ਰਾਮੂਵਾਲੀਆ ਨੇ ਕਈ ਕਾਵਿ ਸੰਗ੍ਰਹਿ ਲਿਖੇ
ਚੰਡੀਗੜ੍ਹ : ਕੈਨੇਡਾ ਰਹਿੰਦੇ ਉੱਘੇ ਪੰਜਾਬੀ ਲਿਖਾਰੀ ਇਕਬਾਲ ਸਿੰਘ ਰਾਮੂਵਾਲੀਆ ਦਾ ਲੰਬੀ ਬਿਮਾਰੀ ਬਾਅਦ ਬਰੈਂਪਟਨ ਵਿੱਚ ਦੇਹਾਂਤ ਹੋ ਗਿਆ। ਉਹ 68 ਵਰ੍ਹਿਆਂ ਦੇ ਸਨ। ਉਹ ਗਦੂਦਾਂ ਦੇ ਕੈਂਸਰ ਤੋਂ ਪੀੜਤ ਸਨ। ਇਕਬਾਲ ਸਿੰਘ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਛੋਟੇ ਭਰਾ ਸਨ ਪਰ ਜਾਇਦਾਦ ਦੇ ਝਗੜੇ ਕਾਰਨ ਦੋਵੇਂ ਭਰਾਵਾਂ ਵਿੱਚ ਫਿੱਕ ਪੈ ਗਿਆ। ਉਨ੍ਹਾਂ ਦਾ ਪਿਤਾ ਕਰਨੈਲ ਰਾਮੂਵਾਲੀਆ, ਜੋ ਕਰਨੈਲ ਸਿੰਘ ਪਾਰਸ ਦੇ ਨਾਂ ਨਾਲ ਮਸ਼ਹੂਰ ਸੀ, ਉੱਘਾ ਕਵੀਸ਼ਰ ਸੀ। ਰਾਮੂਵਾਲੀਆ ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲ ਦੇ ਵਸਨੀਕ ਸਨ ਅਤੇ ਉਹ 1970 ਵਿੱਚ ਕੈਨੇਡਾ ਪਰਵਾਸ ਕਰ ਗਏ ਸਨ। ਇਸ ਤੋਂ ਪਹਿਲਾਂ ਉਹ ਸਰਕਾਰੀ ਕਾਲਜ, ਗੁਰੂਸਰ ਸੁਧਾਰ (ਲੁਧਿਆਣਾ) ਵਿਚ ਅੰਗਰੇਜ਼ੀ ਪੜ੍ਹਾਉਂਦੇ ਰਹੇ। 70ਵਿਆਂ ਵਿੱਚ ਉਨ੍ਹਾਂ ਦੀ ਸ਼ਾਇਰ ਵਜੋਂ ਪਛਾਣ ਬਣ ਗਈ ਸੀ। ਇਕਬਾਲ ਰਾਮੂਵਾਲੀਆ ਵੱਲੋਂ ‘ਸੁਲਘਦੇ ਅਹਿਸਾਸ’, ‘ਕੁਝ ਵੀ ਨਹੀਂ’, ‘ਪਾਣੀ ਦਾ ਪਰਛਾਵਾਂ’ ਅਤੇ ‘ਕਵਿਤਾ ਮੈਨੂੰ ਲਿਖਦੀ ਹੈ’ ਕਾਵਿ-ਸੰਗ੍ਰਹਿ ਲਿਖੇ। ਉਨ੍ਹਾਂ ਨੇ ਕਾਵਿ-ਨਾਟ ‘ਪਲੰਘ ਪੰਘੂੜਾ’ ਅਤੇ ਅੰਗਰੇਜ਼ੀ ਨਾਵਲ ‘ਡੈੱਥ ਆਫ ਏ ਪਾਸਪੋਰਟ’ ਅਤੇ ‘ਦਿ ਮਿਡਏਅਰ ਫਰਾਊਨ’ ਲਿਖਿਆ। ਉਨ੍ਹਾਂ ਦੀ ਸਵੈਜੀਵਨੀ ਦੋ ਭਾਗਾਂ ਵਿੱਚ ‘ਸੜਦੇ ਸਾਜ਼ ਦੀ ਸਰਗਮ’ ਅਤੇ ‘ਬਰਫ ਵਿੱਚੋਂ ਉਗਦਿਆਂ’ ਨਾਂ ਹੇਠ ਛਪੀ ਹੈ।
ਉੱਘੇ ਕਹਾਣੀਕਾਰ ਵਰਿਆਮ ਸੰਧੂ ਨੇ ਇਕਬਾਲ ਰਾਮੂਵਾਲੀਆ ਨੂੰ ਇਕ ਵਧੀਆ ਸ਼ਾਇਰ, ਚੰਗਾ ਗਲਪਕਾਰ ਤੇ ਖ਼ੂਬਸੂਰਤ ਇਨਸਾਨ ਦੱਸਿਆ। ਉਨ੍ਹਾਂ ਦੱਸਿਆ, ‘ਮੈਂ ਇਕਬਾਲ ਨੂੰ ਆਪਣੇ ਪਰਚੇ ‘ਸੀਰਤ’ ਲਈ ਆਪਣੀ ਸਵੈਜੀਵਨੀ ਲਿਖਣ ਲਈ ਮਨਾਇਆ ਸੀ। ਉਹਨੇ ‘ਸੜਦੇ ਸਾਜ਼ ਦੀ ਸਰਗਮ’ ਲਿਖੀ ਅਤੇ ਦੱਸ ਦਿੱਤਾ ਕਿ ਵਾਰਤਕ ਲਿਖਣ ਦਾ ਹੁਨਰ ਕੋਈ ਉਸਤੋਂ ਸਿੱਖੇ। ਫਿਰ ਦੂਜਾ ਭਾਗ ਲਿਖਿਆ ਤੇ ਉਹ ਵੀ ਪੁਸਤਕ ਰੂਪ ਵਿਚ ਛਪਣ ਤੋਂ ਪਹਿਲਾਂ ‘ਸੀਰਤ’ ਵਿੱਚ ਛਪਿਆ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …