ਆਗੂਆਂ ਵੱਲੋਂ ਲਗਾਤਾਰ ਪਾਰਟੀਆਂ ਬਦਲਣ ਤੋਂ ਬਾਅਦ ਸ਼ਸ਼ੋਪੰਜ ‘ਚ ਪਏ ਵੋਟਰ
ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਜਲੰਧਰ ਤੋਂ ਬਹੁਤੇ ਉਮੀਦਵਾਰ ਅਜਿਹੇ ਹਨ, ਜਿਹੜੇ ਇੱਕ ਸਿਆਸੀ ਪਾਰਟੀ ਛੱਡ ਕੇ ਦੂਜੀ ਅਤੇ ਤੀਜੀ ਪਾਰਟੀ ‘ਚ ਵੀ ਸ਼ਾਮਲ ਹੋਏ ਹਨ। ਵੋਟਰਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਹੈ ਕਿ ਉਹ ਉਮੀਦਵਾਰ ਦੇਖ ਕੇ ਵੋਟ ਪਾਉਣ ਜਾਂ ਪਾਰਟੀ ਦੇਖ ਕੇ।
ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਸ ‘ਚ ਪਹਿਲੇ ਸਥਾਨ ‘ਤੇ ਹਨ, ਜਿਨ੍ਹਾਂ ਮੌਜੂਦਾ ਸੰਸਦ ਮੈਂਬਰ ਵਜੋਂ ਟਿਕਟ ਛੱਡ ਕੇ ਪਲਟੀ ਮਾਰੀ ਹੈ। ਆਮ ਆਦਮੀ ਪਾਰਟੀ ਦੇ ਮੌਜੂਦਾ ਉਮੀਦਵਾਰ ਪਵਨ ਟੀਨੂੰ ਪਹਿਲਾਂ ਵੀ ਇਸ ਹਲਕੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਅਕਾਲੀ ਦਲ ਤੋਂ ਪਹਿਲਾਂ ਉਹ ਬਸਪਾ ‘ਚ ਸਨ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਵੀ ਪਹਿਲਾਂ ਇਸ ਹਲਕੇ ਤੋਂ ਬਤੌਰ ਕਾਂਗਰਸੀ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ।
ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕੰਮ ਦੇਖ ਕੇ ਹੀ ਵੋਟ ਪਾਉਣਗੇ, ਉਮੀਦਵਾਰਾਂ ਦਾ ਪਤਾ ਨਹੀਂ ਕਦੋਂ ਪਲਟੀ ਮਾਰ ਜਾਣ। ਕਿਹਾ ਜਾ ਰਿਹਾ ਹੈ ਕਿ ਜਦੋਂ ਅਜਿਹੇ ਹਾਲਾਤ ਬਣੇ ਹੋਣ ਤਾਂ ਆਮ ਵੋਟਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਸ ਨਾਲ ਬਣਾ ਕੇ ਰੱਖਣ ਅਤੇ ਕਿਸ ਦਾ ਪਿੰਡ ਪੱਧਰ ‘ਤੇ ਵਿਰੋਧ ਕਰਨ। ਮੁੱਖ ਉਮੀਦਵਾਰਾਂ ‘ਚੋਂ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਹੀ ਅਜਿਹੇ ਉਮੀਦਵਾਰ ਹਨ, ਜਿਹੜੇ ਲਗਾਤਾਰ ਇੱਕੋ ਪਾਰਟੀ ‘ਚ ਹਨ ਅਤੇ ਉਹ ਇਸ ਹਲਕੇ ਅਤੇ ਕਰਤਾਰਪੁਰ ਵਿਧਾਨ ਸਭਾ ਸੀਟ ਤੋਂ ਬਸਪਾ ਵੱਲੋਂ ਪਹਿਲਾਂ ਵੀ ਚੋਣ ਲੜ ਚੁੱਕੇ ਹਨ। ਇਸੇ ਤਰ੍ਹਾਂ ਸੀਪੀਐੱਮ ਦੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਬਿਲਗਾ ਵੀ ਫਿਲੌਰ ਤੇ ਨਕੋਦਰ ਵਿਧਾਨ ਸਭਾ ਦੀ ਸੀਟ ਤੋਂ ਸੀਪੀਐੱਮ ਵੱਲੋਂ ਚੋਣ ਲੜ ਚੁੱਕੇ ਹਨ।
ਉਨ੍ਹਾਂ ਕਦੇ ਪਾਰਟੀ ਨਹੀਂ ਬਦਲੀ। ਮਾਸਟਰ ਬਿਲਗਾ ਨੇ ਕਿਹਾ ਕਿ ਕਿਸੇ ਵੇਲੇ ਕਿਸੇ ਵਿਅਕਤੀ ਦੇ ਵਿਚਾਰ ਬਦਲ ਸਕਦੇ ਹਨ ਪਰ ਉਸ ਨੂੰ ਇਹ ਮਤਭੇਦ ਜਨਤਕ ਕਰਨੇ ਚਾਹੀਦੇ ਹਨ।
Check Also
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਥਾ ਨਹੀਂ ਭੇਜੇਗੀ ਸ਼੍ਰੋਮਣੀ ਕਮੇਟੀ
ਐਸਜੀਪੀਸੀ ਦੇ ਸਕੱਤਰ ਵਲੋਂ ਦਿੱਤੀ ਗਈ ਜਾਣਕਾਰੀ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ ਮਨਾਈ ਜਾ ਰਹੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਲਹਿੰਦੇ ਪੰਜਾਬ ਨਹੀਂ ਭੇਜਿਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਵਿਖੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਂਦਾ ਹੈ, ਪ੍ਰੰਤੂ ਇਸ ਵਾਰ ਦੋਹਾਂ ਦੇਸ਼ਾਂ ਵਿਚ ਬਣੇ ਤਨਾਅ ਵਾਲੇ ਮਾਹੌਲ ਅਤੇ ਭਾਰਤ ਸਰਕਾਰ ਵੱਲੋਂ ਯਾਤਰਾ ਸਬੰਧੀ ਲਾਈਆਂ ਪਾਬੰਦੀਆਂ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਇਹ ਜਥਾ ਨਾ ਭੇਜਣ ਦਾ ਫੈਸਲਾ ਲਿਆ ਹੈ।