27.8 C
Toronto
Saturday, October 4, 2025
spot_img
Homeਪੰਜਾਬਐਤਕੀਂ ਫਿਲਮੀ ਸਿਤਾਰਿਆਂ ਦੀ ਚਮਕ ਤੋਂ ਦੂਰ ਰਿਹਾ ਗੁਰਦਾਸਪੁਰ

ਐਤਕੀਂ ਫਿਲਮੀ ਸਿਤਾਰਿਆਂ ਦੀ ਚਮਕ ਤੋਂ ਦੂਰ ਰਿਹਾ ਗੁਰਦਾਸਪੁਰ

ਸਿਆਸੀ ਪਾਰਟੀਆਂ ਦੇ ਸਥਾਨਕ ਉਮੀਦਵਾਰ ਚੋਣ ਮੈਦਾਨ ਵਿੱਚ ਡਟੇ; ਬਹੁਕੋਨੇ ਮੁਕਾਬਲੇ ਦੇ ਆਸਾਰ
ਗੁਰਦਾਸਪੁਰ/ਬਿਊਰੋ ਨਿਊਜ਼ : ਇਸ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਫਿਲਮੀ ਸਿਤਾਰਿਆਂ ਦੀ ਚਮਕ-ਦਮਕ ਦਿਖਾਈ ਨਹੀਂ ਦੇਵੇਗੀ। ਲੋਕ ਫਿਲਮੀ ਸਿਤਾਰਿਆਂ ਦੇ ਵਾਅਦਿਆਂ ਤੇ ਭਰੋਸਿਆਂ ਤੋਂ ਤੰਗ ਆ ਚੁੱਕੇ ਹਨ। ਇਸ ਲੋਕ ਸਭਾ ਹਲਕੇ ਵਿਚ ਪਿਛਲੇ ਲਗਪਗ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਫਿਲਮੀ ਅਦਾਕਾਰ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਕਈ ਕਲਾਕਾਰ ਵੀ ਪੁੱਜਦੇ ਰਹੇ ਹਨ।
ਪਿਛਲੀ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉੱਘੇ ਫਿਲਮ ਅਦਾਕਾਰ ਸਨੀ ਦਿਓਲ ਨੇ ਚੋਣ ਜਿੱਤੀ ਸੀ। ਉਨ੍ਹਾਂ ਨੇ ਲੋਕਾਂ ਨਾਲ ਕਈ ਵਾਅਦੇ ਵੀ ਕੀਤੇ ਸਨ ਪਰ ਚੋਣ ਜਿੱਤਣ ਤੋਂ ਬਾਅਦ ਨਾ ਤਾਂ ਉਹ ਆਪਣੇ ਹਲਕੇ ਵਿੱਚ ਆਏ ਤੇ ਨਾ ਹੀ ਸੰਸਦ ਵਿੱਚ ਗਏ ਜਿਸ ਨਾਲ ਹਲਕੇ ਦੇ ਵਿਕਾਸ ਦੀ ਗੱਲ ਕਦੇ ਸਰਕਾਰ ਕੋਲ ਪੁੱਜੀ ਹੀ ਨਹੀਂ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕਈ ਵਾਰ ਤਾਂ ਵਿਰੋਧੀ ਧਿਰਾਂ ਵੱਲੋਂ ਸੰਸਦ ਮੈਂਬਰ ਦੀ ਗੁਮਸ਼ੁਦਗੀ ਦੇ ਪੋਸਟਰ ਵੀ ਹਲਕੇ ਵਿੱਚ ਲਾਏ ਗਏ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਲਕੇ ਦੇ ਵਿਕਾਸ ਕੰਮ ਕਰਵਾਉਣ ਲਈ ਕਿਸੇ ਫਿਲਮੀ ਕਲਾਕਾਰ ਦੀ ਲੋੜ ਨਹੀਂ ਸਗੋਂ ਸਥਾਨਕ ਪ੍ਰਤੀਨਿਧਾਂ ਦੀ ਲੋੜ ਹੈ ਜੋ ਉਨ੍ਹਾਂ ਦੇ ਸੁੱਖ ਦੁੱਖ ਦੇ ਭਾਈਵਾਲ ਬਣ ਸਕਣ।
ਦੱਸਣਯੋਗ ਹੈ ਕਿ 1998, 1999, 2004 ਅਤੇ ਮੁੜ 2014 ਵਿੱਚ ਫਿਲਮ ਅਦਾਕਾਰ ਵਿਨੋਦ ਖੰਨਾ ਨੇ ਭਾਜਪਾ ਉਮੀਦਵਾਰ ਵਜੋਂ ਇਸ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ। 2017 ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਈ ਉਪ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਚੋਣ ਜਿੱਤੀ ਪਰ 2019 ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਮੁੜ ਭਾਜਪਾ ਵੱਲੋਂ ਫਿਲਮੀ ਅਦਾਕਾਰ ਸਨੀ ਦਿਓਲ ਨੂੰ ਭਾਜਪਾ ਉਮੀਦਵਾਰ ਬਣਾਇਆ ਗਿਆ ਅਤੇ ਸਨੀ ਦਿਓਲ ਚੋਣ ਜਿੱਤ ਗਏ। ਇਸ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਭਾਜਪਾ ਵੱਲੋਂ ਦਿਨੇਸ਼ ਬੱਬੂ, ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ, ‘ਆਪ’ ਵੱਲੋਂ ਅਮਨ ਸ਼ੇਰ ਸਿੰਘ ਕਲਸੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾ. ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹਮਾਇਤ ਪ੍ਰਾਪਤ ਗੁਰਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਬਸਪਾ ਦੇ ਰਾਜਕੁਮਾਰ ਵੀ ਚੋਣ ਪਿੜ ਵਿੱਚ ਹਨ। ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਚਾਰ ਵਾਰ ਕਾਂਗਰਸ ਵੱਲੋਂ ਵਿਧਾਇਕ ਬਣ ਚੁੱਕੇ ਹਨ, ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, ਆਪ ਦੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਇਸ ਵੇਲੇ ‘ਆਪ’ ਦੇ ਮੌਜੂਦਾ ਵਿਧਾਇਕ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਅਕਾਲੀ-ਭਾਜਪਾ ਸਰਕਾਰ ਵੇਲੇ ਦੋ ਵਾਰ ਕੈਬਨਿਟ ਮੰਤਰੀ ਰਹਿ ਚੁੱਕੇ ਹਨ।

 

RELATED ARTICLES
POPULAR POSTS