
ਕੇਂਦਰੀ ਚੋਣਾਂ ਵਿਚ ‘ਨਸਲਵਾਦ’ ਮੁੱਦਾ ਬਣਨ ਦੀ ਸੰਭਾਵਨਾ
ਸਿਡਨੀ/ਬਿਊਰੋ ਨਿਊਜ਼
ਆਸਟਰੇਲੀਆ ਦੀ ਸਿਆਸਤ ਵਿਚ ਪਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਇਕ ਵਾਰ ਫਿਰ ਚਰਚਾ ਹੈ। ਸਿਡਨੀ ਦੇ ਮੀਡੀਆ ਦੀ ਰਿਪੋਰਟ ਮੁਤਾਬਕ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ‘ਵਨ ਨੇਸ਼ਨ’ ਪਾਰਟੀ ਦੀ ਵਧਦੀ ਪ੍ਰਸਿੱਧੀ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉਤੇ ਦਬਾਅ ਵਧ ਰਿਹਾ ਹੈ। ਇਸੇ ਦੌਰਾਨ ਕੇਂਦਰੀ ਚੋਣਾਂ ਵਿਚ ਵੀ ‘ਨਸਲਵਾਦ’ ਮੁੱਦਾ ਬਣਨ ਦੀ ਸੰਭਾਵਨਾ ਹੈ ਅਤੇ ਰੈਜੀਡੈਂਸੀ ਨੂੰ ਵੀ ਆਉਂਦੇ ਦਸ ਸਾਲਾਂ ਤੱਕ ਰੋਕਣ ਦੀ ਚਰਚਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ‘ਵਨ ਨੇਸ਼ਨ’ ਦੀ ਸਥਾਪਨਾ ਪੌਲੀਨ ਹੈਨਸਨ ਨੇ 1996 ਵਿਚ ਕੀਤੀ ਸੀ ਅਤੇ ਉਹ ਆਪਣੇ ਤਿੱਖੇ ਅਤੇ ਵਿਵਾਦਤ ਬਿਆਨਾਂ ਲਈ ਮਸ਼ਹੂਰ ਰਹੀ ਹੈ। ਖਾਸ ਕਰਕੇ ਪਰਵਾਸੀਆਂ ਅਤੇ ਮੂਲ ਨਿਵਾਸੀ ਲੋਕਾਂ ਬਾਰੇ। ਆਸਟਰੇਲੀਆ ਵਿਚ ਰਹਿੰਦੇ ਕਈ ਪਰਵਾਸੀ ਪਹਿਲਾਂ ਹੀ ਮਹਿੰਗਾਈ, ਨੌਕਰੀਆਂ ਅਤੇ ਵੀਜ਼ਾ ਸਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿਚ ਨਸਲਵਾਦੀ ਰਾਜਨੀਤੀ ਉਨ੍ਹਾਂ ਵਿਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ। ਰਿਪੋਰਟ ਵਿਚ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਸਮਝਦਾਰ ਆਗੂਆਂ ਨੂੰ ਨਸਲਵਾਦ ਦੇ ਖਿਲਾਫ ਡਟ ਕੇ ਖੜ੍ਹਨਾ ਚਾਹੀਦਾ ਹੈ ਅਤੇ ਇਸ ਨੂੰ ਰਾਜਨੀਤੀ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ।

