Breaking News
Home / ਪੰਜਾਬ / ਸੁਮੇਧ ਸੈਣੀ ਖ਼ਿਲਾਫ਼ ਗਵਾਹੀ ਦੇਣਗੇ ਤਿੰਨ ਸਾਬਕਾ ਇੰਸਪੈਕਟਰ

ਸੁਮੇਧ ਸੈਣੀ ਖ਼ਿਲਾਫ਼ ਗਵਾਹੀ ਦੇਣਗੇ ਤਿੰਨ ਸਾਬਕਾ ਇੰਸਪੈਕਟਰ

ਮੁਹਾਲੀ/ਬਿਊਰੋ ਨਿਊਜ਼
ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਪੀੜਤ ਪਰਿਵਾਰ ਦੀ ਅਪੀਲ ‘ਤੇ ਸੈਣੀ ਖ਼ਿਲਾਫ਼ ਕੇਸ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਨਵੀਂ ਅਦਾਲਤ ਵਿੱਚ ਤਬਦੀਲ ਕੀਤਾ ਗਿਆ ਹੈ। ਨਵੀਂ ਅਦਾਲਤ ਵਿੱਚ 7 ਅਗਸਤ ਨੂੰ ਸੁਣਵਾਈ ਹੋਣੀ ਹੈ ਜਿਥੇ ਸਰਕਾਰ ਸੈਣੀ ਦੇ ਪੈਰਾਂ ਵਿੱਚ ਕਾਨੂੰਨ ਦੀਆਂ ਬੇੜੀਆਂ ਪਾਉਣ ਲਈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹਰ ਹੀਲਾ ਵਰਤ ਰਹੀ ਹੈ। ਉਧਰ ਪੁਰਾਣੇ ਸਾਥੀ ਵੀ ਹੁਣ ਸਾਬਕਾ ਡੀਜੀਪੀ ਦੀ ਬੇੜੀ ਡੁੱਬਦੀ ਹੋਈ ਦੇਖ ਅਤੇ ਆਪਣੀ ਜਾਨ ਬਚਾਉਣ ਲਈ ਛਾਲਾਂ ਮਾਰ ਕੇ ਭੱਜ ਗਏ ਹਨ। ਚੰਡੀਗੜ੍ਹ ਵਿੱਚ ਐੱਸਐੱਸਪੀ ਵਜੋਂ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੀ ਖ਼ਾਸ ਟੀਮ ਵਿਚ ਸ਼ਾਮਲ ਯੂਟੀ ਪੁਲਿਸ ਦੇ ਤਿੰਨ ਸਾਬਕਾ ਇੰਸਪੈਕਟਰ ਸੈਣੀ ਖ਼ਿਲਾਫ਼ ਵਾਅਦਾ ਮੁਆਫ਼ ਗਵਾਹ ਬਣਨ ਲਈ ਤਿਆਰ ਹੋ ਗਏ ਹਨ। ਸੁਮੇਧ ਸਿੰਘ ਸੈਣੀ ਸਮੇਤ ਛੇ ਮੁਲਜ਼ਮ ਐੱਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ, ਹਰ ਸਹਾਏ ਸ਼ਰਮਾ, ਜਗੀਰ ਸਿੰਘ, ਅਨੋਖ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਖ਼ਿਲਾਫ਼ ਮਟੌਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐੱਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਤੇ 11 ਦਸੰਬਰ 1991 ਨੂੰ ਤੜਕੇ 4 ਵਜੇ ਇੱਥੋਂ ਦੇ ਫੇਜ਼-7 ਵਿਚੋਂ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਅਤੇ ਬਾਅਦ ਵਿੱਚ ਗਾਇਬ ਕਰਨ ਦਾ ਦੋਸ਼ ਹੈ। ਹੁਣ ਸੈਣੀ ਦੇ ਤਿੰਨ ਚਹੇਤੇ ਸਾਬਕਾ ਪੁਲਿਸ ਅਧਿਕਾਰੀ ਹਰ ਸਹਾਏ ਸ਼ਰਮਾ, ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਵਾਅਦਾ ਮੁਆਫ਼ ਗਵਾਹ ਬਣਨ ਲਈ ਰਾਜ਼ੀ ਹੋ ਗਏ ਹਨ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਮੁਹਾਲੀ ਦੀ ਇਕ ਅਦਾਲਤ ਵਿੱਚ ਧਾਰਾ 164 ਤਹਿਤ ਆਪਣੇ ਬਿਆਨ ਵੀ ਦਰਜ ਕਰਵਾਉਣ ਬਾਰੇ ਪਤਾ ਲੱਗਾ ਹੈ। ਭਾਵੇਂ ਇਸ ਬਾਰੇ ਹਾਲੇ ਕਿਸੇ ਅਧਿਕਾਰੀ ਨੇ ਆਪਣੀ ਮੂੰਹ ਨਹੀਂ ਖੋਲ੍ਹਿਆ। ਬੀਤੀ 30 ਜੁਲਾਈ ਨੂੰ ਸੁਣਵਾਈ ਦੌਰਾਨ ਸਬੰਧਤ ਅਦਾਲਤ ਵਿੱਚ ਕਿਸੇ ਦੇ ਬਿਆਨ ਦਰਜ ਨਹੀਂ ਹੋਏ ਸਨ। ਮੁਹਾਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਮੁਲਤਾਨੀ ਨੂੰ ਘਰੋਂ ਚੁੱਕ ਕੇ ਲਿਜਾਉਣ ਲਈ ਵਾਲੀ ਯੂਟੀ ਪੁਲਿਸ ਦੀ ਟੀਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਸੀ। ਉਸ ਸਮੇਂ ਸੁਮੇਧ ਸੈਣੀ ਚੰਡੀਗੜ੍ਹ ਵਿੱਚ ਐੱਸਐੱਸਪੀ ਦੇ ਅਹੁਦੇ ‘ਤੇ ਤਾਇਨਾਤ ਸਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …