15.2 C
Toronto
Monday, September 15, 2025
spot_img
Homeਪੰਜਾਬ125 ਸਾਧਵੀਆਂ ਡੇਰੇ 'ਚੋਂ ਵਾਪਸ ਘਰਾਂ ਨੂੰ ਗਈਆਂ

125 ਸਾਧਵੀਆਂ ਡੇਰੇ ‘ਚੋਂ ਵਾਪਸ ਘਰਾਂ ਨੂੰ ਗਈਆਂ

ਸਾਧਵੀਆਂ ਨੂੰ ਮੋਬਾਇਲ ਫੋਨ ਵਰਤਣ ਦੀ ਨਹੀਂ ਸੀ ਆਗਿਆ
ਲੰਬੀ/ਬਿਊਰੋ ਨਿਊਜ਼
ਡੇਰਾ ਮੁਖੀ ਨੂੰ ਸਜ਼ਾ ਹੋਣ ਤੋਂ ਬਾਅਦ ਡੇਰਾ ਸਿਰਸਾ ਵੱਲੋਂ 125 ‘ਸਤਿ ਬ੍ਰਹਮਚਾਰੀ’ ਸਾਧਵੀਆਂ ਵਾਪਸ ਘਰਾਂ ਨੂੰ ਭੇਜ ਦਿੱਤੀਆਂ ਗਈਆਂ ਹਨ। ਡੇਰਾ ਪ੍ਰਬੰਧਕਾਂ ਨੇ ਇਹ ਕਦਮ ਫ਼ੌਜ ਅਤੇ ਪੁਲਿਸ ਦੀ ਡੇਰੇ ਵਿੱਚ ਸੰਭਾਵੀ ਤਲਾਸ਼ੀ ਦੇ ਮੱਦੇਨਜ਼ਰ ਚੁੱਕਿਆ ਹੈ। ਇਸ ਦੌਰਾਨ ਲੰਬੀ ਨੇੜਲੇ ਇੱਕ ਪਿੰਡ ਦੀਆਂ ਦੋ ਸਕੀਆਂ ਭੈਣਾਂ ਡੇਰੇ ਤੋਂ ਪਰਤ ਆਈਆਂ ਹਨ। ਇਹ ਦੋਵੇਂ ਭੈਣਾਂ ਪਿਛਲੇ 25-30 ਸਾਲਾਂ ਤੋਂ ਡੇਰੇ ਵਿੱਚ ਰਹਿ ਰਹੀਆਂ ਸਨ। ਇਨ੍ਹਾਂ ਵਿੱਚੋਂ ਵੱਡੀ ਦੀ ਉਮਰ 43 ਸਾਲ ਅਤੇ ਛੋਟੀ ਦੀ ਉਮਰ 35 ਸਾਲ ਹੈ।
ਡੇਰੇ ਵਿੱਚ ਮੌਜੂਦਾ ਹਾਲਾਤ ਦੇ ਬਾਵਜੂਦ ਸਾਧਵੀਆਂ ਦੇ ਪਰਿਵਾਰ ਦਾ ਡੇਰੇ ਵਿੱਚ ਵਿਸ਼ਵਾਸ ਬਰਕਰਾਰ ਹੈ। ਪਰਿਵਾਰ ਅਨੁਸਾਰ ਡੇਰੇ ਨੇ ਸਾਧਵੀਆਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਆਰਜ਼ੀ ਤੌਰ ‘ਤੇ ਘਰਾਂ ਨੂੰ ਭੇਜਿਆ ਹੈ। ਪਰਿਵਾਰ ਨੇ ਦੋਵੇਂ ਲੜਕੀਆਂ ਨੂੰ ਪੱਤਰਕਾਰਾਂ ਸਾਹਮਣੇ ਲਿਆਉਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਸਾਧਵੀਆਂ ਦੇ ਭਰਾ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਨੂੰ ਡੇਰੇ ਵਿੱਚ ਰਹਿੰਦਿਆਂ ਕਰੀਬ 30 ਅਤੇ ਛੋਟੀ ਭੈਣ ਨੂੰ ਕਰੀਬ 25 ਸਾਲ ਹੋ ਗਏ ਹਨ। ਦੋਵੇਂ 123 ਹੋਰ ਸਾਧਵੀਆਂ ਨਾਲ ਰਹਿੰਦੀਆਂ ਸਨ। ਉਨ੍ਹਾਂ ਨੂੰ ਵੱਖਰਾ ਆਸ਼ਰਮ ਮਿਲਿਆ ਹੋਇਆ ਸੀ ਤੇ ਉਥੋਂ ਤੱਕ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਸੀ। ਕਿਸੇ ਸਾਧਵੀ ਨੂੰ ਮੋਬਾਈਲ ਫੋਨ ਵਰਤਣ ਦੀ ਇਜਾਜ਼ਤ ਨਹੀਂ ਸੀ। ਮਾਪੇ/ਪਰਿਵਾਰ ਵੀ ਡੇਰੇ ਦੇ ਰਿਕਾਰਡ ਵਿੱਚ ਦਰਜ ਮੋਬਾਈਲ ਨੰਬਰ ਤੋਂ ਹੀ ਕਾਲ ਕਰ ਸਕਦੇ ਸਨ। ਗੱਲਬਾਤ ਲਈ ਡੇਰੇ ਦੇ ਅਹੁਦੇਦਾਰਾਂ ਨੂੰ ਪਹਿਲਾਂ ਫੋਨ ‘ਤੇ ਸਾਰੀ ਜਾਣਕਾਰੀ ਦੇਣੀ ਹੁੰਦੀ ਸੀ। ਜੇਕਰ ਉਥੋਂ ਮਨਜ਼ੂਰੀ ਹੁੰਦੀ ਤਾਂ ਹੀ ਕਾਲ ਅੱਗੇ ਸਾਧਵੀਆਂ ਦੇ ਆਸ਼ਰਮ ਵਿੱਚ ਫਾਰਵਰਡ ਕੀਤੀ ਜਾਂਦੀ ਸੀ। ਇਹੋ ਪ੍ਰਕਿਰਿਆ ਉਨ੍ਹਾਂ ਦੇ ਪਰਿਵਾਰ ਵਿੱਚ ਬਿਮਾਰੀ ਜਾਂ ਮੌਤ ਦੇ ਹਾਲਾਤ ਸਮੇਂ ਵੀ ਲਾਗੂ ਰਹਿੰਦੀ ਸੀ। ਇਸ ਤੋਂ ਪਹਿਲਾਂ ਫੋਨ ਦੀ ਸਹੂਲਤ ਵੀ ਨਹੀਂ ਸੀ ਤੇ ਜ਼ਰੂਰੀ ਸੂਚਨਾ ਦੇਣ ਲਈ ਮਾਪਿਆਂ ਨੂੰ ਡੇਰਾ ਸਿਰਸਾ ਖ਼ੁਦ ਜਾਣਾ ਪੈਂਦਾ ਸੀ। ਸਾਧਵੀਆਂ ਨੂੰ ਸਤਿਸੰਗ ਦੌਰਾਨ ਪੰਡਾਲ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ ਤੇ ਉਹ ਆਪਣੇ ਵੱਖਰੇ ਆਸ਼ਰਮ ਵਿੱਚ ਆਪਣੀਆਂ ਡਿਊਟੀਆਂ ਮੁਤਾਬਕ ਸੇਵਾ ਕਰਦੀਆਂ ਹਨ।
ਉਨ੍ਹਾਂ ਦੀ ਪੋਸ਼ਾਕ ਇੱਕੋ ਜਿਹੀ ਹੁੰਦੀ ਸੀ। ਸਾਧਵੀਆਂ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦਾ ਅੱਜ ਵੀ ਡੇਰੇ ‘ਤੇ ਵਿਸ਼ਵਾਸ ਬਰਕਰਾਰ ਹੈ ਤੇ ਮਾਹੌਲ ਸੁਵਾਵਾਂ ਹੋਣ ‘ਤੇ ਉਹ ਦੋਵੇਂ ਧੀਆਂ ਨੂੰ ਮੁੜ ਡੇਰੇ ਵਿੱਚ ਭੇਜ ਦੇਣਗੇ।

RELATED ARTICLES
POPULAR POSTS