Breaking News
Home / ਪੰਜਾਬ / ਇਕ ਰਾਸ਼ਟਰ-ਇਕ ਭਾਸ਼ਾ ਦਾ ਸਮਰਥਨ ਕਰਕੇ ਘਿਰੇ ਗੁਰਦਾਸ ਮਾਨ

ਇਕ ਰਾਸ਼ਟਰ-ਇਕ ਭਾਸ਼ਾ ਦਾ ਸਮਰਥਨ ਕਰਕੇ ਘਿਰੇ ਗੁਰਦਾਸ ਮਾਨ

ਪੰਜਾਬੀ ਗਾਇਕ ਨੇ ਕੈਨੇਡਾ ‘ਚ ਇਕ ਸ਼ੋਅ ਦੌਰਾਨ ਦਿੱਤਾ ਬਿਆਨ, ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ਾਂ ‘ਚ ਗੁਰਦਾਸ ਮਾਨ ਦਾ ਵਿਰੋਧ
ਐਬਟਸਫੋਰਡ : ਕੈਨੇਡਾ ਦੇ ਐਬਟਸਫੋਰਡ ‘ਚ ਆਪਣਾ ਸ਼ੋਅ ਕਰਨ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਇਕ ਰਾਸ਼ਟਰ ਇਕ ਭਾਸ਼ਾ ਦਾ ਸਮਰਥਨ ਕਰ ਦਿੱਤਾ ਅਤੇ ਉਹ ਵਿਵਾਦਾਂ ‘ਚ ਘਿਰ ਗਏ। ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਹਾਹਾਕਾਰ ਮਚ ਗਈ। ਗੁਰਦਾਸ ਮਾਨ ਇਨ੍ਹੀਂ ਦਿਨੀਂ ਕੈਨੇਡਾ ‘ਚ ਹਨ ਅਤੇ ਉਨ੍ਹਾਂ ਨੇ ਦੋ ਵਾਰ ਉਥੇ ਇਕ ਰਾਸ਼ਟਰ ਇਕ ਭਾਸ਼ਾ ਦਾ ਸਮਰਥਨ ਕੀਤਾ ਹੈ। ਗੁਰਦਾਸ ਮਾਨ ਵਲੋਂ ਵੈਨਕੂਵਰ ‘ਚ ਇਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ। ਇਸ ‘ਚ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਇਕ ਰਾਸ਼ਟਰ ਇਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਜੇਕਰ ਸਾਊਥ ‘ਚ ਜਾਵਾਂਗੇ ਤਾਂ ਸਾਨੂੰ ਉਥੇ ਜਾ ਕੇ ਭਾਸ਼ਾ ਸਮਝਣ ‘ਚ ਦਿੱਕਤ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਕਿਹਾ ਤੇ ਹਿੰਦੀ ਨੂੰ ਮਾਸੀ ਦਾ ਦਰਜਾ ਦੇ ਕੇ ਗੱਲ ਸੰਭਾਲਣ ਦੀ ਕੋਸ਼ਿਸ ਵੀ ਕੀਤੀ। ਪ੍ਰੰਤੂ ਵੈਨਕੂਵਰ ਦੇ ਨਾਮਵਰ ਰੇਡੀਓ ‘ਤੇ ਜਦੋਂ ਗੁਰਦਾਸ ਮਾਨ ਦਾ ਇੰਟਰਵਿਊ ਲਿਆ ਗਿਆ ਤਾਂ ਗੁਰਦਾਸ ਮਾਨ ਨੇ ਦੁਬਾਰਾ ਫਿਰ ਇਕ ਰਾਸ਼ਟਰ ਇਕ ਭਾਸ਼ਾ ਦਾ ਸਮਰਥਨ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਦੀ ਚਾਰੇ ਪਾਸੇ ਤੋਂ ਆਲੋਚਨਾ ਹੋ ਰਹੀ ਹੈ। ਇਸ ਤੋਂ ਬਾਅਦ ਜੀਵੇ ਪੰਜਾਬੀ ਆਲਮੀ ਸੰਗਤ ਕੈਨੇਡਾ ਦੇ ਭੁਪਿੰਦਰ ਮੱਲ੍ਹੀ, ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਅਵਤਾਰ ਗਿੱਲ, ਲੋਕ ਲਿਖਾਰੀ ਸਭਾ ਸਰੀ ਕੈਨੇਡਾ ਦੀ ਸੁਖਵਿੰਦਰ ਕੌਰ, ਪੰਜਾਬੀ ਸਾਹਿਤ ਸਭਾ ਦੀ ਇੰਦਰਜੀਤ ਧਾਮੀ, ਸਿੱਖ ਵਿਚਾਰ ਮੰਚ ਦੇ ਕੇਸਰ ਸਿੰਘ, ਪੰਜਾਬੀ ਲੈਂਗੂਏਜ਼ ਐਸੋਸੀਏਸ਼ਨ ਦੇ ਬਲਵੰਤ ਸੰਘੇੜਾ, ਪੰਜਾਬੀ ਸੱਭਿਆਚਾਰ ਮੰਚ ਦੇ ਅਮਰਜੀਤ ਸਿੰਘ ਚਾਹਲ, ਪੰਜਾਬੀ ਸਾਹਿਤ ਸਭਾ ਐਬਸਫੋਰਡ ਦੇ ਪਵਨ, ਆਲਮੀ ਪੰਜਾਬੀ ਸੰਗਤ ਦੇ ਗੁਰਮੁਖ ਦਿਓਲ, ਵਿਰਾਸਤ ਫਾਊਂਡੇਸ਼ਨ ਦੇ ਸੁੱਚਾ ਦੀਪਕ ਅਤੇ ਪੰਜਾਬੀ ਸਾਹਿਤ ਸਭਾ ਮੁੱਢਲੀ ਦੇ ਡਾ. ਗੁਰਵਿੰਦਰ ਸਿੰਘ ਨੇ ਗੁਰਦਾਸ ਮਾਨ ਦੀ ਇਕ ਰਾਸ਼ਟਰ ਅਤੇ ਇਕ ਭਾਸ਼ਾ ਵਾਲੀ ਗੱਲ ਦਾ ਡਟ ਕੇ ਵਿਰੋਧ ਕੀਤਾ ਹੈ।
ਇਕ ਰਾਸ਼ਟਰ-ਇਕ ਭਾਸ਼ਾ ਕਰ ਦੇਵੇਗੀ ਆਪਣੀ ਸੰਸਕ੍ਰਿਤੀ ਤੋਂ ਦੂਰ : ਬਾਲੀ
ਪੰਜਾਬੀ ਜਾਗਰਤੀ ਮੰਚ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਕਿਹਾ ਹੈ ਕਿ ਗੁਰਦਾਸ ਮਾਨ ਇਕ ਸਨਮਾਨਯੋਗ ਹਸਤੀ ਹਨ ਪ੍ਰੰਤੂ ਉਨ੍ਹਾਂ ਦੇ ਇਕ ਰਾਸ਼ਟਰ-ਇਕ ਭਾਸ਼ਾ ਵਾਲੇ ਤਰਕ ਨਾਲ ਮੈਂ ਸਹਿਮਤ ਨਹੀਂ ਹਾਂ। ਭਾਰਤ ਦੀ ਖੂਬਸੂਰਤੀ ਹੀ ਇਸ ਕਰਕੇ ਹੈ ਕਿ ਇਥੇ ਅਲੱਗ-ਅਲੱਗ ਭਾਸ਼ਾਵਾਂ ਹਨ, ਅਲੱਗ-ਅਲੱਗ ਸੱਭਿਆਚਾਰ ਹੈ। ਸਾਡੀ ਮਾਂ ਬੋਲੀ ਪੰਜਾਬੀ ਨੇ ਹੀ ਸਾਨੂੰ ਸੱਭਿਆਚਾਰ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ ਅਤੇ ਵਿਰਾਸਤ ਨੂੰ ਸੰਭਾਲ ਰਹੀ ਹੈ। ਜੇਕਰ ਅਸੀਂ ਇਕ ਰਾਸ਼ਟਰ-ਇਕ ਭਾਸ਼ਾ ‘ਚ ਆ ਗਏ ਤਾਂ ਅਸੀ ਆਪਣੀ ਸੰਸਕ੍ਰਿਤੀ ਤੋਂ ਦੂਰ ਹੋ ਜਾਵਾਂਗੇ।

ਗੁਰਦਾਸ ਮਾਨ ਖਿਲਾਫ ਵਿਰੋਧ ਵਧਿਆ, ਪੋਸਟਰ ‘ਤੇ ਮਲੀ ਕਾਲਖ਼
ਜਲੰਧਰ/ਬਿਊਰੋ ਨਿਊਜ਼ : ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸਿੱਖ ਯੂਥ ਆਫ ਪੰਜਾਬ ਦੇ ਜਲੰਧਰ ਯੂਨਿਟ ਨੇ ਗੁਰਦਾਸ ਮਾਨ ਵਿਰੁੱਧ ਨਕੋਦਰ ਚੌਕ ‘ਚ ਰੋਸ ਪ੍ਰਦਰਸ਼ਨ ਕੀਤਾ। ਨੌਜਵਾਨਾਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ ‘ਤੇ ਗੁਰਦਾਸ ਮਾਨ ਵਿਰੁੱਧ ਤਿੱਖੀ ਸ਼ਬਦਾਵਲੀ ਲਿਖੀ ਹੋਈ ਸੀ। ਇਨ੍ਹਾਂ ਵਿਚ ਗੁਰਦਾਸ ਮਾਨ ਦੀ ਫੋਟੋ ਵਾਲੇ ਪੋਸਟਰ ਵੀ ਸ਼ਾਮਿਲ ਸਨ ਜਿਨ੍ਹਾਂ ‘ਤੇ ਉਹ ਕਾਲਖ ਮਲ਼ ਰਹੇ ਸਨ।ਜਥੇਬੰਦੀ ਦੇ ਆਗੂ ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਮਾਂ ਬੋਲੀ ਪੰਜਾਬੀ ਦੇ ਹੱਕ ਅਤੇ ਇਕ ਦੇਸ਼ ਇਕ ਭਾਸ਼ਾ ਦੇ ਵਿਰੋਧ ਵਿਚ ਕੀਤਾ ਗਿਆ ਹੈ। ਸਤਵੀਰ ਸਿੰਘ ਜਮਸ਼ੇਰ ਤੇ ਮਲਕੀਤ ਸਿੰਘ ਭਿੰਡਰ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮਾਂ ਬੋਲੀ ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਦੇਣ। ਸੂਬੇ ਵਿਚ ਪੰਜਾਬੀ ਦੇ ਹੱਕ ‘ਚ ਉੱਠੀ ਆਵਾਜ਼ ਦੌਰਾਨ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਅਧਿਕਾਰੀਆਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨੇ ਲਾਜ਼ਮੀ ਕੀਤੇ ਜਾਣ।

ਡੀ. ਲਿਟ ਦੀ ਡਿਗਰੀ ਵਾਪਸ ਲੈਣ ਦੀ ਉਠੀ ਮੰਗ
ਪਟਿਆਲਾ : ‘ਇਕ ਰਾਸ਼ਟਰ ਇਕ ਭਾਸ਼ਾ’ ਦੇ ਹੱਕ ਵਿਚ ਸ਼ੋਅ ਦੌਰਾਨ ਵਰਤੀ ਮੰਦੀ ਭਾਸ਼ਾ ਕਾਰਨ ਗਾਇਕ ਗੁਰਦਾਸ ਮਾਨ ਖਿਲਾਫ ਮਾਂ ਬੋਲੀ ਪ੍ਰੇਮੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੇਸ਼ ਤੇ ਵਿਦੇਸ਼ ਵਿਚ ਜਿੱਥੇ ਮਾਨ ਦੀ ਵਿਰੋਧਤਾ ਹੋਈ ਹੈ, ਉਥੇ ਹੀ ਪੰਜਾਬੀ ਯੂਨੀਵਰਸਿਟੀ ਵਲੋਂ ਮਾਨ ਨੂੰ ਦਿੱਤੀ ਗਈ ਡੀ. ਲਿਟ ਦੀ ਡਿਗਰੀ ਵਾਪਸ ਲੈਣ ਦੀ ਮੰਗ ਉਠੀ ਹੈ। ਜ਼ਿਕਰਯੋਗ ਹੈ ਕਿ 2012 ਵਿਚ ਪੰਜਾਬੀ ਯੂਨੀਵਰਸਿਟੀ ਵਿਚ 36ਵੇਂ ਡਿਗਰੀ ਵੰਡ ਸਮਾਰੋਹ ‘ਤੇ ਗੁਰਦਾਸ ਮਾਨ ਨੂੰ ਪ੍ਰਸਿੱਧ ਪੰਜਾਬੀ ਗਾਇਕ, ਪ੍ਰਸਿੱਧ ਸ਼ਾਇਰ, ਫਿਲਮ ਅਦਾਕਾਰ ਸਿਨੇਮਾ ਨੂੰ ਮਾਣਮੱਤੀ ਥਾਂ ਦਿਵਾਉਣ ਅਤੇ ਪੰਜਾਬੀ ਬੋਲੀ ਤੇ ਸਭਿਆਚਾਰ ਪ੍ਰਚਾਰ ਅਤੇ ਪ੍ਰਸਾਰ ਬਦਲੇ ਡੀ. ਲਿਟ ਦੀ ਡਿਗਰੀ ਦਿੱਤੀ ਗਈ ਸੀ। ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ (ਸੈਫੀ) ਨੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਕਿ ਗੁਰਦਾਸ ਮਾਨ ਨੂੰ ਦਿੱਤੀ ਡੀ. ਲਿਟ ਦੀ ਡਿਗਰੀ ਜਲਦ ਤੋਂ ਜਲਦ ਵਾਪਸ ਲਈ ਜਾਵੇ।

ਗੁਰਦਾਸ ਮਾਨ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ : ਮਜੀਠੀਆ
ਚੰਡੀਗੜ੍ਹ : ‘ਇਕ ਰਾਸ਼ਟਰ ਇਕ ਭਾਸ਼ਾ’ ਉਤੇ ਬਿਆਨ ਦੇ ਕੇ ਲੋਕਾਂ ਦੇ ਨਿਸ਼ਾਨੇ ‘ਤੇ ਆਏ ਪੰਜਾਬੀ ਗਾਇਕ ਗੁਰਦਾਸ ਮਾਨ ਸਬੰਧੀ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀ ਗਾਇਕੀ ਦੇ ਖੇਤਰ ਵਿਚ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਯੋਗਦਾਨ ਨੂੰ ਨਾ ਤਾਂ ਕੋਈ ਨਕਾਰ ਸਕਦਾ ਹੈ ਤੇ ਨਾ ਹੀ ਕੋਈ ਭੁਲਾ ਸਕਦਾ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਅਕਾਲੀ ਦਲ ਵੀ ਮਾਂ ਬੋਲੀ ਦਾ ਹੀ ਸਮਰਥਨ ਕਰਦਾ ਹੈ।

ਦਮਦਮੀ ਟਕਸਾਲ ਤੇ ਚੀਫ ਖਾਲਸਾ ਦੀਵਾਨ ਵਲੋਂ ਵੀ ਗੁਰਦਾਸ ਮਾਨ ਦਾ ਵਿਰੋਧ
ਅੰਮ੍ਰਿਤਸਰ : ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਅਣਡਿੱਠਾ ਕਰਨ ‘ਤੇ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਅਤੇ ਦਮਦਮੀ ਟਕਸਾਲ ਨੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦਾ ਵੀ ਵਿਰੋਧ ਕੀਤਾ ਗਿਆ ਹੈ।
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਆਖਿਆ ਕਿ ਗੁਰਮੁਖੀ ਗੁਰੂਆਂ ਵਲੋਂ ਸਿਰਜੀ ਭਾਸ਼ਾ ਹੈ, ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਵੀ ਰਚਨਾ ਕੀਤੀ ਗਈ ਸੀ। ਇਸੇ ਲਈ ਪੰਜਾਬੀ ਭਾਸ਼ਾ ਸੂਬੇ ਦੀ ਪ੍ਰਮੁੱਖ ਅਤੇ ਮਾਂ ਬੋਲੀ ਹੈ। ਸਰਪ੍ਰਸਤ ਰਾਜ ਮਹਿੰਦਰ ਸਿੰਘ ਮਜੀਠਾ ਨੇ ਆਖਿਆ ਕਿ ਗੁਰਦਾਸ ਮਾਨ ਮਾਂ ਬੋਲੀ ਨੂੰ ਨੀਵਾਂ ਦਿਖਾ ਰਹੇ ਹਨ, ਜਿਸ ਕਾਰਨ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਇਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੀ ਗਾਇਕ ਗੁਰਦਾਸ ਮਾਨ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਬਰਦਾਸ਼ਤ ਨਹੀਂ ਹੈ।

Check Also

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ

ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …