ਕਿਹਾ : ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋ ਕੇ ਪਾਰਟੀ ਬਚਾਅ ਲਓ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਹੈ। ਪਰਗਟ ਸਿੰਘ ਦੀ ਇਸ ਸਲਾਹ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਕਾਫ਼ੀ ਹਲਚਲ ਪੈਦਾ ਹੋ ਗਈ ਹੈ। ਪਰਗਟ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੌਰਾਨ ਪੰਜਾਬ ਨੇ ਬਹੁਤ ਨੁਕਸਾਨ ਝੱਲਿਆ ਹੈ। ਪ੍ਰੰਤੂ ਮੌਜੂਦਾ ਸਮੇਂ ਦੀ ਰਾਜਨੀਤੀ ਨੂੰ ਦੇਖਦੇ ਹੋਏ ਸ਼ੋ੍ਰਮਣੀ ਅਕਾਲੀ ਦਲ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋ ਸਕਦਾ ਹੈ ਤਾਂ ਜੋ ਮਿਲ ਕੇ ਦੇਸ਼ ਨੂੰ ਬਚਾਇਆ ਜਾ ਸਕੇ। ਪਰਗਟ ਸਿੰਘ ਨੇ ਕਿਹਾ ਕਿ ਜਦੋਂ ਉਹ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਸਨ ਤਾਂ ਪੰਜ ਸਾਲ ਮੈਂ ਅਕਾਲੀ ਦਲ ਕੰਮ ਦੇਖੇ। ਹੌਲੀ ਹੌਲੀ ਉਨ੍ਹਾਂ ਦੀ ਪਾਲਿਸੀ ਬਾਰੇ ਮੈਨੂੰ ਪਤਾ ਚਲਿਆ, ਜਿਸ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨਾਲ ਮੇਰੀ ਕੋਈ ਨਿੱਜੀ ਲੜਾਈ ਨਹੀਂ ਸੀ ਪ੍ਰੰਤੂ ਜਦੋਂ ਸਰਕਾਰ ਨੇ ਮੇਰੇ ਹਲਕੇ ਦੇ ਬਾਰੇ ਸੋਚਿਆ ਹੀ ਨਹੀਂ ਤਾਂ ਮੈਂ ਪਾਰਟੀ ਛੱਡ ਦਿੱਤੀ ਸੀ। ਪਰਗਟ ਸਿੰਘ ਨੇ ਕਿਹਾ ਕਿ ਮੇਰੇ ਹਲਕੇ ’ਚ ਵੇਸਟ ਮੈਨੇਜਮੈਂਟ ਪਲਾਂਟ ਲਗਾ ਦਿੱਤਾ ਗਿਆ ਸੀ, ਜਿਸ ਦਾ ਹਲਕਾ ਨਿਵਾਸੀ ਕਾਫ਼ੀ ਵਿਰੋਧ ਕਰ ਰਹੇ ਸਨ। ਅਕਾਲੀ ਦਲ ਨੂੰ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋਣ ਦੀ ਗੱਲ ਨੂੰ ਲੈ ਕੇ ਭਾਜਪਾ ਆਗੂਆਂ ਨੇ ਕਾਂਗਰਸ ਪਾਰਟੀ ’ਤੇ ਤੰਜ ਕਸਿਆ। ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਆਪਣੇ ਆਪ ਨੂੰ ਬਚਾਉਣ ਵਿਚ ਲੱਗੀ ਹੋਈ, ਜਿਸ ਦੇ ਚਲਦਿਆਂ ਉਹ ਅਕਾਲੀ ਦਲ ਕੋਲੋਂ ਸਮਰਥਨ ਮੰਗ ਰਹੀ ਹੈ।