਆਈ ਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ‘ਚ ਬਣੀ ਐਸ ਆਈ ਟੀ ਨੇ ਜਾਂਚ ਪੂਰੀ ਕੀਤੀ ਸੀ। ਹੁਣ ਨਵੀਂ ਐਸ ਆਈ ਟੀ ਨੇ ਦੋਸ਼ੀਆਂ ਦੀ ਭਾਲ ਤੇਜ ਕਰ ਦਿੱਤੀ ਹੈ। ਰਾਮ ਰਹੀਮ ਦੇ ਮਹਾਂਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਦੇ ਡੇਰਿਆਂ ‘ਤੇ ਛਾਪੇਮਾਰੀ ਦੇ ਲਈ ਟੀਮਾਂ ਬਣਾ ਕੇ ਭੇਜੀਆਂ ਗਈਆਂ ਹਨ। ਬੇਅਦਬੀ ਦੇ ਮਾਮਲੇ ‘ਚ ਡੇਰਾ ਸੱਚਾ ਸੌਦਾ ਦੇ ਲੋਕਾਂ ਦਾ ਹੱਥ ਸਾਹਮਣੇ ਆਇਆ ਹੈ। ਬੁਰਜ ਜਵਾਹਰ ਸਿਘੰ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲਿਆਂ ‘ਚ ਸਾਫ਼ ਤੌਰ ‘ਤੇ ਖਟੜਾ ਵਾਲੀ ਐਸ ਆਈ ਟੀ ਨੇ ਅਹਿਮ ਤੱਥ ਸਾਹਮਣੇ ਲਿਆਂਦੇ ਹਨ। ਮਾਮਲਿਆਂ ‘ਚ ਰਸੂਖਦਾਰ ਡੇਰੇ ਦੇ ਖਿਲਾਫ਼ ਕਾਰਵਾਈ ਕਰਨ ਤੋਂ ਕੇਂਦਰੀ ਜਾਂਚ ਏਜੰਸੀਆਂ ਕਾਰਵਾਈ ਤੋਂ ਕਤਰਾ ਰਹੀਆਂ ਸਨ। ਸੀਬੀਆਈ ਵੱਲੋਂ ਅਜੇ ਤੱਕ ਮੋਹਾਲੀ ਅਦਾਲਤ ‘ਚ ਬੇਅਦਬੀ ਦੇ ਮੁਲਾਜ਼ਮਾਂ ‘ਤੇ ਐਫ ਆਈ ਆਰ ਦਰਜ ਨਾ ਕਰਨ ਦਾ ਵੀ ਸ਼ੱਕ ਦੇ ਘੇਰੇ ‘ਚ ਹੈ।
ਕਦੋਂ ਕੀ ਹੋਇਆ
12 ਅਕਤੂਬਰ 2015 : ਫਰੀਦਕੋਟ ਦੇ ਕੋਟਕਪੂਰਾ ‘ਚ ਬਰਗਾੜੀ ਪਿੰਡ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ ਫਾੜ ਕੇ ਗਲੀਆਂ ‘ਚ ਸੁੱਟ ਦਿੱਤੇ ਗਏ। ਵਿਰੋਧ ‘ਚ ਸਿੱਖ ਸੰਗਤਾਂ ਨੇ ਪ੍ਰਦਰਸ਼ਨ ਕੀਤਾ।
14 ਅਕਤੂਬਰ 2015 : ਬਰਗਾਣੀ ਦੀ ਘਟਨਾ ਤੋਂ ਬਾਅਦ ਕੋਟਕਪੂਰਾ ਦੇ ਬਹਿਬਲ ਕਲਾਂ ‘ਚ ਪੁਲਿਸ ਤਾਇਨਾਤ ਕਰ ਦਿੱਤੀ ਗਈ, ਜਿਸ ‘ਚ ਪੁਲਿਸ ਅਤੇ ਸਿੱਖ ਪ੍ਰਦਰਸ਼ਨਕਾਰੀਆਂ ‘ਚ ਝੜਪ ਹੋਈ ਗਈ। ਪੁਲਿਸ ਨੇ ਫਾਈਰਿੰਗ ਕੀਤੀ ਅਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਕਈ ਵਿਅਕਤੀ ਜ਼ਖਮੀ ਵੀ ਹੋ ਗਏ।
15 ਅਕਤੂਬਰ 2015 : ਸਿੱਖ ਸ਼ਰਧਾਲੂਆਂ ‘ਤੇ ਕੇਸ ਦਰਜ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਜਾਂਚ ਕਮਿਸ਼ਨ ਬਣਾਇਆ, ਜਿਸ ਦੀ ਰਿਪੋਰਟ ਜਨਤਕ ਨਹੀਂ ਹੋਈ। ਬੇਅਦਬੀ ਦੀ ਸੂਚਨਾ ਦੇਣ ਦੇ ਲਈ ਇਕ ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ। ਭਾਈ ਪੰਥਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ‘ਤੇ ਕੇਸ ਦਰਜ ਕੀਤਾ ਗਿਆ।
16 ਅਕਤੂਬਰ 2015 : ਕੋਟਕਪੂਰਾ ਦੀ ਘਟਨਾ ਤੋਂ ਬਾਅਦ ਸਿੱਖ ਸੰਗਠਨਾ ਨੇ ਪੰਜਾਬ ਬੰਦ ਦਾ ਐਲਾਨ ਕੀਤਾ। ਐਸਐਸਪੀ ਚਰਨਜੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ। ਸਿੱਖ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ।
14 ਅਪ੍ਰੈਲ 2017 : ਸੱਤਾ ਤਬਦੀਲੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਦੇ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ।
30 ਜੂਨ 2018 : ਜਸਟਿਸ ਰਣਜੀਤ ਸਿੰਘ ਨੇ ਕਮਿਸ਼ਨ ਦੀ ਰਿਪੋਰਟ ਸਰਕਾਰ ਨੂੰ ਸੌਂਪੀ। ਸਰਕਾਰ ਨੇ ਇਹ ਰਿਪੋਰਟ ਸਦਨ ‘ਚ ਪੇਸ਼ ਕੀਤੀ।
28 ਜਨਵਰੀ 2019 : ਬਹਿਬਲ ਕਲਾਂ ਮਾਮਲੇ ‘ਚ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੇ ਰੂਪ ‘ਚ ਪਹਿਲੀ ਗ੍ਰਿਫ਼ਤਾਰੀ।

Check Also

ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਲੁਧਿਆਣਾ ਦਾ ਏਕਮਪ੍ਰੀਤ ਸਿੰਘ ਬਾਰ੍ਹਵੀਂ ਅਤੇ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਅੱਠਵੀਂ ‘ਚ ਸੂਬੇ …