Breaking News
Home / ਦੁਨੀਆ / ‘ਦੇਸ਼ ਭਗਤ ਯਾਦਗਾਰ ਕਮੇਟੀ’ ਅਤੇ ‘ਨਵਾਂ ਜ਼ਮਾਨਾ’ ਜਲੰਧਰ ਨਾਲ ਜੁੜੇ ਕਾਮਰੇਡ ਗੁਰਮੀਤ ਨਾਲ ‘ਪੰਜਾਬੀ ਸੱਭਿਆਚਾਰ ਮੰਚ’ ਵੱਲੋਂ ਰੂ-ਬ-ਰੂ ਰਚਾਇਆ ਗਿਆ

‘ਦੇਸ਼ ਭਗਤ ਯਾਦਗਾਰ ਕਮੇਟੀ’ ਅਤੇ ‘ਨਵਾਂ ਜ਼ਮਾਨਾ’ ਜਲੰਧਰ ਨਾਲ ਜੁੜੇ ਕਾਮਰੇਡ ਗੁਰਮੀਤ ਨਾਲ ‘ਪੰਜਾਬੀ ਸੱਭਿਆਚਾਰ ਮੰਚ’ ਵੱਲੋਂ ਰੂ-ਬ-ਰੂ ਰਚਾਇਆ ਗਿਆ

logo-2-1-300x105-3-300x105ਬਰੈਂਪਟਨ: (ਡਾ. ਸੁਖਦੇਵ ਸਿੰਘ ਝੰਡ) ਸ਼ੁੱਕਰਵਾਰ 5 ਅਗਸਤ ਨੂੰ ‘ਪੰਜਾਬੀ ਸੱਭਿਆਚਾਰ ਮੰਚ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ‘ਨਵਾਂ ਜ਼ਮਾਨਾ’ ਜਲੰਧਰ ਨਾਲ ਪਿਛਲੇ ਲੰਮੇਂ ਸਮੇਂ ਤੋਂ ਜੁੜੇ ਰਹੇ ਕਾਮਰੇਡ ਗੁਰਮੀਤ ਨਾਲ ਇੱਕ ਸਫ਼ਲ ਰੂ-ਬ-ਰੂ ਐੱਮ. ਪੀ.ਪੀ. ਜਗਮੀਤ ਸਿੰਘ ਦੇ 470 ਕਰਾਈਸਲਰ ਰੋਡ ਸਥਿਤ ਦਫ਼ਤਰ ਵਿੱਚ ਰਚਾਇਆ ਗਿਆ ਜਿਸ ਵਿੱਚ ਹਫ਼ਤੇ ਦੇ ਰੁਝੇਵੇਂ ਭਰੇ ਦਿਨ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਕਾਮਰੇਡ ਗੁਰਮੀਤ ਦੇ ਨਾਲ ‘ਨਵਾਂ ਜ਼ਮਾਨਾ’ ਦੇ ਸਾਬਕਾ ਸਹਿ-ਸੰਪਾਦਕ ਸੁਰਜਣ ਸਿੰਘ ਜ਼ੀਰਵੀ, ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਸਕੱਤਰ ਕਾਮਰੇਡ ਸੁਖਦੇਵ ਧਾਲੀਵਾਲ ਅਤੇ ਸਰਬਜੀਤ ਕਾਹਲੋਂ ਸੁਸ਼ੋਭਿਤ ਸਨ।
ਸਮਾਗ਼ਮ ਦੇ ਆਰੰਭ ਵਿੱਚ ਬਲਦੇਵ ਸਿੰਘ ਸਹਿਦੇਵ ਤੇ ਪ੍ਰੋ.ਜਗੀਰ ਸਿੰਘ ਕਾਹਲੋਂ ਵੱਲੋਂ ਕਾਮਰੇਡ ਗੁਰਮੀਤ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਵਿਦਿਆਰਥੀ-ਜੀਵਨ ਸਮੇਂ ਪ੍ਰੀ-ਮੈਡੀਕਲ ਦੀ ਪੜ੍ਹਾਈ ਦੌਰਾਨ ਹੀ ਖੱਬੇ-ਪੱਖੀ ਵਿਚਾਰਧਾਰਾ ਨਾਲ ਪ੍ਰਨਾਏ ਜਾਣ ਅਤੇ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ, ਫਿਰ ਸੀ.ਪੀ.ਆਈ. ਦੇ ‘ਹੋਲ-ਟਾਈਮ ਵਰਕਰ’ ਹੋਣ ਦੇ ਬਾਵਜੂਦ ਵੀ ਪਾਰਟੀ ਕੋਲੋਂ ਕਿਸੇ ਕਿਸਮ ਦਾ ਕੋਈ ‘ਮਿਹਨਤਾਨਾ’ ਨਾ ਲੈਣ, ਦੇਸ਼ ਭਗਤ ਯਾਦਗਾਰ ਕਮੇਟੀ ਵਿੱਚ ਪਾਏ ਗਏ ਉੱਘੇ ਯੋਗਦਾਨ ਅਤੇ ‘ਨਵਾਂ ਜ਼ਮਾਨਾ’ ਅਖ਼ਬਾਰ ਵਿੱਚ ਨਿਭਾਈ ਗਈ ਤੇ ਹੁਣ ਇਸ ਵੇਲੇ ਵੀ ਨਿਭਾਈ ਜਾ ਰਹੀ ਅਹਿਮ-ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੁਰਜਣ ਜ਼ੀਰਵੀ, ਜਰਨੈਲ ਸਿੰਘ ਅੱਚਰਵਾਲ, ਪ੍ਰਿੰਸੀਪਲ ਸਰਵਣ ਸਿੰਘ ਤੇ ਪੂਰਨ ਸਿੰਘ ਪਾਂਧੀ ਨੇ ਕਾਮਰੇਡ ਗੁਰਮੀਤ ਦੇ ਜੀਵਨ ਅਤੇ ਘਾਲਣਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਸਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਕਾਮਰੇਡ ਗੁਰਮੀਤ ਨੇ ਦੱਸਿਆ ਕਿ ਉਹ ਲਾਇਲਪੁਰ ਖਾਲਸਾ ਕਾਲਜ ਵਿੱਚ ਪ੍ਰੀ-ਮੈਡੀਕਲ ਵਿੱਚ ਪੜ੍ਹਦਿਆਂ ਸ਼ਾਮ ਨੂੰ ਚਾਰ ਕੁ ਵਜੇ ਵਿਹਲੇ ਹੋਣ ਤੋਂ ਬਾਅਦ ‘ਨਵਾਂ ਜ਼ਮਾਨਾ’ ਦੇ ਦਫ਼ਤਰ ਵਿੱਚ ਆ ਜਾਂਦੇ ਸਨ ਅਤੇ ਇਸ ਦੇ ਸੰਪਾਦਕ ਕਾਮਰੇਡ ਜਗਜੀਤ ਸਿੰਘ ਅਨੰਦ ਨਾਲ ਗੱਲਾਂ-ਬਾਤਾਂ ਕਰਦਿਆਂ ਉਨ੍ਹਾਂ ਵੱਲੋਂ ਦੱਸੇ ਹੋਏ ਛੋਟੇ-ਮੋਟੇ ਕੰਮ ਕਰਦੇ ਰਹਿੰਦੇ ਸਨ। ਉਹ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਇਸ  ਦੌਰਾਨ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਿਆ। ਹੌਲੀ-ਹੌਲੀ ਉਹ ਸੀ. ਪੀ. ਆਈ.ਨਾਲ ਪੱਕੇ ਤੌਰ ‘ਤੇ ਜੁੜ ਗਏ ਅਤੇ ਬੀ.ਐੱਸ.ਸੀ. ਮੈਡੀਕਲ ਦੀ ਪੜ੍ਹਾਈ ਕਰਦਿਆਂ ਇਸ ਦੇ ‘ਹੋਲ ਟਾਈਮ ਵਰਕਰ’ ਬਣ ਗਏ।
ਉਨ੍ਹਾਂ ਕਿਹਾ ਕਿ 1991 ਵਿੱਚ ਦੇਸ਼ ਭਗਤ ਯਾਦਗਾਰ ਹਾਲ ਬਨਾਉਣ ਵਾਲੀ ਕਮੇਟੀ ਵਿੱਚ ਉਨ੍ਹਾਂ ਨੂੰ ਕਨਵੀਨਰ ਦੀ ਅਹਿਮ-ਜਿੰਮੇਵਾਰੀ ਦਿੱਤੀ ਗਈ ਜੋ ਉਨ੍ਹਾਂ ਨੇ ਝਕਦਿਆਂ-ਝਕਦਿਆਂ ਸੰਭਾਲੀ ਪਰ ਪੂਰੀ ਮਿਹਨਤ ਤੇ ਲਗਨ ਨਾਲ ਇਸ ਨੂੰ ਨਿਭਾਇਆ। ਇਸ ਕਮੇਟੀ ਨੇ 1992 ਵਿੱਚ ‘ਦੇਸ਼ ਭਗਤ ਯਾਦਗਾਰ ਹਾਲ’ ਵਿੱਚ ਪਹਿਲੀ ਵਾਰ ‘ਗ਼ਦਰੀ ਬਾਬਿਆਂ ਦਾ ਮੇਲਾ’ ਲਗਾਇਆ ਜੋ ਕਿ ਬਹੁਤ ਹੀ ਕਾਮਯਾਬ ਰਿਹਾ ਅਤੇ ਉਸ ਤੋਂ ਬਾਅਦ ਇਹ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਣ ਲੱਗਾ। ਉਨ੍ਹਾਂ ਦੱਸਿਆ ਕਿ ਕਿਵੇਂ ਇਸ ਕਮੇਟੀ ਦੇ ਸੰਵਿਧਾਨ ਅਨੁਸਾਰ ਵੱਖ-ਵੱਖ ਵਿਚਾਰਧਾਰਾ ਦੇ ਮੈਂਬਰ ਹੋਣ ਦੇ ਬਾਵਜੂਦ ਇਸ ਦੀਆਂ ਮੀਟਿੰਗਾਂ ਵਿੱਚ ਸਾਰੇ ਫ਼ੈਸਲੇ ਸਰਬ-ਸੰਮਤੀ ਨਾਲ ਲਏ ਜਾਂਦੇ ਹਨ ਅਤੇ ਕਿਸੇ ਪ੍ਰਕਾਰ ਦੀ ਕੋਈ ਵੋਟਿੰਗ ਨਹੀਂ ਹੁੰਦੀ।
ਉਨ੍ਹਾਂ ‘ਨਵਾਂ ਜ਼ਮਾਨਾ’ ਅਖ਼ਬਾਰ ਦੇ ਪਿਛਲੇ ਅਤੇ ਅਜੋਕੇ ਹਾਲਾਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਨੂੰ ਚਲਾਉਣ ਲਈ ਇਸ ਸਮੇਂ ਕਈ ਕਿਸਮ ਦੀਆਂ ਆਰਥਿਕ ਅਤੇ ਪ੍ਰਬੰਧਕੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਵੱਧ ਜਾਣ ਕਾਰਨ ਅਖ਼ਬਾਰ ਦੀ ਪ੍ਰੋਡਕਸ਼ਨ ਉੱਪਰ ਕਾਫ਼ੀ ਖਰਚਾ ਆਉਂਦਾ ਹੈ ਅਤੇ ਇਸ ਦੀ ਛਪਣ-ਗਿਣਤੀ ਸੀਮਿਤ ਹੋਣ ਕਰਕੇ ਅਤੇ ਸਰਕਾਰੀ ਤੇ ਮਲਟੀ-ਨੈਸ਼ਨਲ ਕੰਪਨੀਆਂ ਦੇ ਇਸ਼ਤਿਹਾਰ ਨਾ ਮਿਲਣ ਕਾਰਨ ਪ੍ਰਤੀ ਕਾਪੀ ਖਰਚਾ ਹੋਰ ਵੀ ਜ਼ਿਆਦਾ ਬਣ ਜਾਂਦਾ ਹੈ। ਉਨ੍ਹਾਂ ਹੋਰ ਵੀ ਕਈ ਅਹਿਮ ਮਸਲਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਰੋਤਿਆਂ ਵਿੱਚੋਂ ਪ੍ਰਿੰਸੀਪਲ ਸਰਵਣ ਸਿੰਘ, ਪ੍ਰੋ. ਅਤੈ ਸਿੰਘ, ਜਰਨੈਲ ਸਿੰਘ ਅੱਚਰਵਾਲ ਤੇ ਕਈ ਹੋਰਨਾਂ ਨੇ ਕਈ ਸੁਆਲ ਉਠਾਏ ਜਿਨ੍ਹਾਂ ਦੇ ਤਸੱਲੀ-ਪੂਰਵਕ ਜੁਆਬ ਕਾਮਰੇਡ ਗੁਰਮੀਤ ਵੱਲੋਂ ਦਿੱਤੇ ਗਏ।
ਇਸ ਮੌਕੇ ਬਲਦੇਵ ਸਿੰਘ ਸਹਿਦੇਵ ਦਾ ਨਾਵਲ ‘ਤਪਦੇ ਥਲਾਂ ਦੇ ਨਖ਼ਲਿਸਤਾਨ’ ਵੀ ਲੋਕ-ਅਰਪਿਤ ਕੀਤਾ ਗਿਆ ਜਿਸ ਦੇ ਬਾਰੇ ਪੂਰਨ ਸਿੰਘ ਪਾਧੀ, ਪ੍ਰੋ. ਅਤੈ ਸਿੰਘ ਅਤੇ ਜਰਨੈਲ ਸਿੰਘ ਅੱਚਰਵਾਲ ਨੇ ਸਮੇਂ ਦੀ ਪਾਬੰਦੀ ਮੁੱਖ ਰੱਖਦਿਆਂ ਸੰਖੇਪ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੇਖਕ ਨੂੰ ਇਸ ਖ਼ੂਬਸੂਰਤ ਰਚਨਾ ਦੀ ਵਧਾਈ ਦਿੱਤੀ।
ਸਰੋਤਿਆਂ ਵਿੱਚ ਕਾਮਰੇਡ ਗੁਰਮੀਤ ਹੁਰਾਂ ਦੀ ਜੀਵਨ-ਸਾਥਣ ਪ੍ਰਭਾਤ ਬਾਲਾ, ‘ਅਜੀਤ ਜਲੰਧਰ’ ਦੇ ਰੀਪੋਰਟਰ ਸੱਤਪਾਲ ਜੌਹਲ, ‘ਸਰੋਕਾਰਾਂ ਦੀ ਆਵਾਜ’ ਦੇ ਮੁੱਖ-ਸੰਪਾਦਕ ਹਰਬੰਸ ਸਿੰਘ, ਐਸੋਸੀਏਸ਼ਨ ਆਫ਼ ਸੀਨੀਅਰ ਕਲੱਬਜ਼ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ, ਬਲਰਾਜ ਸ਼ੌਕਰ, ਅੰਮ੍ਰਿਤ ਢਿੱਲੋਂ, ਹਰਜੀਤ ਸਿੰਘ ਬੇਦੀ, ਬਲਵੰਤ ਸਿੰਘ ਕਲੇਰ, ਹਰਚੰਦ ਸਿੰਘ ਬਾਸੀ, ਦਵਿੰਦਰ ਸਿੰਘ ਤੂਰ, ਦਰਸਨ ਸਿੰਘ ਭੋਰਾ ਸਮੇਤ ਕਈ ਹੋਰ ਹਾਜ਼ਰ ਸਨ। ਮੁੱਖ-ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਸੁਖਦੇਵ ਸਿੰਘ ਝੰਡ ਵੱਲੋਂ ਕੀਤਾ ਗਿਆ ਅਤੇ ਮੰਚ-ਸੰਚਾਲਨ ਦੀ ਜ਼ਿੰਮੇਂਵਾਰੀ ਕਾਮਰੇਡ ਸੁਖਦੇਵ ਧਾਲੀਵਾਲ ਵੱਲੋਂ ਨਿਭਾਈ ਗਈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …