ਅਮਰਿੰਦਰ ਵਲੋਂ ਬਾਦਲਾਂ ਨੂੰ ਕਲੀਨ ਚਿੱਟ ਦੇਣ ਨਾਲ ਸਿਆਸੀ ਭੂਚਾਲ
ਕੈਪਟਨ ਦਾ ਸਪੱਸ਼ਟੀਕਰਨ – ਬਾਦਲਾਂ ਨੂੰ ਕਲੀਨ ਚਿੱਟ ਨਹੀਂ ਦਿੱਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੇਅਦਬੀ ਮਾਮਲਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਮੂਲੀਅਤ ਨਾ ਹੋਣ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਵਿਚ ਸਿਆਸੀ ਭੂਚਾਲ ਲਿਆ ਦਿੱਤਾ ਹੈ। ਹਾਲਾਂਕਿ ‘ਡੈਮੇਜ਼ ਕੰਟਰੋਲ’ ਕਰਨ ਲਈ ਮੁੱਖ ਮੰਤਰੀ ਨੇ ਆਪਣੇ ਬਿਆਨ ਤੋਂ ਪਲਟਦੇ ਹੋਏ ਬਾਦਲ ਨੂੰ ਕਲੀਨ ਚਿੱਟ ਨਾ ਦੇਣ ਦਾ ਸਪੱਸ਼ਟੀਕਰਨ ਜਾਰੀ ਕਰ ਦਿੱਤਾ।
ਕੈਪਟਨ ਨੇ ਕਿਹਾ ਕਿ ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਜਿਸ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰੀਆਂ। ਮੁੱਖ ਮੰਤਰੀ ਵਲੋਂ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਮਗਰੋਂ ਪਾਰਟੀ ਦੇ ਅੰਦਰ ਤੇ ਬਾਹਰ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਬਾਦਲਾਂ ਨੂੰ ਬੇਅਦਬੀ ਮਾਮਲੇ ਵਿਚ ਕਥਿਤ ਸ਼ਮੂਲੀਅਤ ਸਬੰਧੀ ਕਲੀਨ ਚਿੱਟ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਨੁਕਤੇ ‘ਤੇ ਉਨ੍ਹਾਂ ਇਹ ਗੱਲ ਨਹੀਂ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਸਦਾ ਪੁੱਤਰ ਸੁਖਬੀਰ ਬੇਅਦਬੀ ਵਿਚ ਸ਼ਾਮਲ ਨਹੀਂ ਹੈ। ਭਾਵੇਂ ਬਾਦਲ ਨੇ ਖੁਦ ਉਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨਹੀਂ ਕੀਤੀ ਸੀ ਪਰ ਇਸ ਮਾਮਲੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੈਪਟਨ ਨੇ ਕੋਈ ਗਲਤ ਨਹੀਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਬਾਦਲ ਦਾ ਕੋਈ ਰੋਲ ਨਹੀਂ ਹੈ, ਪਰ ਬਾਦਲ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਸਭ ਤੋਂ ਵੱਡੇ ਦੋਸ਼ੀ ਹਨ। ਕਈ ਕਾਂਞਰਸੀ ਆਗੂਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਏਨਾ ਜ਼ਰੂਰ ਕਿਹਾ ਕਿ ਕਾਂਗਰਸ ਕਈ ਸਾਲਾਂ ਤੋਂ ਬੇਅਦਬੀ, ਬਰਗਾੜੀ, ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਦੇ ‘ਤੇ ਲੋਕਾਂ ਨੂੰ ਵੱਡੀ ਕਾਰਵਾਈ ਦਾ ਭਰੋਸਾ ਦਿੰਦੀ ਆ ਰਹੀ ਹੈ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਕੈਪਟਨ ਵਲੋਂ ਬਾਦਲਾਂ ਨੂੰ ਦਿੱਤੀ ਕਲੀਨ ਚਿੱਟ ਦੀ ਨਿਖੇਧੀ ਕੀਤੀ ਹੈ।
ਬਾਦਲਾਂ ਦੇ ਦਬਾਅ ਹੇਠ ਦਿੱਤੀ ਕਲੀਨ ਚਿੱਟ : ਬਾਜਵਾ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਦਬਾਅ ਹੇਠ ਕਲੀਨ ਚਿੱਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਬੇਅਦਬੀ ਮਾਮਲੇ ਵਿਚ ਐਸਆਈਟੀ ਦੀ ਜਾਂਚ ਨੂੰ ਸਮਾਂਬੱਧ ਨਾ ਕਰਨ ਦੇ ਬਿਆਨ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਅਕਾਲੀ ਆਗੂਆਂ ਨੂੰ ਬਚਾਉਣਾ ਚਾਹੁੰਦੇ ਹਨ।
ਬਾਦਲਾਂ ਨੂੰ ਬਚਾਉਣ ਲਈ ਕੈਪਟਨ ਨੇ ਦਿੱਤੀ ਕਲੀਨ ਚਿੱਟ : ਖਹਿਰਾ
ਜਲੰਧਰ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾਇਆ ਕਿ ਉਹ ਬਾਦਲਾਂ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸੇ ਕਰਕੇ ਉਨ੍ਹਾਂ ਨੇ ਬਾਦਲਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕਰਕੇ ਬੇਅਦਬੀ ਕਾਂਡ ਬਾਰੇ ਬਣਾਈ ਗਈ ਸਿਟ ਦੀ ਜਾਂਚ ਨੂੰ ਲੀਹੋਂ ਲਾਹੁਣ ਦਾ ਯਤਨ ਕੀਤਾ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇਸ ਗੱਲ ਦਾ ਭੁਲੇਖਾ ਨਹੀਂ ਰਿਹਾ ਕਿ ਕੈਪਟਨ ਤੇ ਬਾਦਲ ਆਪਸ ਵਿਚ ਰਲੇ ਹੋਏ ਹਨ ਤੇ ਬੇਅਦਬੀ ਦੇ ਮਾਮਲੇ ਵਿਚ ਬਾਦਲਾਂ ਨੂੰ ਬਚਾਉਣ ਲਈ ਪੂਰਾ ਟਿੱਲ ਲਾ ਰਹੇ ਹਨ।
ਬੇਅਦਬੀ ਮਾਮਲਾ : ਸੀਬੀਆਈ ਨੇ ਬਣਾਈ ਨਵੀਂ ਐਸਆਈਟੀ
ਅਦਾਲਤ ਨੇ ਸੀਬੀਆਈ ਨੂੰ ਸਮਾਂ ਦਿੰਦੇ ਹੋਏ 30 ਅਕਤੂਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ
ਮੁਹਾਲੀ : ਬੇਅਦਬੀ ਮਾਮਲੇ ਵਿਚ ਸੀਬੀਆਈ ਵਲੋਂ ਕੇਸ ਬੰਦ ਕਰਨ ਲਈ ਮੁਹਾਲੀ ਅਦਾਲਤ ਵਿਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ‘ਤੇ ਸੁਣਵਾਈ ਕਰਦਿਆਂ ਸੀਬੀਆਈ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਜੀਐਸ ਸੇਖੋਂ ਦੀ ਅਦਾਲਤ ਵਿਚ ਹੋਈ। ਸੀਬੀਆਈਨੇ ਅਦਾਲਤ ਵਿਚ ਕਿਹਾ ਕਿ ਮਾਮਲੇ ਵਿਚ ਨਵੀਂ ਐਸਆਈਟੀ ਬਣਾਈ ਹੈ, ਜਿਸ ਲਈ ਨਵਾਂ ਜਾਂਚ ਅਫਸਰ ਲਾਇਆ ਗਿਆ ਹੈ। ਸੀਬੀਆਈ ਨੇ ਦਲੀਲ ਦਿੱਤੀ ਕਿ ਮਾਮਲੇ ਸਬੰਧੀ ਦਸਤਾਵੇਜ਼ ‘ਤੇ ਕਾਗਜ਼ੀ ਕਾਰਵਾਈ ਨੂੰ ਸਮਝਣ ਤੇ ਜਾਂਚਣ ਦੀ ਲੋੜ ਹੈ। ਸੀਬੀਆਈ ਨੇ ਅਦਾਲਤ ਤੋਂ ਬਹਿਸ ਕਰਨ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਸੀ। ਅਦਾਲਤ ਨੇ ਇਸ ਮਾਮਲੇ ‘ਤੇ ਸੀਬੀਆਈ ਨੂੰ ਸਮਾਂ ਦਿੰਦੇ ਹੋਏ 30 ਅਕਤੂਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਉਧਰ ਸੁਣਵਾਈ ਦੌਰਾਨ ਸੀਬੀਆਈ ਅਦਾਲਤ ਵਿਚ ਸ਼ਿਕਾਇਤ ਕਰਤਾ ਗੋਰਾ ਤੇ ਰਣਜੀਤ ਸਿੰਘ ਦੇ ਵਕੀਲ ਗਗਨ ਪ੍ਰਦੀਪ ਬੱਲ ਨੇ ਸੀਬੀਆਈ ਤੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਵਲੋਂ ਵੱਖਰੀ ਵੱਖਰੀ ਦਾਇਰ ਕੀਤੀ ਪਟੀਸ਼ਨ ‘ਤੇ ਆਪਣਾ ਜਵਾਬ ਦਿੰਦੇ ਹੋਏ ਐਡਵੋਕੇਟ ਬੱਲ ਨੇ ਅਦਾਲਤ ਨੂੰ ਕਿਹਾ ਕਿ ਜਲਾਲ ਦੇ ਮਾਮਲੇ ਵਿਚ ਕੋਈ ਦਖਲਅੰਦਾਜ਼ੀ ਦਾ ਹੱਕ ਨਹੀਂ ਬਣਦਾ, ਕਿਉਂਕਿ ਜਦੋਂ ਬਿਆਨ ਦਰਜ ਹੋਏ ਉਸ ਸਮੇਂ ਉਹ ਕਿੱਥੇ ਸੀ। ਉਨ੍ਹਾਂ ਕਿਹਾ ਕਿ ਜਲਾਲ ਸੁਣਵਾਈ ਨੂੰ ਆਪਣੀ ਬਿਆਨਬਾਜ਼ੀ ਨਾਲ ਪ੍ਰਭਾਵਿਤ ਕਰ ਰਿਹਾ ਹੈ। ਜਦੋਂ ਇਸ ਨਾਲ ਜੁੜੇ ਮਾਮਲਿਆਂ ਦੀ ਪਹਿਲਾਂ ਸੁਣਵਾਈ ਹੋਈ, ਉਥੇ ਜਲਾਲ ਗਵਾਹੀ ਦੇਣ ਕਦੇ ਨਹੀਂ ਪੁੱਜਾ। ਇਸ ਤੋਂ ਇਲਾਵਾ ਸੀਬੀਆਈ ਦੀ ਪਟੀਸ਼ਨ ‘ਤੇ ਐਡਵੋਕੇਟ ਬੱਲ ਨੇ ਕਿਹਾ ਕਿ ਸੀਬੀਆਈ ਵਿਚ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਨਪੁੱਟ ਦਿੱਤੇ, ਜੇਕਰ ਉਹ ਨਾ ਦਿੰਦੇ ਤਾਂ ਪੂਰੀ ਕਲਜ਼ੋਰ ਰਿਪੋਰਟ ਹੀ ਫਾਈਨਲ ਹੋ ਜਾਣੀ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਲਾਈ ਡਿਟੈਕਟਿਵ ਟੈਸਟ ਤੇ ਪੋਲੀਗ੍ਰਾਫੀ ਟੈਸਟ ਵਿਚ ਕਈ ਸਵਾਲ ਪੁੱਛੇ ਗਏ ਸਨ, ਜਿਨ੍ਹਾਂ ਵਿਚ ਤਿੰਨ ਸਵਾਲ ਤਾਂ ਅਜਿਹੇ ਸਨ, ਜਿਸ ‘ਤੇ ਮੁਲਜ਼ਮ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸੀਬੀਆਈ ਨੇ ਉਸ ਨੂੰ ਸਹੀ ਮੰਨਿਆ ਸੀ।
Check Also
ਭਰਤਇੰਦਰ ਸਿੰਘ ਚਾਹਲ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ
ਚਾਹਲ ਦੀ ਗਿ੍ਰਫ਼ਤਾਰੀ ’ਤੇ ਲੱਗੀ ਰੋਕ, ਜਾਂਚ ’ਚ ਸਹਿਯੋਗ ਕਰਨ ਦਾ ਦਿੱਤਾ ਹੁਕਮ ਚੰਡੀਗੜ੍ਹ/ਬਿਊਰੋ ਨਿਊਜ …