ਕਿਹਾ : ਮੈਨੂੰ ਜਨਤਾ ਨੇ ਮੁੱਖ ਮੰਤਰੀ ਬਣਾਇਆ ਹੈ ਅਤੇ ਚੰਨੀ ਨੂੰ ਤੁਸੀਂ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿਚ ਚੱਲ ਰਹੀ ਹੈ ਅਤੇ ਇਹ ਯਾਤਰਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਰਾਤ ਰੁਕਣ ਤੋਂ ਬਾਅਦ ਅੱਜ ਮੁੜ ਸ਼ੁਰੂ ਹੋਈ। ਯਾਤਰਾ ਦੌਰਾਨ ਲੰਘੇ ਕੱਲ੍ਹ ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵਿਚ ਬੈਠੇ ਅਰਵਿੰਦ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ। ਇਸ ਤੋਂ ਬਾਅਦ ਰਾਹੁਲ ਦੇ ਬਿਆਨ ਦਾ ਮੋੜਵਾਂ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਰਾਹੁਲ ਜੀ, ਪੰਜਾਬ ਵਿਚ ਤੁਸੀਂ ਉਲਟਾ ਸਿੱਧਾ ਨਾ ਹੀ ਬੋਲੋ ਤਾਂ ਚੰਗਾ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਪੰਜਾਬ ਦੀ ਜਨਤਾ ਨੇ ਮੁੱਖ ਮੰਤਰੀ ਬਣਾਇਆ ਹੈ ਅਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ। ਉਨ੍ਹਾਂ ਕਿਹਾ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬੇਇੱਜ਼ਤ ਕਰਕੇ ਹਟਾ ਦਿੱਤਾ ਸੀ। ਹੁਣ ਕਾਂਗਰਸ ਦੀ ਯਾਤਰਾ ਦੌਰਾਨ ਪੰਜਾਬ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਹਨ। ਧਿਆਨ ਰਹੇ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹਿੰਦੁਸਤਾਨ ਵਿਚ ਹਰ ਸੂਬੇ ਦਾ ਆਪਣਾ ਇਤਿਹਾਸ ਹੁੰਦਾ ਹੈ। ਹਰ ਸੂਬੇ ਦੀ ਭਾਸ਼ਾ ਅਤੇ ਜੀਊਣ ਦਾ ਆਪਣਾ ਤਰੀਕਾ ਹੈ। ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਣਾ ਚਾਹੀਦਾ ਹੈ। ਰਾਹੁਲ ਨੇ ਆਮ ਆਦਮੀ ਪਾਰਟੀ ’ਤੇ ਸਿਆਸੀ ਨਿਸ਼ਾਨਾ ਸੇਧਦਿਆਂ ਕਿਹਾ ਸੀ ਕਿ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਉਣਾ ਚਾਹੀਦਾ। ਰਾਹੁਲ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਸੀਐਮ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਪੰਜਾਬ ਨੂੰ ਪੰਜਾਬ ਤੋਂ ਹੀ ਚਲਾਉਣਾ ਚਾਹੀਦਾ ਅਤੇ ਦਿੱਲੀ ਤੇ ਕੇਜਰੀਵਾਲ ਦੇ ਦਬਾਅ ਵਿਚ ਨਹੀਂ ਆਉਣਾ ਚਾਹੀਦਾ। ਤੁਹਾਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ ਸੁਣ ਕੇ ਕੰਮ ਕਰਨਾ ਚਾਹੀਦਾ ਹੈ। ਰਾਹੁਲ ਨੇ ਭਗਵੰਤ ਮਾਨ ਨੂੰ ਕਿਹਾ ਸੀ ਕਿ ਕਿਸੇ ਦਾ ਵੀ ਰਿਮੋਟ ਕੰਟਰੋਲ ਨਹੀਂ ਬਣਦਾ ਚਾਹੀਦਾ।
Check Also
ਪੰਜਾਬ ’ਚ ਪੰਚਾਇਤੀ ਚੋਣਾਂ ਭਲਕੇ ਮੰਗਲਵਾਰ 15 ਅਕਤੂਬਰ ਨੂੰ
ਪੰਚਾਇਤੀ ਚੋਣਾਂ ਰੱਦ ਕਰਵਾਉਣ ਲਈ ਪਾਈਆਂ ਪਟੀਸ਼ਨਾਂ ਨੂੰ ਹਾਈ ਕੋਰਟ ਨੇ ਕੀਤਾ ਰੱਦ ਚੰਡੀਗੜ੍ਹ/ਬਿਊਰੋ ਨਿਊਜ਼ …