ਐਬਟਸਫੋਰਡ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪ੍ਰਿੰਸਟਨ ਤੋਂ 6 ਕਿਲੋਮੀਟਰ ਦੂਰ ਹਾਈਵੇ ਨੰ.-3 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਫਿਰੋਜ਼ਪੁਰ (ਪੰਜਾਬ) ਦੇ 22 ਸਾਲਾ ਨੌਜਵਾਨ ਰਾਜਨਬੀਰ ਸਿੰਘ ਗਿੱਲ ਸਮੇਤ ਤਿੰਨ ਟਰੱਕ ਡਰਾਈਵਰਾਂ ਦੀ ਮੌਤ ਹੋ ਗਈ, ਜਦਕਿ ਇਕ ਡਰਾਇਵਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸੜਕ ‘ਤੇ ਬਰਫ਼ ਜੰਮੀ ਹੋਣ ਕਾਰਨ ਇਕ ਟਰੱਕ ਅਚਾਨਕ ਬੇਕਾਬੂ ਹੋ ਕੇ ਖਾਈ ਵਿਚ ਜਾ ਡਿੱਗਿਆ ਅਤੇ ਪਿੱਛੋਂ ਆ ਰਹੇ ਦੋ ਹੋਰ ਟਰੱਕ ਉਸ ਨਾਲ ਟਕਰਾ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕਾਂ ਨੂੰ ਅੱਗ ਵੀ ਲੱਗ ਗਈ।
ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ ਰਾਜਨਬੀਰ ਸਿੰਘ ਨੂੰ ਪ੍ਰਿੰਸਟਨ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਫਿਰੋਜ਼ਪੁਰ ਨਾਲ ਸੰਬੰਧਿਤ ਰਾਜਨਬੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਦਸੰਬਰ, 2018 ਵਿਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਪਹੁੰਚਿਆ ਸੀ ਅਤੇ ਹੁਣ ਉਹ ਵਰਕ ਪਰਮਿਟ ‘ਤੇ ਟਰੱਕ ਡਰਾਈਵਰ ਸੀ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।